ਵਰਕਰਾਂ ਦੀ ਪੁਕਾਰੇ ਆਤਮਾ –ਸਾਲੇ ਭੈਣੋਈਏ ਨੇ ਅਕਾਲੀ ਦਲ ਦਾ ਕੀਤਾ ਖ਼ਾਤਮਾ : ਜਥੇ. ਅਮਰੀਕ ਸਿੰਘ ਮੁਹਾਲੀ

ਏਜੰਸੀ

ਖ਼ਬਰਾਂ, ਪੰਜਾਬ

ਵਰਕਰਾਂ ਦੀ ਪੁਕਾਰੇ ਆਤਮਾ –ਸਾਲੇ ਭੈਣੋਈਏ ਨੇ ਅਕਾਲੀ ਦਲ ਦਾ ਕੀਤਾ ਖ਼ਾਤਮਾ : ਜਥੇ. ਅਮਰੀਕ ਸਿੰਘ ਮੁਹਾਲੀ

image

ਐਸ.ਏ.ਐਸ. ਨਗਰ 11 ਮਾਰਚ (ਸੁਖਦੀਪ ਸਿੰਘ ਸੋਈਂ) : ਟਕਸਾਲੀ ਅਕਾਲੀ ਆਗੂ ਜਥੇਦਾਰ ਅਮਰੀਕ ਸਿੰਘ ਮੁਹਾਲੀ ਨੇ ਅੱਜ ਬੜੇ ਦੁੱਖ ਭਰੇ ਮਨ ਅਤੇ ਅਫ਼ਸੋਸ ਨਾਲ ਕਿਹਾ ਕਿ ਪੰਥਕ ਪਾਰਟੀ ਪੰਜਾਬੀਅਤ ਦੀ ਪਾਰਟੀ ਜਿਸ ਪਾਰਟੀ ਨੂੰ ਇਕ ਸਦੀ ਪਹਿਲਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰ ਛਾਇਆ ਹੇਠ ਬਣਾਇਆ ਗਿਆ ਜਿਸਦਾ ਨਾਮ ਸ਼੍ਰੋਮਣੀ ਅਕਾਲੀ ਦਲ ਰੱਖਿਆ ਗਿਆ ਹੋਵੇ ਜੋ ਸ਼ਹੀਦਾਂ ਦੀਆਂ ਕੁਰਬਾਨੀਆਂ ਨਾਲ ਭਰਪੂਰ ਹੋਵੇ ਅੱਜ ਉਸ ਪਾਰਟੀ ਦਾ ਹਸ਼ਰ ਮਹਿਜ ਕੇਵਲ ਤੇ ਕੇਵਲ ਵਿਧਾਨ ਸਭਾ ਚੋਣਾਂ ਵਿਚ ਤਿੰਨ ਸੀਟਾਂ ਤਕ ਸਿਮਟ ਕੇ ਰਹਿ ਗਿਆ। ਜਿਸਦੇ ਜ਼ਿੰਮੇਵਾਰ ਸੁਖਬੀਰ ਸਿੰਘ ਬਾਦਲ , ਬਿਕਰਮ ਸਿੰਘ ਮਜੀਠੀਆ ਅਤੇ ਵਿਸ਼ੇਸ਼ ਤੌਰ ਤੇ ਬਾਦਲ ਪ੍ਰਵਾਰ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ। 
ਇਥੇ ਇਹ ਗੱਲ ਵੀ ਕਰਨ ਤੇ ਗੁਰੇਜ਼ ਨਹੀਂ ਕੀਤੀ ਜਾਂਦੀ ਕਿ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਈ ਅਤੇ ਜਿਨ੍ਹਾਂ ਨੇ ਕੀਤੀ ਦੋਨੇ ਧਿਰਾਂ ਅੱਜ ਪੰਜਾਬ ਵਿਚੋਂ ਸਖਣੀਆਂ ਹੋ ਗਈਆਂ ਹਨ ਕਿਉਂਕਿ ਗੁਰੂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਕਿਸੇ ਨੂੰ ਮੁਆਫ਼ ਨਹੀਂ ਕਰਦਾ , ਇਹ ਗੱਲ ਕਦੇ ਭੁਲਣੀ ਨਹੀਂ ਚਾਹੀਦੀ। ਬਾਦਲ ਪ੍ਰਵਾਰ ਨੇ ਜਥੇਦਾਰਾਂ ਦੀਆਂ ਕੁਰਬਾਨੀਆਂ ਦਾ ਮੁੱਲ ਵਟਿਆ , ਵਰਕਰਾਂ ਦੇ ਪਹਿਰੇਦਾਰੀ ਦੀ ਖੱਟੀ ਖਾਧੀ, ਸਰਕਾਰ ਬਣਾ ਕੇ ਅਪਣੇ ਮਹਿਲ ਮੁਨਾਰੇ, ਜ਼ਮੀਨ ਜਾਇਦਾਦਾਂ  ਅਤੇ ਵਿਦੇਸ਼ਾਂ ਵਿਚ ਹੋਟਲ ਬਣਾਏ ਅਤੇ ਜਥੇਦਾਰਾਂ ਨੂੰ ਮਿਲਣ ਤੋਂ ਵੀ ਹੁੱਜਾਂ ’ਤੇ ਕੁਹਣੀਆਂ ਮਰਵਾਉਂਦੇ ਸਨ। ਉਨ੍ਹਾਂ ਕਿਹਾ ਕਿ ਇਹ ਗੱਲ ਬਹੁਤ ਹੀ  ਭਰੇ ਮਨ ਨਾਲ ਕਹਿਣੀ ਚਾਹੁੰਦਾ ਹਾਂ ਕਿਸ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮਿਲਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੋ ਦੋ ਘੰਟੇ ਬਾਹਰ ਉਡੀਕਦੇ ਰਹਿੰਦੇ ਅਤੇ ਇਸ ਤੋਂ ਉਲਟ ਸਿਰਸੇ ਵਾਲੇ ਸਾਧ ਵਰਗੇ ਤੇ ਨੱਚਣ ਟੱਪਣ ਵਾਲੇ ਕਲਾਕਾਰ ਉਨ੍ਹਾਂ ਨਾਲ ਹਾਸਾ ਠੱਠਾ ਕਰਦੇ ਆਮ ਵਿਖਾਈ ਦਿੰਦੇ। ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਜੋ ਅੱਜ ਪੰਜਾਬ ਵਿਚ ਅਕਾਲੀ ਦਲ ਦਾ ਹਾਲ ਹੋਇਆ ਉਸ ਦੇ ਕਾਰਨ ਕੇਵਲ ਤੇ ਕੇਵਲ ਆਪਣਾ ਢਿੱਡ ਭਰਨਾ, ਵਰਕਰਾਂ ਦੀਆਂ ਬੇਇਜ਼ਤੀਆਂ ਕਰਨੀਆਂ ਅਤੇ ਇਸ ਤੋਂ ਵੀ ਵੱਡੀ ਗੱਲ ਗੁਰੂ ਦੀ ਬੇਅਦਬੀ ਕਰਵਾਉਣੀ ਅਤੇ ਫਿਰ ਬੇਅਦਬੀ ਕਰਨ ਵਾਲਿਆਂ ਨੂੰ ਮੁਆਫ ਕਰਨਾ  ਤੇ ਫਿਰ ਰਾਜ ਕਰਨ ਦੀ ਸੋਚਣਾ ਅਤੇ ਸੋਚ ਰੱਖਣੀ ਕਦੇ ਵੀ ਪੰਜਾਬ ਦੇ ਪਹਿਰੇਦਾਰ ਵਰਕਰ ਬਰਦਾਸ਼ਤ ਨਹੀਂ ਕਰ ਸਕਦੇ। 
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਵਿੱਚ ਉਤੇ ਨਜ਼ਰ ਮਾਰੀਏ ਤਾਂ ਪਹਿਲਾ ਕੁਰਬਾਨੀਆਂ ਵਾਲਾ ਅਕਾਲੀ ਦਲ ਅਤੇ ਬਾਦਲਾਂ ਦਾ ਅਕਾਲੀ ਦਲ ਵਿੱਚ ਟਾਵਾਂ ਟਾਵਾਂ ਜਥੇਦਾਰ ਨਜ਼ਰ ਆਉਂਦਾ ਹੈ। ਅਤੇ ਟਕਸਾਲੀ ਅਕਾਲੀ ਆਗੂ ਪਾਰਟੀ ਨੂੰ ਅਲਵਿਦਾ ਅਤੇ ਬਾਦਲਾਂ ਤੋਂ ਖਹਿੜਾ ਛੁੱਡਾ ਕੇ ਘਰ ਬੈਠ ਚੁੱਕੇ ਹਨ। ਉਨ੍ਹਾਂ ਅਫਸੋਸ ਜਾਹਿਰ ਕਰਦਿਆਂ ਕਿਹਾ ਕਿ ਉਹ ਪ੍ਰਕਾਸ਼ ਸਿੰਘ ਬਾਦਲ ਜੋ ਕਿ 95 ਸਾਲ ਦੇ ਹੋ ਚੁੱਕੇ ਹਨ ਉਨ੍ਹਾਂ ਦੀ ਹਾਲੇ ਰੂਹ ਅਤੇ ਮਨ ਨਹੀਂ ਰਜਿਆ ਉਨ੍ਹਾਂ ਦਾ ਦਿਲ ਵਿੱਚ ਲਾਲਚ ਹੈ ਅੱਜ ਪੰਜਾਬ ਦੇ ਮੁੱਖ ਮੰਤਰੀ ਬਣਨ। ਜਦੋਂ ਕਿ ਜਥੇਬੰਦੀ ਵਿੱਚ ਕੁਰਬਾਨੀਆਂ ਅਤੇ ਸੇਵਾ ਭਾਵਨਾ ਵਾਲੇ ਬਹੁਤ ਹਨ ਉਨ੍ਹਾਂ ਨੂੰ ਵੀ ਮੌਕਾ ਦੇਣਾ ਚਾਹੀਦਾ ਸੀ । ਪਰ ਇਹ ਵੀ ਚੰਗਾ ਹੋਇਆ ਕਿ ਬਾਦਲ ਪਰਿਵਾਰ ਨੇ ਇਹ ਹਸ਼ਰ ਆਪਣੀਆਂ ਅੱਖਾਂ ਨਾਲ ਦੇਖ ਲਿਆ। ਹੁਣ ਜੇਕਰ ਪਾਰਟੀ ਦਾ ਭਲਾ ਚਾਹੁੰਦੇ ਹਨ ਤਾਂ ਪੰਜਾਬ ਦੇ ਲੋਕਾਂ ਦੀ ਨਜ਼ਬ ਤੇ ਹੱਥ ਰੱਖਣ ਅਤੇ ਕਿਨਾਰਾ ਕਰਕੇ ਨਵੇਂ ਚਿਹਰਿਆਂ ਨੂੰ ਮੌਕਾ ਦੇਵੇ ਤਾਂ ਜੋ ਪੰਥਕ ਰਿਵਾਇਤਾਂ ਨੂੰ ਕਾਇਮ ਰੱਖਿਆ ਜਾ ਸਕੇ। 
photo 11-8