ਜੋ ਕਹਿੰਦੇ ਸੀ ਬੇਅਦਬੀ ਕਰਵਾਉਣ ਵਾਲਿਆਂ ਦਾ ਕੱਖ ਨਾ ਰਹੇ ਸੱਚੀ ਉਹਨਾਂ ਦਾ ਕੱਖ ਨਹੀਂ ਰਿਹਾ - ਜਾਖੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਪਣੇ ਭਤੀਜੇ ਦੀ ਜਿੱਤ ਉਪਰੰਤ ਦਰਬਾਰ ਸਾਹਿਬ ਨਤਮਸਤਕ ਹੋਏ ਸੁਨੀਲ ਜਾਖੜ

Sunil Kumar Jakhar

 

ਅੰਮ੍ਰਿਤਸਰ - ਅਬੋਹਰ ਤੋਂ ਕਾਂਗਰਸੀ ਉਮੀਦਵਾਰ ਸੰਦੀਪ ਜਾਖੜ ਦੀ ਜਿੱਤ ਹੋਈ ਹੈ ਤੇ ਸੁਨੀਲ ਜਾਖੜ ਨੇ ਆਪਣੇ ਭਤੀਜੇ ਦੀ ਜਿੱਤ ਉਪਰੰਤ ਸ਼ੁੱਕਰਵਾਰ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਆਪਣੇ ਭਤੀਜੇ ਦੀ ਜਿੱਤ ਦੀ ਖੁਸ਼ੀ 'ਚ ਦਰਬਾਰ ਸ੍ਰੀ ਹਰਮੰਦਿਰ ਸਾਹਿਬ ਵਿਖੇ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਵੀ ਕੀਤੀ ਤੇ ਇਸ ਪਵਿੱਤਰ ਸਥਾਨ 'ਤੇ ਕਿਸੇ ਵੀ ਰਾਜਨੀਤਿਕ ਗੱਲਬਾਤ ਕਰਨ ਤੋਂ ਗੁਰੇਜ਼ ਕੀਤਾ

ਪਰ ਜਦੋਂ ਪੱਤਰਕਾਰਾਂ ਨੇ ਸਵਾਲ ਕੀਤੇ ਤਾਂ ਉਹਨਾਂ ਨੇ ਕਿਹਾ ਕਿ ''ਮੈਂ ਕਿਸੇ ਦੀ ਹਾਰ ਜਿੱਤ ਦੀ ਗੱਲ ਨਹੀਂ ਕਰਦਾ ਸਿਰਫ਼ ਇਹ ਹੀ ਕਹਾਂਗਾ ਕਿ ਗੁਰੂ ਘਰ ਦੇ ਨਾਲ ਜਿਸ ਨੇ ਵੀ ਮੱਥਾ ਲਾਇਆ ਹੈ, ਚਾਹੇ ਕਿਸੇ ਨੇ ਬੇਅਦਬੀਆਂ ਕਰਵਾਈਆਂ ਜਾਂ ਕਿਸੇ ਨੇ ਗੁਰੂ ਦੀ ਓਟ ਲੈ ਕੇ ਗੁਰੂ ਦੀਆਂ ਪੁਸ਼ਾਕਾਂ ਪਾ ਕੇ ਵੋਟਾਂ ਲਈ ਡੇਰਾ ਨੁਮਾ ਦੁਕਾਨਾਂ ਖੋਲ੍ਹੀਆ ਨੇ, ਕੱਲ੍ਹ ਉਹਨਾਂ ਦਾ ਜੋ ਹਸ਼ਰ ਹੋਇਆ ਹੈ ਉਹ ਗੁਰੂ ਦੀ ਨਿਗਾਹ 'ਚ ਹੋਇਆ ਹੈ।'' ਇਸ ਦੇ ਨਾਲ ਹੀ ਉਹਨਾਂ ਨੇ ਅਕਾਲੀ ਦਲ ਬਾਦਲ ਦੀ ਹਾਰ ਬਾਰੇ ਹਰਸਿਮਰਤ ਕੌਰ ਬਾਦਲ ਦੇ ਬਿਆਨ ਨੂੰ ਆਧਾਰ ਬਣਾਉਂਦੇ ਹੋਏ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਕਿਹਾ ਸੀ ਕਿ ਬੇਅਦਬੀ ਕਰਵਾਉਣ ਵਾਲਿਆਂ ਦਾ ਕੁੱਝ ਨਾ ਬਚੇ ਤਾਂ ਉਨ੍ਹਾਂ ਦੀ ਗੱਲ ਵੀ ਸੱਚ ਹੋ ਚੁੱਕੀ ਹੈ ਤੇ ਉਹਨਾਂ ਦਾ ਕੁੱਝ ਨਹੀਂ ਰਿਹਾ।

ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਗੁਟਕਾ ਸਾਹਿਬ ਦੀ ਸਹੁੰ ਚੁੱਕਣ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਇਹ ਹਰ ਇਕ ਵਿਅਕਤੀ 'ਤੇ ਲਾਗੂ ਹੁੰਦਾ ਹੈ, ਜਿਨ੍ਹਾਂ ਨੇ ਵੀ ਗੁਰੂ ਘਰ ਵਿਚ ਆ ਕੇ ਜਾਂ ਕੋਲ ਖੜ੍ਹ ਕੇ ਝੂਠ ਬੋਲਿਆ, ਉਨ੍ਹਾਂ ਨੂੰ ਇਨ੍ਹਾਂ ਚੋਣਾਂ ਵਿਚ ਖਮਿਆਜ਼ਾ ਭੁਗਤਣਾ ਪਿਆ ਹੈ ਤੇ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ।