ਮਣੀਕਰਨ 'ਚ ਗੁੰਡਾਗਰਦੀ: ਹਿਮਾਚਲ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ DGP ਨੇ ਬਣਾਈ SIT
ਕਈ ਦਿਨ ਬੀਤ ਜਾਣ ਦੇ ਬਾਵਜੂਦ ਕੁੱਲੂ ਪੁਲਿਸ ਖਾਲੀ ਹੱਥ ਹੈ ਅਤੇ ਹੁੜਦੰਗੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ।
ਸ਼ਿਮਲਾ - ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੇ ਧਾਰਮਿਕ ਕਸਬੇ ਮਣੀਕਰਨ ਵਿਚ ਕੁੱਝ ਸੈਲਾਨੀਆਂ ਵੱਲੋਂ ਕੀਤੀ ਗਈ ਗੁੰਡਾਗਰਦੀ ਦੀ ਜਾਂਚ ਲਈ ਐਸਆਈਟੀ ਦਾ ਗਠਨ ਕੀਤਾ ਗਿਆ ਹੈ। ਇਸ ਮਾਮਲੇ 'ਚ ਹਿਮਾਚਲ ਹਾਈ ਕੋਰਟ ਵੱਲੋਂ ਖੁਦ ਨੋਟਿਸ ਲਏ ਜਾਣ ਤੋਂ ਬਾਅਦ ਡੀਜੀਪੀ ਸੰਜੇ ਕੁੰਡੂ ਹੁਣ ਹਲਚਲ ਵਿਚ ਆ ਗਏ ਹਨ। ਪੂਰੇ ਮਾਮਲੇ 'ਚ ਕਈ ਦਿਨ ਬੀਤ ਜਾਣ ਦੇ ਬਾਵਜੂਦ ਕੁੱਲੂ ਪੁਲਿਸ ਖਾਲੀ ਹੱਥ ਹੈ ਅਤੇ ਹੁੜਦੰਗੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਮਾਮਲੇ ਦੀ ਜਾਂਚ ਲਈ ਬਣਾਈ ਗਈ ਐਸਆਈਟੀ ਵਿਚ ਡੀਆਈਜੀ ਮਧੂਸੂਦਨ ਨੂੰ ਚੇਅਰਮੈਨ, ਐਸਪੀ ਕੁੱਲੂ ਸਾਕਸ਼ੀ ਵਰਮਾ ਅਤੇ ਤੀਜੀ ਬਟਾਲੀਅਨ ਦੇ ਭਗਤ ਸਿੰਘ ਠਾਕੁਰ ਨੂੰ ਮੈਂਬਰ ਬਣਾਇਆ ਗਿਆ ਹੈ। ਮਾਮਲੇ ਦਾ ਨੋਟਿਸ ਲੈਂਦਿਆਂ ਹਿਮਾਚਲ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਮੁੱਖ ਸਕੱਤਰ ਸਮੇਤ ਪੁਲਿਸ ਪ੍ਰਸ਼ਾਸਨ ਨੂੰ ਨੋਟਿਸ ਜਾਰੀ ਕੀਤਾ ਹੈ।
ਕਾਰਜਕਾਰੀ ਚੀਫ਼ ਜਸਟਿਸ ਸਬੀਨਾ ਅਤੇ ਜਸਟਿਸ ਸਤਯੇਨ ਵੈਦਿਆ ਦੀ ਡਿਵੀਜ਼ਨ ਬੈਂਚ ਨੇ ਇਹ ਹੁਕਮ ਦਿੱਤਾ ਹੈ ਅਤੇ ਹੁਣ ਇਸ ਮਾਮਲੇ ਦੀ ਸੁਣਵਾਈ 13 ਮਾਰਚ ਨੂੰ ਹੋਵੇਗੀ। ਅਦਾਲਤ ਨੇ ਇਸ ਖ਼ਬਰ ਦਾ ਖ਼ੁਦ ਨੋਟਿਸ ਲਿਆ ਹੈ। ਅਦਾਲਤ ਨੇ ਮੁੱਖ ਸਕੱਤਰ ਸਮੇਤ ਪ੍ਰਮੁੱਖ ਸਕੱਤਰ (ਗ੍ਰਹਿ), ਪੁਲਿਸ ਡਾਇਰੈਕਟਰ ਜਨਰਲ, ਕੁੱਲੂ ਅਤੇ ਬਿਲਾਸਪੁਰ ਦੇ ਡੀਸੀ ਅਤੇ ਐਸਪੀ ਤੋਂ ਜਵਾਬ ਮੰਗਿਆ ਹੈ।