ਪਠਾਨਕੋਟ ਪੁਲਿਸ ਨੇ ਨਜਾਇਜ਼ ਮਾਈਨਿੰਗ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

2 ਟਿੱਪਰਾਂ ਅਤੇ 1 JCB ਸਮੇਤ 4 ਕਾਬੂ

PHOTO

 

ਪਠਾਨਕੋਟ:  ਪਠਾਨਕੋਟ  ਜ਼ਿਲ੍ਹੇ ਦੀ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਜ਼ਿਲ੍ਹੇ ਦੇ ਐਸਐਸਪੀ ਹਰਕਮਲਪ੍ਰੀਤ ਖੱਖ ਦੀ ਟੀਮ ਨੇ ਨਾਜਾਇਜ਼ ਮਾਈਨਿੰਗ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਥਾਣਾ ਸਦਰ ਦੇ ਇੰਸਪੈਕਟਰ ਹਰਪ੍ਰੀਤ ਬਾਜਵਾ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਨਾਜਾਇਜ਼ ਮਾਈਨਿੰਗ ਦੇ ਧੰਦੇ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਉਨ੍ਹਾਂ ਨੇ ਪਿੰਡ ਸਿੰਬਲੀ ਗੁੱਜਰਾ ਤੋਂ ਨਾਜਾਇਜ਼ ਮਾਈਨਿੰਗ ਕਰਦੇ ਚਾਰ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਹ ਕਾਰਵਾਈ ਡੀਐਸਪੀ ਦਿਹਾਤੀ ਸੁਮੀਰ ਸਿੰਘ ਮਾਨ ਦੀ ਦੇਖ-ਰੇਖ ਹੇਠ ਕੀਤੀ ਗਈ ਹੈ। ਮੁਲਜ਼ਮ ਪਿੰਡ ਤਲਵਾੜਾ ਵਿਖੇ ਅੰਬਰ ਸਟੋਨ ਕਰੱਸ਼ਰ ਚਲਾ ਰਹੇ ਸਨ ਅਤੇ ਦੋ ਟਿੱਪਰ ਅਤੇ ਇੱਕ ਜੇਸੀਬੀ ਮਸ਼ੀਨ ਦੀ ਖੁਦਾਈ ਲਈ ਵਰਤੋਂ ਕਰ ਰਹੇ ਸਨ।  

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸੀਨੀਅਰ ਪੁਲਿਸ ਕਪਤਾਨ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਸੁਨੀਲ ਕੁਮਾਰ ਜੇ.ਈ ਮਾਈਨਿੰਗ ਇੰਸਪੈਕਟਰ ਸਬ ਡਵੀਜ਼ਨ ਪਠਾਨਕੋਟ ਨੇ ਪੁਲਿਸ ਨੂੰ ਨਜਾਇਜ਼ ਮਾਈਨਿੰਗ ਕਰਨ ਦੀ ਸੂਚਨਾ ਦਿੱਤੀ, ਜਿਸ ਤੋਂ ਬਾਅਦ ਇਹ ਸਾਂਝੀ ਕਾਰਵਾਈ ਕੀਤੀ ਗਈ।
ਮਾਈਨਿੰਗ ਵਿਭਾਗ ਤੋਂ ਮਿਲੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਥਾਣਾ ਸਦਰ ਦੀ ਅਗਵਾਈ ਹੇਠਲੀ ਪੁਲਿਸ ਟੀਮ ਨੇ ਤਲਾਸ਼ੀ ਦੌਰਾਨ ਮੁਲਜ਼ਮਾਂ ਵੱਲੋਂ ਨਾਜਾਇਜ਼ ਮਾਈਨਿੰਗ ਕੀਤੀ ਜ਼ਮੀਨ ਦੇ ਵੱਡੇ ਹਿੱਸੇ ਦਾ ਪਰਦਾਫਾਸ਼ ਕੀਤਾ। ਪੁਲਿਸ ਟੀਮ ਨੇ ਦੋ ਟਿੱਪਰ ਪੀ.ਬੀ.35 ਕਿਊ.9327 ਅਤੇ ਐਚ.ਪੀ.38 ਜੀ 2283 ਅਤੇ ਜੇ.ਸੀ.ਬੀ ਮਸ਼ੀਨਾਂ ਸਮੇਤ ਗੈਰ-ਕਾਨੂੰਨੀ ਮਾਈਨਿੰਗ ਦੇ ਕੰਮਾਂ ਵਿੱਚ ਵਰਤੇ ਜਾਂਦੇ ਸਾਜ਼ੋ-ਸਾਮਾਨ ਨੂੰ ਵੀ ਜ਼ਬਤ ਕੀਤਾ ਹੈ।

ਮੁਲਜ਼ਮਾਂ ਦੀ ਪਛਾਣ ਅਰਜੁਨ ਪੁੱਤਰ ਮਦਨ ਲਾਲ ਵਾਸੀ ਤਲਵਾੜਾ ਜਟਾਨ ਸੁਨੀਲ ਕੁਮਾਰ ਪੁੱਤਰ ਰਾਮ ਜੀ ਲਾਲ ਵਾਸੀ ਤਲਵਾੜ ਗੁਜਰਾਂ ਪੁੱਤਰ ਗੁਰਦਿਆਲ ਸਿੰਘ ਵਾਸੀ ਤਬੂਆ ਅਤੇ ਲਾਲ ਚੰਦ ਪੁੱਤਰ ਚੰਨਣ ਰਾਮ ਲਹਿਰੀ ਬਹਿਰਾਮਣਾ ਵਜੋਂ ਹੋਈ ਹੈ। ਪਠਾਨਕੋਟ ਪੁਲਿਸ ਨੇ ਲੋਕਾਂ ਨੂੰ ਇਲਾਕੇ ਵਿੱਚ ਗੈਰ-ਕਾਨੂੰਨੀ ਮਾਈਨਿੰਗ ਗਤੀਵਿਧੀਆਂ ਸਬੰਧੀ ਕਿਸੇ ਵੀ ਤਰ੍ਹਾਂ ਦੀ ਸੂਚਨਾ ਦੇਣ 'ਤੇ ਅੱਗੇ ਆਉਣ ਦੀ ਅਪੀਲ ਕੀਤੀ ਹੈ ਅਤੇ ਤੁਰੰਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।