ਪੇਟੈਂਟ ਫਾਈਲ ਕਰਨ ਵਿੱਚ ਪੰਜਾਬ ਛੇਵੇਂ ਤੋਂ ਪੰਜਵੇਂ ਸਥਾਨ 'ਤੇ ਪਹੁੰਚਿਆ
IPR ਸਾਲਾਨਾ ਰਿਪੋਰਟ ਵਿਚ ਹੋਇਆ ਖ਼ੁਲਾਸਾ
ਮੋਹਾਲੀ : ਇਸ ਵਾਰ ਪੰਜਾਬ ਪੇਟੈਂਟ ਫਾਈਲ ਕਰਨ ਵਿੱਚ ਦੇਸ਼ ਵਿੱਚ ਪੰਜਵੇਂ ਸਥਾਨ 'ਤੇ ਹੈ, ਪਿਛਲੀ ਵਾਰ ਛੇਵੇਂ ਸਥਾਨ 'ਤੇ ਸੀ। ਮਹਾਰਾਸ਼ਟਰ ਦੀ ਬਜਾਏ ਇਸ ਵਾਰ ਤਾਮਿਲਨਾਡੂ ਨੇ ਦੇਸ਼ 'ਚ ਪਹਿਲਾ ਸਥਾਨ ਹਾਸਲ ਕੀਤਾ ਹੈ। ਪੇਟੈਂਟਸ, ਡਿਜ਼ਾਈਨ, ਟ੍ਰੇਡਮਾਰਕਸ ਅਤੇ ਭੂਗੋਲਿਕ ਸੰਕੇਤਾਂ ਦੇ ਕੰਟਰੋਲਰ ਜਨਰਲ ਆਫਿਸ ਵੱਲੋਂ ਜਾਰੀ ਆਈ.ਪੀ.ਆਰ ਰਿਪੋਰਟ ਦੇ ਅਨੁਸਾਰ, ਪਿਛਲੀ ਵਾਰ 1,650 ਦੇ ਮੁਕਾਬਲੇ ਇਸ ਵਾਰ ਪੰਜਾਬ ਤੋਂ 2,197 ਪੇਟੈਂਟ ਅਪਲਾਈ ਕੀਤੇ ਗਏ ਸਨ। ਇਸੇ ਰਿਪੋਰਟ ਅਨੁਸਾਰ ਵਿਦਿਅਕ ਅਦਾਰਿਆਂ ਵਿੱਚੋਂ ਸਭ ਤੋਂ ਵੱਧ ਪੇਟੈਂਟ ਫਾਈਲ ਕਰਨ ਦਾ ਰਿਕਾਰਡ ਚੰਡੀਗੜ੍ਹ ਯੂਨੀਵਰਸਿਟੀ ਕੋਲ ਹੈ। ਸੰਸਕ੍ਰਿਤੀ ਯੂਨੀਵਰਸਿਟੀ ਅਤੇ ਚੰਡੀਗੜ੍ਹ ਯੂਨੀਵਰਸਿਟੀ ਮੋਹਾਲੀ ਨੇ ਪਿਛਲੇ ਸਾਲ 703 ਪੇਟੈਂਟ ਫਾਈਲ ਕੀਤੇ ਹਨ।
ਇਸ ਵਾਰ ਚੰਡੀਗੜ੍ਹ ਵੱਲੋਂ 347 ਪੇਟੈਂਟ ਦਾਇਰ ਕੀਤੇ ਗਏ ਹਨ ਜੋ ਪਿਛਲੀ ਵਾਰ 311 ਸਨ। ਹਰਿਆਣਾ ਨੇ ਇਸ ਵਾਰ 996 ਪੇਟੈਂਟ ਫਾਈਲ ਕੀਤੇ ਹਨ ਜਦੋਂ ਕਿ ਪਿਛਲੀ ਵਾਰ ਇਹ ਗਿਣਤੀ ਸਿਰਫ਼ 765 ਸੀ। ਹਾਲਾਂਕਿ ਇਸ ਵਾਰ ਵੀ ਹਰਿਆਣਾ ਦਾ ਸਥਾਨ 9ਵਾਂ ਹੈ। ਚੰਡੀਗੜ੍ਹ ਦਾ ਦਰਜਾ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਹੇਠਾਂ ਆਇਆ ਹੈ। ਚੰਡੀਗੜ੍ਹ, ਜੋ ਪਿਛਲੇ ਸਾਲ 16ਵੇਂ ਸਥਾਨ 'ਤੇ ਸੀ, ਇਸ ਵਾਰ 17ਵਾਂ ਅਤੇ ਉਤਰਾਖੰਡ ਨੇ ਇਸ ਸਾਲ 356 ਪੇਟੈਂਟ ਪ੍ਰਾਪਤ ਕਰਕੇ 16ਵਾਂ ਸਥਾਨ ਹਾਸਲ ਕੀਤਾ ਹੈ।
ਵਿਸ਼ਵੀਕਰਨ ਦੇ ਯੁੱਗ ਵਿੱਚ, ਸਰਕਾਰ ਲੰਬੇ ਸਮੇਂ ਤੋਂ ਆਈਪੀਆਰ ਨੂੰ ਉਤਸ਼ਾਹਿਤ ਕਰ ਰਹੀ ਹੈ ਅਤੇ ਇਸ ਲਈ ਵੱਧ ਤੋਂ ਵੱਧ ਸੰਸਥਾਵਾਂ ਨੂੰ ਪੇਟੈਂਟ ਫਾਈਲ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਪਿਛਲੇ ਸਾਲ ਸਭ ਤੋਂ ਵੱਧ ਪੇਟੈਂਟ ਮਹਾਰਾਸ਼ਟਰ ਨੇ ਹਾਸਲ ਕੀਤੇ ਸਨ ਅਤੇ ਇਸ ਵਾਰ ਤਾਮਿਲਨਾਡੂ ਨੂੰ ਇਹ ਸਥਾਨ ਮਿਲਿਆ ਹੈ।
ਸੂਚਨਾ ਤਕਨਾਲੋਜੀ ਦੇ ਖੇਤਰ ਵਿੱਚ ਟਾਟਾ ਕੰਸਲਟੈਂਸੀ ਅਜੇ ਵੀ ਪਹਿਲੇ ਸਥਾਨ 'ਤੇ ਹੈ। ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੇ 147 ਪੇਟੈਂਟ ਫਾਈਲ ਕਰ ਕੇ ਦੂਜਾ ਅਤੇ ਚੰਡੀਗੜ੍ਹ ਯੂਨੀਵਰਸਿਟੀ ਨੇ 139 ਪੇਟੈਂਟ ਫਾਈਲ ਕਰ ਕੇ ਤੀਜਾ ਸਥਾਨ ਹਾਸਲ ਕੀਤਾ ਹੈ। ਪਿਛਲੇ ਸਾਲ ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਤੀਜੇ ਸਥਾਨ 'ਤੇ ਸੀ।
ਮਹਾਰਾਸ਼ਟਰ ਦੂਜੇ ਸਥਾਨ 'ਤੇ ਖਿਸਕ ਗਿਆ ਹੈ। ਪਿਛਲੇ ਸਾਲ ਚੌਥੇ ਸਥਾਨ 'ਤੇ ਰਹਿਣ ਵਾਲੇ ਉੱਤਰ ਪ੍ਰਦੇਸ਼ ਨੇ ਇਸ ਵਾਰ ਤੀਜਾ ਸਥਾਨ ਹਾਸਲ ਕੀਤਾ ਹੈ ਅਤੇ ਕਰਨਾਟਕ ਜੋ ਪਿਛਲੇ ਸਾਲ ਤੀਜੇ ਸਥਾਨ 'ਤੇ ਸੀ, ਇਸ ਵਾਰ ਚੌਥੇ ਸਥਾਨ 'ਤੇ ਖਿਸਕ ਗਿਆ ਹੈ।
ਚੰਡੀਗੜ੍ਹ ਯੂਨੀਵਰਸਿਟੀ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਹੁਣ ਤੱਕ 2400 ਪੇਟੈਂਟ ਫਾਈਲ ਕੀਤੇ ਹਨ, ਜਿਨ੍ਹਾਂ ਵਿੱਚੋਂ 1747 ਨੂੰ ਜਨਤਕ ਕੀਤਾ ਜਾ ਚੁੱਕਾ ਹੈ,ਯਾਨਿ 72.79 ਫੀਸਦੀ ਪੇਟੈਂਟ ਪ੍ਰਕਾਸ਼ਿਤ ਹਨ। ਚਾਂਸਲਰ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਦੇਸ਼ ਭਰ ਵਿੱਚ ਖੋਜ ਵਿੱਚ ਉਨ੍ਹਾਂ ਦੀ ਯੂਨੀਵਰਸਿਟੀ ਦਾ ਯੋਗਦਾਨ ਇੱਕ ਫੀਸਦੀ ਹੈ।