ਮੋਹਾਲੀ 'ਚ ਭਿਆਨਕ ਹਾਦਸਾ: ਤੇਜ਼ ਰਫ਼ਤਾਰ ਸਵਿਫਟ ਕਾਰ ਨੇ ਬੋਲੈਰੋ ਨੂੰ ਮਾਰੀ ਟੱਕਰ, 5 ਜ਼ਖਮੀ
ਪੁਲਿਸ ਟੀਮ ਨੇ ਮੌਕੇ ਦਾ ਜਾਇਜ਼ਾ ਲਿਆ ਅਤੇ ਦੋਵੇਂ ਵਾਹਨਾਂ ਨੂੰ ਕਬਜ਼ੇ 'ਚ ਲੈ ਲਿਆ।
ਮੁਹਾਲੀ : ਪੰਜਾਬ ਦੇ ਮੁਹਾਲੀ ਜ਼ਿਲ੍ਹੇ ਵਿੱਚ ਬੀਤੀ ਰਾਤ ਕਰੀਬ 2 ਵਜੇ ਇੱਕ ਸੜਕ ਹਾਦਸਾ ਵਾਪਰਿਆ। ਗਨੀਮਤ ਰਹੀ ਹੈ ਕਿ ਇਸ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਜਾਣਕਾਰੀ ਅਨੁਸਾਰ ਇਕ ਡਾਕਟਰ ਸ਼ਰਾਬ ਦੇ ਨਸ਼ੇ 'ਚ ਤੇਜ਼ ਰਫਤਾਰ 'ਤੇ ਸਵਿਫਟ ਕਾਰ ਚਲਾ ਰਿਹਾ ਸੀ ਅਤੇ ਲਾਲ ਬੱਤੀ ਜੰਪ ਕਰ ਕੇ ਇਕ ਬੋਲੈਰੋ ਨੂੰ ਟੱਕਰ ਮਾਰ ਦਿੱਤੀ।
ਬੋਲੈਰੋ ਵਿੱਚ ਪੰਜ ਵਿਅਕਤੀ ਸਵਾਰ ਸਨ ਅਤੇ ਸਾਰੇ ਜ਼ਖ਼ਮੀ ਹੋ ਗਏ। ਸਵਿਫਟ ਚਾਲਕ ਡਾਕਟਰ ਨੁਕਸਾਨੀ ਕਾਰ ਨੂੰ ਮੌਕੇ 'ਤੇ ਛੱਡ ਕੇ ਫਰਾਰ ਹੋ ਗਿਆ। ਮੌਕੇ 'ਤੇ ਪਹੁੰਚੀ ਸਥਾਨਕ ਪੁਲਿਸ ਟੀਮ ਨੇ ਮੌਕੇ ਦਾ ਜਾਇਜ਼ਾ ਲਿਆ ਅਤੇ ਦੋਵੇਂ ਵਾਹਨਾਂ ਨੂੰ ਕਬਜ਼ੇ 'ਚ ਲੈ ਲਿਆ।
ਇਹ ਘਟਨਾ ਮੋਹਾਲੀ ਦੇ ਫੇਜ਼ 9-10 ਦੇ ਲਾਈਟ ਪੁਆਇੰਟ 'ਤੇ ਵਾਪਰੀ। ਹਾਦਸੇ ਵਿੱਚ ਬੋਲੈਰੋ ਕਾਰ ਨੁਕਸਾਨੀ ਗਈ। ਹਰਿਆਣਾ ਨੰਬਰ ਦੀ ਬੋਲੈਰੋ ਗੱਡੀ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਟੁੱਟਿਆ ਹੋਇਆ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਨੰਬਰ ਦੀ ਸਵਿਫਟ ਕਾਰ ਵੀ ਸਾਹਮਣੇ ਤੋਂ ਟੁੱਟ ਗਈ। ਇਸ 'ਤੇ ਸਿੱਖਣ ਦਾ 'L' ਚਿੰਨ੍ਹ ਲਿਖਿਆ ਹੋਇਆ ਹੈ।
ਬੋਲੈਰੋ ਕਾਰ ਸਵਾਰ ਗੁਰਜੋਤ ਸਿੰਘ ਸਿੱਧੂ ਵਾਸੀ ਸੈਕਟਰ 47, ਚੰਡੀਗੜ੍ਹ ਦੇ ਨੱਕ ਅਤੇ ਅੱਖਾਂ ਦੇ ਉੱਪਰ ਸੱਟਾਂ ਲੱਗੀਆਂ ਹਨ। ਸਰੀਰ ਦੇ ਹੋਰ ਹਿੱਸਿਆਂ 'ਤੇ ਵੀ ਸੱਟਾਂ ਲੱਗੀਆਂ ਹਨ। ਉਸ ਨੇ ਦੱਸਿਆ ਕਿ ਉਹ ਸੈਕਟਰ 66 ਵਾਲੇ ਪਾਸੇ ਤੋਂ ਬੋਲੈਰੋ ਵਿੱਚ ਆ ਰਿਹਾ ਸੀ। ਉਕਤ ਕਾਰ ਚਾਲਕ ਫੇਜ਼ 11 ਦੀ ਮਾਰਕੀਟ ਵੱਲੋਂ ਆ ਰਿਹਾ ਸੀ। ਗੁਰਜੋਤ ਅਨੁਸਾਰ ਸਵਿਫਟ ਕਾਰ ਚਾਲਕ ਨੇ ਕਾਫੀ ਸ਼ਰਾਬ ਪੀਤੀ ਹੋਈ ਸੀ। ਇਸ ਦੇ ਨਾਲ ਹੀ ਉਸ ਦੀ ਕਾਰ ਦੀ ਸਪੀਡ ਵੀ ਬਹੁਤ ਜ਼ਿਆਦਾ ਸੀ ਜੋ 100 ਤੋਂ ਉਪਰ ਸੀ
ਸਵਿੱਫਟ ਕਾਰ ਵਿੱਚੋਂ ਇੱਕ ਸਟੈਥੋਸਕੋਪ ਮਿਲਿਆ ਅਤੇ ਇੱਕ ਸ਼ਨਾਖਤੀ ਕਾਰਡ ਵੀ ਮਿਲਿਆ ਜਿਸ ਤੋਂ ਪਤਾ ਚੱਲਦਾ ਸੀ ਕਿ ਕਾਰ ਦਾ ਡਰਾਈਵਰ ਡਾਕਟਰ ਹੈ।