Mohali News: ਰਕਮ ਲੈਣ ਮਗਰੋਂ ਵੀ ਸੇਲ ਡੀਡ ਨਹੀਂ ਕੀਤੀ ਨਾਂ, ਬਿਲਡਰ ਨੂੰ 50 ਹਜ਼ਾਰ ਰੁਪਏ ਹਰਜਾਨਾ

ਏਜੰਸੀ

ਖ਼ਬਰਾਂ, ਪੰਜਾਬ

ਅਪ੍ਰੈਲ 2011 ’ਚ ਹੋਇਆ ਸੀ ਸੰਨੀ ਇਨਕਲੇਵ ਵਿਖੇ ਐਸ.ਸੀ.ਓ. ਵਿਕਰੀ ਦਾ ਸਮਝੌਤਾ, 2022 ਤਕ ਲਾਉਂਦੇ ਰਹੇ ਲਾਰੇ

File Photo

ਮੋਹਾਲੀ: ਜ਼ਿਲ੍ਹਾ ਖਪਤਕਾਰ ਕਮਿਸ਼ਨ ਨੇ ਦੇਸੂਮਾਜਰਾ ਸਥਿਤ ਬਾਜਵਾ ਡਿਵੈਲਪਰਸ ਲਿਮਟਡ ਦੇ ਮੈਨੇਜਿੰਗ ਡਾਇਰੈਕਟਰ ਜਰਨੈਲ ਸਿੰਘ ਬਾਜਵਾ ਨੂੰ 50 ਹਜ਼ਾਰ ਰੁਪਏ ਹਰਜਾਨਾ ਭਰਨ ਦੇ ਹੁਕਮ ਦਿਤੇ ਹਨ। ਮਾਮਲਾ ਸੰਨੀ ਇਨਕਲੇਵ ’ਚ ਇਕ ਦੁਕਾਨ ਦੇ ਕਬਜ਼ੇ ਨਾਲ ਜੁੜਿਆ ਹੈ। ਬਿਲਡਰ ਨੇ ਰਕਮ ਲੈਣ ਤੋਂ ਬਾਅਦ ਵੀ ਸੇਲ ਡੀਡ ਸ਼ਿਕਾਇਤਕਰਤਾ ਦੇ ਹੱਕ ’ਚ ਨਹੀਂ ਕੀਤੀ ਸੀ।

ਕਮਿਸ਼ਨ ਨੇ ਹੁਕਮ ਦਿਤੇ ਹਨ ਕਿ ਬਿਲਡਰ ਸ਼ਿਕਾਇਤਰਕਤਾ ਨੂੰ ਐਸ.ਸੀ.ਓ. ਦੁਕਾਨ ਦਾ ਕਬਜ਼ਾ ਅਤੇ ਆਕੂਪੇਸ਼ਨ/ਕੰਪਲੀਸ਼ਨ ਸਰਟੀਫ਼ੀਕੇਟ ਵੀ ਦੇਵੇ। ਜੇਕਰ ਸ਼ਿਕਾਇਤਕਰਤਾ ਧਿਰ ਐਸ.ਸੀ.ਓ. ਦਾ ਕਬਜ਼ਾ ਲੈਣ ’ਚ ਦਿਲਚਸਪੀ ਨਾ ਦਿਖਾਏ ਤਾਂ ਬਚਾਅ ਧਿਰ 29 ਲੱਖ ਰੁਪਏ ਦੀ 9 ਫ਼ੀਸਦੀ ਵਿਆਜ ਦਰ ਸਮੇਤ ਵਾਪਸ ਕਰੇ। ਇਸ ਤੋਂ ਇਲਾਵਾ ਮਾਨਸਿਕ ਪ੍ਰੇਸ਼ਾਨੀ ਅਤੇ ਅਦਾਲਤੀ ਖ਼ਰਚ ਵਜੋਂ ਬਿਲਡਰ ਨੂੰ 50 ਹਜ਼ਾਰ ਰੁਪਏ ਮੁਆਵਜ਼ੇ ਦੇ ਰੂਪ ’ਚ ਦੇਣ ਦੇ ਹੁਕਮ ਦਿਤੇ ਹਨ।

ਫ਼ੇਜ਼-1 ਦੀ ਦਿਆਵੰਤੀ ਸ਼ਰਮਾ ਨੇ ਦੇਸੂਮਾਜਰਾ ਸਥਿਤ ਬਾਜਵਾ ਡਿਵੈਲਪਰਸ ਲਿਮਟਡ ਦੇ ਮੈਨੇਜਿੰਗ ਡਾਇਰੈਕਟਰ ਜਰਨੈਲ ਸਿੰਘ ਬਾਜਵਾ ਵਿਰੁਧ ਅਕਤੂਬਰ 2022 ’ਚ ਸ਼ਿਕਾਇਤ ਦਾਇਰ ਕੀਤੀ ਸੀ। ਸ਼ਕਾਇਤਕਰਤਾ ਦੇ ਪਤੀ ਪੰਜਾਬ ਖੇਤੀ ਵਿਭਾਗ ਤੋਂ ਸੇਵਾਮੁਕਤ ਹੋਏ ਸਨ। ਉਹ ਸੈਕਟਰ 35 ’ਚ ਦਵਾਈ ਦੀ ਦੁਕਾਨ ਚਲਾਉਂਦੇ ਸਨ।

ਮਾਲਕ ਵਲੋਂ ਦੁਕਾਨ ਖ਼ਾਲੀ ਕਰਵਾਏ ਜਾਣ ਮਗਰੋਂ ਰੋਜ਼ੀ-ਰੋਟੀ ਲਈ ਕਾਰੋਬਾਰੀ ਜਾਇਦਾਦ ਲੱਭਣ ਲੱਗੇ। ਬਾਜਵਾ ਡਿਵੈਲਪਰਸ ਨਾਲ ਅਪ੍ਰੈਲ 2011 ’ਚ ਇਕ ਐਸ.ਸੀ.ਓ. ਦਾ ਵਿਕਰੀ ਸਮਝੌਤਾ ਕਰ ਲਿਆ ਅਤੇ 3,52,853 ਰੁਪਏ ਦੇ ਦਿਤੇ। 4,75,000 ਰੁਪਏ ਸ਼ਿਕਾਇਤਕਰਤਾ ਧਿਰ ਨੂੰ 15 ਨਵੰਬਰ, 2011 ਤਕ ਦੇਣੇ ਸਨ। ਬਚਾਅ ਧਿਰ ਨੇ ਉਨ੍ਹਾਂ ਨੂੰ ਸੰਨੀ ਇਕਲੇਵ ’ਚ 62.22 ਵਰਗ ਗਜ਼ ਦਾ ਐਸ.ਸੀ.ਓ. ਹਿੱਲ ਵਿਊ ਮਾਰਕੀਟ ’ਚ ਅਲਾਟ ਕਰ ਦਿਤਾ। ਇਸ ਦੀ ਕੀਮਤ 29 ਲੱਖ ਸੀ। ਜਨਵਰੀ 2013 ’ਚ ਪੁਰਾਣਾ ਐਗਰੀਮੈਂਟ ਹਟਾ ਕੇ ਬਚਾਅ ਧਿਰ ਨੇ ਨਵਾਂ ਐਗਰੀਮੈਂਟ ਕਰ ਲਿਆ। ਸ਼ਿਕਾਇਤਕਰਤਾ ਧਿਰ 29 ਲੱਖ ਰੁਪਏ ਦੇ ਚੁਕਿਆ ਸੀ। 

ਬਚਾਅ ਧਿਰ ਨੇ ਜੂਨ 2015 ’ਚ ਐਸ.ਸੀ.ਓ. ਬਦਲ ਦਿਤਾ ਅਤੇ ਉਹ ਸੇਲ ਡੀਡ ਦਾ ਭਰੋਸਾ ਦਿੰਦਾ ਰਿਹਾ ਪਰ ਕਦੇ ਕੀਤੀ ਨਹੀਂ। ਅਖ਼ੀਰ ਜਦੋਂ ਸ਼ਿਕਾਇਤਕਰਤਾ 10 ਅਕਤੂਬਰ, 2022 ਨੂੰ ਬਚਾਅ ਧਿਰ ਬਾਜਵਾ ਡਿਵੈਲਪਰਸ ਦੇ ਦਫ਼ਤਰ ਗਈ ਤਾਂ ਬੁਰਾ ਸਲੂਕ ਕੀਤਾ ਗਿਆ। ਕਮਿਸ਼ਨ ਤੋਂ ਮੰਗ ਕੀਤੀ ਗਈ ਕਿ ਬਚਾਅ ਧਿਰ ਨੂੰ ਹੁਕਮ ਦਿਤੇ ਜਾਣ ਕਿ ਜਾਂ ਤਾਂ ਰਕਮ ਵਾਪਸ ਕਰੇ ਜਾਂ ਸੰਨੀ ਐਸ.ਸੀ.ਓ. ਦੀ ਸੇਲ ਡੀਡ ਉਸ ਦੇ ਹੱਕ ’ਚ ਕੀਤੀ ਜਾਵੇ। ਕਮਿਸ਼ਨ ਬਿਲਡਰ ਦੇ ਜਵਾਬ ਤੋਂ ਸੰਤੁਸ਼ਟ ਨਹੀਂ ਹੋਇਆ ਅਤੇ ਇਹ ਹੁਕਮ ਦਿਤਾ।