Punjab News: ਬਰਿੰਦਰ ਕੁਮਾਰ ਗੋਇਲ ਨੇ ਲੋਕ ਪੱਖੀ ਮਾਈਨਿੰਗ ਨੀਤੀ ਵਿਕਸਤ ਕਰਨ ਲਈ ਸਾਰੇ ਭਾਈਵਾਲਾਂ ਨਾਲ ਕੀਤੀ ਅਹਿਮ ਮੀਟਿੰਗ

ਏਜੰਸੀ

ਖ਼ਬਰਾਂ, ਪੰਜਾਬ

ਮਾਈਨਿੰਗ ਸੈਕਟਰ ਵਿੱਚ ਪਾਰਦਰਸ਼ਤਾ ਅਤੇ ਢੁੱਕਵੀਂ ਕੀਮਤ ਨੂੰ ਯਕੀਨੀ ਬਣਾਏਗੀ ਇਹ ਨੀਤੀ

Barinder Kumar Goyal holds important meeting with all stakeholders to develop pro-people mining policy

 

ਪੰਜਾਬ ਸਰਕਾਰ ਵੱਲੋਂ ਪ੍ਰਗਤੀਸ਼ੀਲ ਮਾਈਨਿੰਗ ਨੀਤੀ ਵਿਕਸਤ ਕਰਨ ਲਈ ਲੋਕਾਂ ਦੇ ਸੁਝਾਵਾਂ ਦੀ ਮੰਗ

Punjab News: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਦੇ ਮਾਈਨਿੰਗ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਮਾਈਨਿੰਗ ਅਤੇ ਕਰੱਸ਼ਰ ਉਦਯੋਗਾਂ ਦੇ ਪ੍ਰਮੁੱਖ ਭਾਈਵਾਲਾਂ ਨਾਲ ਇੱਕ ਅਹਿਮ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਮੀਟਿੰਗ ਦਾ ਉਦੇਸ਼ ਪਾਰਦਰਸ਼ਤਾ, ਸਥਿਰਤਾ, ਅਤੇ ਆਰਥਿਕ ਕੁਸ਼ਲਤਾ 'ਤੇ ਕੇਂਦ੍ਰਿਤ ਇੱਕ ਪ੍ਰਗਤੀਸ਼ੀਲ ਮਾਈਨਿੰਗ ਨੀਤੀ ਵਿਕਸਤ ਕਰਨ ਲਈ ਵਿਚਾਰ ਚਰਚਾ ਕਰਨਾ ਸੀ।

ਮੀਟਿੰਗ ਵਿੱਚ ਕਰੱਸ਼ਰ ਉਦਯੋਗ ਦੀਆਂ ਐਸੋਸੀਏਸ਼ਨਾਂ ਅਤੇ ਮਾਈਨਿੰਗ ਠੇਕੇਦਾਰਾਂ ਦੇ ਨੁਮਾਇੰਦੇ ਸ਼ਾਮਲ ਸਨ, ਜਿਨ੍ਹਾਂ ਨੇ ਆਪਣੇ ਅਨੁਭਵ, ਚੁਣੌਤੀਆਂ ਅਤੇ ਸਿਫ਼ਾਰਸ਼ਾਂ ਸਾਂਝੀਆਂ ਕੀਤੀਆਂ। ਮੀਟਿੰਗ ਦੌਰਾਨ ਮਾਈਨਿੰਗ ਕਾਰਜਾਂ ਨੂੰ ਸੁਚਾਰੂ ਬਣਾਉਣ, ਗੈਰ-ਕਾਨੂੰਨੀ ਮਾਈਨਿੰਗ ਗਤੀਵਿਧੀਆਂ 'ਤੇ ਰੋਕ ਲਗਾਉਣ, ਕਾਰੋਬਾਰ ਕਰਨ ਦੀ ਸੌਖ ਨੂੰ ਯਕੀਨੀ ਬਣਾਉਣ ਅਤੇ ਵਾਤਾਵਰਣ ਪੱਖੀ ਅਭਿਆਸਾਂ ਨੂੰ ਅਪਣਾਉਣ ਬਾਰੇ ਵਿਚਾਰ ਕੀਤੇ ਗਏ।

ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਸਾਰੇ ਭਾਗੀਦਾਰਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੇ ਸੁਝਾਵਾਂ ‘ਤੇ ਵਿਚਾਰ ਕੀਤਾ ਜਾਵੇਗਾ ਅਤੇ ਇਹਨਾਂ ਨੂੰ ਬਣਾਈ ਜਾਣ ਵਾਲੀ ਨੀਤੀ ਵਿੱਚ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਪਾਰਦਰਸ਼ੀ ਅਤੇ ਲੋਕ ਪੱਖੀ ਮਾਈਨਿੰਗ ਨੀਤੀ ਤਿਆਰ ਕਰਨ ਲਈ ਵਚਨਬੱਧ ਹੈ ਜੋ ਮਾਲੀਏ ਦੇ ਨੁਕਸਾਨ ਨੂੰ ਰੋਕਣ ਦੇ ਨਾਲ-ਨਾਲ ਰੇਤ ਅਤੇ ਐਗਰੀਗੇਟਸ ਦੀ ਢੁੱਕਵੀਂ ਕੀਮਤ ਯਕੀਨੀ ਬਣਾਉਂਦੀ ਹੈ।

ਮੰਤਰੀ ਨੇ ਕਿਹਾ, “ਇਹ ਨੀਤੀ ਅਸਲ ਵਿੱਚ ਪੰਜਾਬ ਦੇ ਲੋਕਾਂ ਦੀ, ਲੋਕਾਂ ਦੁਆਰਾ ਅਤੇ ਲੋਕਾਂ ਲਈ ਹੋਵੇਗੀ। ਇਹ ਮੁੱਖ ਨੀਤੀ ਮੰਤਰੀ ਭਗਵੰਤ ਸਿੰਘ ਮਾਨ ਦੇ ਰੇਤ ਅਤੇ ਮਾਈਨਿੰਗ ਸਰੋਤਾਂ ਨੂੰ ਆਮ ਲੋਕਾਂ ਲਈ ਵਧੇਰੇ ਪਹੁੰਚਯੋਗ ਅਤੇ ਕਿਫਾਇਤੀ ਬਣਾਉਣ ਦੇ ਸੁਪਨੇ ਨੂੰ ਸਾਕਾਰ ਕਰੇਗੀ।”

ਮਾਈਨਿੰਗ ਵਿਭਾਗ ਉਦਯੋਗਿਕ ਖੇਤਰ ਦੇ ਭਾਈਵਾਲਾਂ ਨਾਲ ਮਿਲ ਇੱਕ ਮਜਬੂਤ ਅਤੇ ਸੰਮਲਿਤ ਢਾਂਚਾ ਬਣਾਉਣ ਵਚਨਬੱਧ ਹੈ ਜੋ ਆਮ ਲੋਕਾਂ, ਉਦਯੋਗਾਂ ਅਤੇ ਵਾਤਾਵਰਣ ਲਾਹੇਬੰਦ ਹੋਵੇਗਾ।

ਇਸ ਮੌਕੇ ਸਕੱਤਰ ਮਾਈਨਿੰਗ ਸ੍ਰੀ ਗੁਰਕਿਰਤ ਕਿਰਪਾਲ ਸਿੰਘ, ਚੀਫ ਇੰਜੀਨੀਅਰ ਡਰੇਨੇਜ-ਕਮ-ਮਾਈਨਿੰਗ ਡਾ. ਹਰਿੰਦਰਪਾਲ ਸਿੰਘ ਬੇਦੀ ਅਤੇ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।