Sangrur Bulldozer Action: ਸੰਗਰੂਰ ’ਚ ਨਸ਼ਾ ਤਸਕਰਾਂ ਖ਼ਿਲਾਫ਼ ਬੁਲਡੋਜ਼ਰ ਕਾਰਵਾਈ

ਏਜੰਸੀ

ਖ਼ਬਰਾਂ, ਪੰਜਾਬ

ਮਾਰਕਟਿੰਗ ਕਮੇਟੀ ਦੀ ਜ਼ਮੀਨ ’ਤੇ ਕਬਜ਼ਾ ਕਰ ਕੇ ਨਸ਼ਿਆਂ ਦੀ ਕਮਾਈ ਨਾਲ ਬਣਾਇਆ ਘਰ ਕੀਤਾ ਢਹਿ-ਢੇਰੀ

Bulldozer operation against drug smugglers in Sangrur

 

Bulldozer operation against drug smugglers in Sangrur: ਯੁੱਧ ਨਸ਼ਿਆਂ ਵਿਰੁੱਧ ਤਹਿਤ ਅੱਜ ਜ਼ਿਲ੍ਹਾ ਸੰਗਰੂਰ ਦੇ ਸੁਨਾਮ ਊਧਮ ਸਿੰਘ ਵਾਲਾ ਵਿਖੇ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ।

ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਅੱਜ ਸੰਗਰੂਰ ਪੁਲਿਸ ਵੱਲੋਂ ਐਸ.ਐਸ.ਪੀ. ਸਰਤਾਜ ਸਿੰਘ ਚਾਹਲ ਦੀ ਅਗਵਾਈ ਹੇਠ ਸੁਨਾਮ ਊਧਮ ਸਿੰਘ ਵਾਲਾ ਸ਼ਹਿਰ ਵਿਖੇ  ਨਸ਼ਾ ਤਸਕਰਾਂ ਖ਼ਿਲਾਫ਼ ਵੱਡੀ ਕਾਰਵਾਈ ਕਰਦੇ ਹੋਏ ਬੁਲਡੋਜ਼ਰ ਨਾਲ ਇਮਾਰਤ ਢਾਹੁਣ ਦੀ ਕਾਰਵਾਈ ਕੀਤੀ ।

ਐਸ.ਐਸ.ਪੀ. ਸਰਤਾਜ ਸਿੰਘ ਚਾਹਲ ਦੀ ਮੌਜੂਦਗੀ ਵਿਚ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਦੀ ਸਾਂਝੀ ਟੀਮ ਵਲੋਂ ਸ਼ਹਿਰ ਦੀ ਅਨਾਜ ਮੰਡੀ ਦੇ ਗੇਟ, ਇੰਦਰਾ ਬਸਤੀ ਦੇ ਬਾਹਰਲੇ ਵਿਹੜੇ ਨਜ਼ਦੀਕ ਇਕ ਨਸ਼ਾ ਤਸਕਰ ਬੁੱਧ ਸਿੰਘ ਉਰਫ ਬੁੱਧੂ ਦੇ ਮਕਾਨ ਨੂੰ ਬੁਲਡੋਜ਼ਰ ਨਾਲ ਢਾਹਿਆ ਗਿਆ। 

ਐਸ.ਐਸ.ਪੀ. ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਇਸ ਮੁਹਿੰਮ ਤਹਿਤ ਲਗਾਤਾਰ ਨਸ਼ਾ ਤਸਕਰਾਂ ਖਿਲਾਫ਼ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਠੋਸ ਕਾਰਵਾਈ ਨੂੰ ਅਮਲ ਵਿਚ ਲਿਆ ਰਹੀ ਹੈ ਅਤੇ ਜਲਦੀ ਹੀ ਜ਼ਿਲ੍ਹਾ ਸੰਗਰੂਰ ਵਿਚੋਂ ਨਸ਼ਾ ਤਸਕਰਾਂ ਤੇ ਨਸ਼ਿਆਂ ਦਾ ਪੂਰੀ ਤਰ੍ਹਾਂ ਸਫਾਇਆ ਕਰ ਦਿੱਤਾ ਜਾਵੇਗਾ। 
ਐਸ.ਐਸ.ਪੀ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਮਾਰਕਿਟ ਕਮੇਟੀ ਸੁਨਾਮ ਦੀ ਥਾਂ ’ਤੇ ਨਜਾਇਜ਼ ਕਬਜ਼ਾ ਕਰ ਕੇ ਇਸ ਵਿਅਕਤੀ ਵਲੋਂ ਰਿਹਾਇਸ਼ ਵੀ ਬਣਾਈ ਗਈ ਸੀ ਤੇ ਦੁਕਾਨ ਵੀ ਚਲਾਈ ਜਾ ਰਹੀ ਸੀ। ਇੱਥੋਂ ਵੱਡੇ ਪੱਧਰ ਉੱਤੇ ਨਸ਼ਾ ਵੇਚਿਆ ਜਾ ਰਿਹਾ ਸੀ। ਜਿਥੋਂ ਨਸ਼ਾ ਤਸਕਰੀ ਦੀਆਂ ਸ਼ਿਕਾਇਤਾਂ ਵੀ ਮਿਲ ਰਹੀਆਂ ਸਨ। 
ਉਨ੍ਹਾਂ ਦੱਸਿਆ ਕਿ ਇਸ ਵਿਰੁੱਧ ਐਨ.ਡੀ.ਪੀ.ਐਸ ਐਕਟ ਅਤੇ ਐਕਸਾਈਜ਼ ਐਕਟ ਤਹਿਤ ਅਨੇਕਾਂ ਮਾਮਲੇ ਦਰਜ ਹਨ ਅਤੇ ਇਸ ਕਾਰਵਾਈ ਰਾਹੀਂ ਅਸੀਂ ਸਾਰੇ ਹੀ ਮਾੜੇ ਅਨਸਰਾਂ ਨੂੰ ਇਹ ਸਖ਼ਤ ਚਿਤਾਵਨੀ ਦੇਣਾ ਚਾਹੁੰਦੇ ਹਾਂ ਕਿ ਜਾਂ ਤਾਂ ਨਸ਼ਾ ਤਸਕਰੀ ਦੇ ਕਾਲੇ ਕਾਰੋਬਾਰ ਨੂੰ ਖ਼ੁਦ ਹੀ ਛੱਡ ਦਿੱਤਾ ਜਾਵੇ ਅਤੇ ਜਾਂ ਫਿਰ ਇਸ ਦੇ ਗੰਭੀਰ ਨਤੀਜੇ ਭੁਗਤਣ ਲਈ ਤਿਆਰ ਰਿਹਾ ਜਾਵੇ।

 ਐਸ.ਪੀ ਨਵਰੀਤ ਸਿੰਘ ਵਿਰਕ, ਡੀ.ਐਸ.ਪੀ ਕਰਨੈਲ ਸਿੰਘ, ਡੀ.ਐਸ.ਪੀ ਹਰਵਿੰਦਰ ਸਿੰਘ ਖਹਿਰਾ ਤੇ ਥਾਣਾ ਮੁਖੀ ਪ੍ਰਤੀਕ ਜਿੰਦਲ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਪੁਲਿਸ ਮੁਲਾਜ਼ਮਾਂ ਨੇ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਦਿਆਂ ਬੁਲਡੋਜ਼ਰ ਨਾਲ ਮਕਾਨ ਨੂੰ ਢਾਹੁਣ ਦੀ ਕਾਰਵਾਈ ਨੂੰ ਅੰਜ਼ਾਮ ਦਿੱਤਾ।