ਸਾਡਾ ਮਕਸਦ ਔਰਤਾਂ ਨੂੰ ਆਤਮ ਨਿਰਭਰ ਬਣਾਉਣਾ : ਹਰਪਾਲ ਚੀਮਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ : ਬੰਦੇ ਲਈ ਕੁਰਸੀ ਨਹੀਂ, ਤਜ਼ਰਬਾ ਮਾਇਨੇ ਰੱਖਦਾ ਹੈ

Our aim is to make women self-reliant: Harpal Cheema

ਚੰਡੀਗੜ੍ਹ  : ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਅਪਣਾ ਇਸ ਕਾਰਜਕਾਲ ਦਾ ਆਖ਼ਰੀ ਬਜਟ ਪੇਸ਼ ਕਰ ਦਿਤਾ ਹੈ। ਰੋਜ਼ਾਨਾ ਸਪੋਕਸਮੈਨ ਦੀ ਮੁੱਖ ਸੰਪਾਦਕ ਨਿਮਰਤ ਕੌਰ ਨੇ ਬਜਟ ਬਾਰੇ ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਇਕ ਵਿਸ਼ੇਸ਼ ਮੁਲਾਕਾਤ ਕੀਤੀ. ਜਿਸ ਦੌਰਾਨ ਉਨ੍ਹਾਂ ਨੇ ਬਜਟ ’ਚ ਸਮਾਜ ਦੇ ਹਰ ਹਿੱਸੇ ਨੂੰ ਮਿਲਣ ਵਾਲੇ ਲਾਭ ਉਤੇ ਚਾਨਣਾ ਪਾਇਆ ਅਤੇ ਵਿਰੋਧੀ ਪਾਰਟੀਆਂ ਦੀ ਆਲੋਚਨਾ ਦਾ ਵੀ ਜਵਾਬ ਦਿਤਾ। ਇਹ ਇੰਟਰਵਿਊ ਅਸੀਂ ਰੋਜ਼ਾਨਾ ਸਪੋਕਸਮੈਨ ਦੇ ਪਾਠਕਾਂ ਨਾਲ ਸਾਂਝੀ ਕਰ ਰਹੇ ਹਾਂ। 
ਸਵਾਲ : ਮੰਤਰੀ ਜੀ ਇਹ ਬਜਟ ਪੇਸ਼ ਕਰ ਕੇ ਤੁਹਾਨੂੰ ਅੱਜ ਕਿੰਨੀ ਸੰਤੁਸ਼ਟੀ ਹੋਈ?
ਜਵਾਬ : ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਪੰਜਵਾਂ ਬਜਟ ਇਤਿਹਾਸਕ ਬਜਟ ਹੈ। ਉਨ੍ਹਾਂ ਕਿਹਾ ਕਿ ਜੇ ਮੈਂ ਦੁਨੀਆ ਦੀ ਗੱਲ ਕਰਾਂ ਤਾਂ ਅੱਧੀ ਅਬਾਦੀ ਔਰਤਾਂ ਦੀ ਹੈ। ਸਾਡਾ ਇਹ ਬਜਟ ਮਾਵਾਂ-ਭੈਣਾਂ ਨੂੰ ਸਮਰਪਿਤ ਬਜਟ ਸੀ ਇਸ ਲਈ ਇਸ ਨੂੰ ਪੇਸ਼ ਕਰਨ ਲਈ ਵੀਂ ਅਸੀਂ 8 ਮਾਰਚ ਦਾ ਦਿਨ ਚੁਣਿਆ, ਕਿਉਂਕਿ ਇਸ ਦਿਨ ਕੌਮਾਂਤਰੀ ਮਹਿਲਾ ਦਿਵਸ ਹੁੰਦਾ ਹੈ ਅਤੇ ਸਾਡੀਆਂ ਮਾਵਾਂ-ਭੈਣ ਮਾਣ ਕਰ ਸਕਣ ਕਿ ਉਨ੍ਹਾਂ ਦੇ ਨਾਂ ’ਤੇ ਯੋਜਨਾ ਦਾ ਨਾਂ ਰੱਖਿਆ ਗਿਆ ਹੈ। ਪੇਸ਼ ਕੀਤੇ ਗਏ ਬਜਟ ਦੌਰਾਨ ਜ਼ਿਆਦਾਤਰ ਐਲਾਨ ਵੀ ਮਹਿਲਾਵਾਂ ਨੂੰ ਹੀ ਮੁੱਖ ਰੱਖ ਕੇ ਕੀਤੇ ਗਏ। ਹਰਪਾਲ ਚੀਮਾ ਨੇ ਕਿਹਾ ਕਿ ਇਕ ਲੰਬੀ ਲਾਈਨ ’ਚ ਕੁੱਝ ਲੋਕ ਹਾਸ਼ੀਏ ’ਤੇ ਖੜ੍ਹੇ ਹੁੰਦੇ ਹਨ ਜਾਂ ਕਹਿ ਲਈਏ ਕਿ ਲਾਈਨ ’ਚ ਬਹੁਤ ਪਿੱਛੇ ਖੜ੍ਹੇ ਹੁੰਦੇ ਹਨ। ਸਾਡੀ ਸਰਕਾਰ ਪੰਜਾਬ ਦੀ ਪਹਿਲੀ ਸਰਕਾਰ ਹੈ ਜੋ ਲਾਈਨ ’ਚ ਆਖਰ ’ਚ ਖੜ੍ਹੇ ਇਨਸਾਨ ਵੱਲ ਵੀ ਧਿਆਨ ਦੇ ਰਹੀ ਹੈ।
ਸਵਾਲ : ਔਰਤਾਂ ਨੂੰ ਦਿੱਤੇ ਜਾਣ ਵਾਲੇ 1000 ਰੁਪਏ ਦਾ ਬਜਟ 15,000 ਕਰੋੜ ਰੁਪਏ ਦਾ ਬਣਦਾ ਹੈ ਪਰ ਤੁਸੀਂ ਰੱਖਿਆ 9,000 ਕਰੋੜ ਰੁਪਇਆ ਹੈ?
ਜਵਾਬ : ‘ਮਾਵਾਂ ਧੀਆਂ ਦਾ ਸਤਿਕਾਰ’ ਯੋਜਨਾ ਲਈ ਪੈਸੇ ਦੀ ਕੋਈ ਕਮੀ ਨਹੀਂ ਹੈ। ਸਰਕਾਰ ਨੇ ਇਸ ਲਈ ਵੱਖਰਾ ਬਜਟ ਰੱਖਿਆ ਹੈ। ਪੰਜਾਬ ਸਰਕਾਰ ਵੱਲੋਂ 18 ਸਾਲ ਤੋਂ ਉਪਰ ਯੋਗ ਮਾਵਾਂ-ਭੈਣਾਂ ਨੂੰ ਪੈਸਾ ਜ਼ਰੂਰ ਦਿੱਤਾ ਜਾਵੇਗਾ ਅਤੇ ਇਹ ਪੈਸੇ ਹਰ ਹਾਲਤ ਵਿਚ ਔਰਤਾਂ ਨੂੰ ਮਿਲਣਗੇ। ਇਹ ਪੈਸੇ ਮਿਲਣ ਨਾਲ ਲੋਕਾਂ ਦੇ ਘਰ ਮਜ਼ਬੂਤ ਹੋਣਗੇ ਅਤੇ ਔਰਤਾਂ ਨੂੰ ਖ਼ੁਦਮੁਖ਼ਤਿਆਰੀ ਮਿਲੇਗੀ । ਹਰਪਾਲ ਚੀਮਾ ਨੇ ਕਿਹਾ ਕਿ ਵਿਰੋਧੀ ਧਿਰ ਕੋਲ ਕਹਿਣ ਲਈ ਕੁੱਝ ਵੀ ਨਹੀਂ ਹੈ। ਉਹ ਝੂਠ ਬੋਲ ਕੇ ਸਰਕਾਰ ਦੀ ਆਲੋਚਨਾ ਕਰਕੇ ਲੋਕਾਂ ਦੇ ਸਾਹਮਣੇ ਜਾਣਾ ਚਾਹੁੰਦੀ ਹੈ। ਮੈਂ ਵਿਰੋਧੀ ਧਿਰ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਜਦੋਂ ਅਸੀਂ ਪਹਿਲੇ ਤਿੰਨ ਮਹੀਨਿਆਂ ’ਚ 300 ਯੂਨਿਟ ਮੁਫ਼ਤ ਬਿਜਲੀ ਦੀ ਸਹੂਲਤ ਲੋਕਾਂ ਨੂੰ ਦਿੱਤੀ ਤਾਂ ਉਨ੍ਹਾਂ ਨੇ ਕਦੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਅੱਜ ਮੁਫ਼ਤ ਬਿਜਲੀ ਸਕੀਮ ਨੂੰ ਚਲਦਿਆਂ 4 ਸਾਲ ਹੋ ਚੁਕੇ ਹਨ ਅਤੇ ਕਦੇ ਵੀ ਸਬਸਿਡੀ ਵਾਲੀ ਕਿਸ਼ਤ ਲੇਟ ਨਹੀਂ ਹੋਈ। ਅੱਜ ਪੰਜਾਬ ਦੇ ਲੱਖਾਂ ਲੋਕ ਮਹੱਲਾ ਕਲੀਨਿਕਾਂ ’ਚ ਇਲਾਜ ਕਰਵਾ ਕੇ ਆਪਣੀ ਜ਼ਿੰਦਗੀ ਆਰਾਮ ਨਾਲ ਜੀਅ ਰਹੇ ਹਨ। ਪੰਜਾਬ ਦੇ ਸਕੂਲ ਆਫ਼ ਐਮੀਨੈਂਸ ਵਿਚ ਗਰੀਬਾਂ ਦੇ ਬੱਚੇ ਪੜ੍ਹ ਕੇ ਆਈ.ਆਈ.ਟੀ. ਵਿਚ ਦਾਖਲਾ ਲੈ ਰਹੇ ਹਨ, ਜੇ.ਈ.ਈ. ਅਤੇ ਨੀਟ ਦਾ ਇਮਤਿਹਾਨ ਪਾਸ ਕਰ ਰਹੇ ਹਨ। ਇਹ ਪੰਜਾਬ ਸਰਕਾਰ ਦੇ ਅੰਕੜੇ ਨਹੀਂ ਬਲਕਿ ਭਾਰਤ ਸਰਕਾਰ ਵੱਲੋਂ ਜਾਰੀ ਕੀਤੇ ਗਏ ਅੰਕੜੇ ਹਨ। ਅੱਜ ਪੰਜਾਬ ਦਾ ਨਾਮ ਬੋਲਦਾ ਹੈ ਪੰਜਾਬ ਨੇ ਕੇਰਲ ਵਰਗੇ ਸੂਬੇ ਨੂੰ ਪਛਾੜ ਕੇ ਸਿੱਖਿਆ ਦੇ ਖੇਤਰ ਵਿਚ ਪਹਿਲਾ ਸਥਾਨ ਹਾਸਲ ਕੀਤਾ ਅਤੇ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਪਿਛਲੇ 4 ਸਾਲ ਦੀ ਸਖਤ ਮਿਹਨਤ ਦਾ ਨਤੀਜਾ ਹੈ। ਪੰਜਾਬ ਸਰਕਾਰ ਵੱਲੋਂ ਦੇਸ਼ ਲਈ ਸ਼ਹੀਦ ਹੋਣ ਵਾਲੇ ਜਵਾਨਾਂ ਨੂੰ 1 ਕਰੋੜ ਰੁਪਇਆ ਦਿੱਤਾ ਜਾਂਦਾ ਹੈ ਜਦਕਿ ਪਹਿਲੀਆਂ ਸਰਕਾਰਾਂ ਵੱਲੋਂ 15 ਅਗਸਤ ਮੌਕੇ ਇਕ ਸਿਲਾਈ ਮਸ਼ੀਨ ਦੇ ਦਿੱਤੀ ਜਾਂਦੀ ਸੀ।
ਸਵਾਲ : 1000 ਰੁਪਏ ਦੇ ਨਾਲ ਔਰਤਾਂ ਆਤਮ ਨਿਰਭਰ ਤਾਂ ਨਹੀਂ ਬਣਨਗੀਆਂ?
ਜਵਾਬ  : 1000 ਰੁਪਏ ਨਾਲ ਔਰਤਾਂ ਆਤਮ ਨਿਰਭਰ ਕਿਉਂ ਨਹੀਂ ਬਣਨਗੀਆਂ, ਜੇਕਰ 1 ਪਛੜੇ ਵਰਗ ਦੇ ਘਰ ਵਿਚ ਤਿੰਨ ਮਹਿਲਾਵਾਂ ਹਨ ਉਨ੍ਹਾਂ ਨੂੰ 1500 ਰੁਪਏ ਦੇ ਹਿਸਾਬ ਨਾਲ 4500 ਰੁਪਏ ਮਿਲਣਗੇ। 4500 ਰੁਪਏ ਉਨ੍ਹਾਂ ਦੀ ਜ਼ਿੰਦਗੀ ’ਚ ਬਹੁਤ ਅਹਿਮੀਅਤ ਰੱਖਦਾ ਹੈ ਅਤੇ ਇਸ ਪੈਸੇ ਨਾਲ ਉਹ ਆਪਣੇ ਘਰ ਦਾ ਸਮਾਨ ਲਿਆਉਣਗੀਆਂ ਅਤੇ ਉਨ੍ਹਾਂ ਨੂੰ ਕਿਸੇ ਅੱਗੇ ਹੱਥ ਨਹੀਂ ਅੱਡਣਾ ਪਵੇਗਾ। ਇਹ ਨਹੀਂ ਕਿ ਉਹ ਸਿਰਫ਼ ਇਸੇ ਪੈਸੇ ’ਤੇ ਹੀ ਨਿਰਭਰ ਰਹਿਣਗੀਆਂ ਉਹ ਹੋਰ ਵੀ ਕੰਮ ਕਰਦੀਆਂ ਹਨ ਪਰ ਇਸ ਪੈਸੇ ਨਾਲ ਉਨ੍ਹਾਂ ਨੂੰ ਬਹੁਤ ਮਦਦ ਮਿਲੇਗੀ। ਇਕੱਲੇ ਪਿੰਡਾਂ ’ਚ ਹੀ ਨਹੀਂ ਬਲਕਿ ਸ਼ਹਿਰਾਂ ’ਚ ਵੀ ਬਹੁਤ ਸਾਰੇ ਅਜਿਹੇ ਪਰਿਵਾਰ ਹਨ ਜਿਨ੍ਹਾਂ ਨੂੰ ਇਸ ਦੀ ਜ਼ਰੂਰਤ ਹੈ। ਗਰੀਬ ਘਰ ਦੀਆਂ ਔਰਤਾਂ ਕਈ-ਕਈ ਘਰਾਂ ’ਚ ਕੰਮ ਕਰਕੇ ਮਹੀਨੇ ਦਾ 4000 ਜਾਂ 5000 ਰੁਪਏ ਕਮਾਉਂਦੀਆਂ ਹਨ। ਉਨ੍ਹਾਂ ਦੇ ਇਸ ਪੈਸੇ ’ਚ 1000 ਰੁਪਏ ਜਾਂ 1500 ਰੁਪਏ ਹੋਰ ਆਉਣ ਨਾਲ ਉਨ੍ਹਾਂ ਨੂੰ ਕਾਫ਼ੀ ਮਦਦ ਮਿਲੇਗੀ।
ਸਵਾਲ : ਆਰਥਿਕ ਪੱਖੋਂ ਕਮਜ਼ੋਰ ਵਰਗਾਂ ਨੂੰ ਪੈਸਾ ਦੇਣ ਦੇ ਅਸੀਂ ਪੱਖ ’ਚ ਹਾਂ ਪਰ ਪੰਜਾਬ ਦੀਆਂ 90 ਫੀਸਦੀ ਔਰਤਾਂ ਆਰਥਿਕ ਪੱਖੋਂ ਕਮਜ਼ੋਰ ਨਹੀਂ, ਕਿਉਂਕਿ ਪੰਜਾਬ ਸਿਰ ਪਹਿਲਾਂ ਹੀ ਬਹੁਤ ਕਰਜ਼ਾ ਚੜ੍ਹ ਚੁੱਕਿਆ ਹੈ?
ਜਵਾਬ : ਅਸੀਂ ਇਸ ਸਬੰਧੀ ਪ੍ਰਬੰਧ ਕੀਤਾ ਹੈ ਸਰਕਾਰੀ ਨੌਕਰੀ ਕਰਨ ਵਾਲੀਆਂ ਅਤੇ ਇਨਕਮ ਟੈਕਸ ਭਰਨ ਵਾਲਿਆਂ ਨੂੰ ਇਸ ਯੋਜਨਾ ਵਿਚ ਸ਼ਾਮਲ ਨਹੀਂ ਕੀਤਾ ਗਿਆ। ਕਾਂਗਰਸ ਪਾਰਟੀ ਲਗਾਤਾਰ ਸੱਤਾ ’ਚ ਰਹੀ ਅਤੇ ਕਾਂਗਰਸ ਪਾਰਟੀ ਪੰਜਾਬ ਸਿਰ 3 ਲੱਖ ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਸਿਰ ਚੜ੍ਹਾ ਕੇ ਗਏ। ਉਸ ਕਰਜ਼ੇ ਦੀ ਸਰਵਿਸ ਕਰਦਿਆਂ ਹੀ ਸਾਡਾ ਬਹੁਤ ਸਾਰਾ ਪੈਸਾ ਚਲਿਆ ਜਾਂਦਾ ਸੀ। ਅਸੀਂ 35 ਫ਼ੀਸਦੀ ਪੈਸਾ ਉਨ੍ਹਾਂ ਦੇ ਚੜ੍ਹਾਏ ਹੋਏ ਕਰਜ਼ਾ ਦਾ ਮੂਲ ਧਨ ਮੋੜਿਆ ਅਤੇ 50 ਫ਼ੀਸਦੀ ਵਿਆਜ ਮੋੜਿਆ ਹੈ। ਅਸੀਂ ਆਪਣੀ ਆਮਦਨ ’ਚ ਵਾਧਾ ਕੀਤਾ। ਕਾਂਗਰਸ ਪਾਰਟੀ ਦੇ  ਸਮੇਂ ਸਟੈਂਪਪੈਡ ਰਜਿਸਟ੍ਰੇਸ਼ਨ ਤੋਂ ਉਨ੍ਹਾਂ ਦੀ ਕਮਾਈ 12000 ਕਰੋੜ ਰੁਪਏ ਦੀ ਕਮਾਈ ਸੀ ਜਦਕਿ ਅਸੀਂ ਇਸ ਨੂੰ 30,000 ਕਰੋੜ ਰੁਪਏ ’ਤੇ ਲੈ ਗਏ। ਜੀ.ਐਸ.ਟੀ ਤੋਂ ਕਾਂਗਰਸ ਸਮੇਂ 60,000 ਕਰੋੜ ਰੁਪਏ ਆਉਂਦੀ ਸੀ ਜਦਕਿ ਅਸੀਂ ਪੰਜ ਸਾਲਾਂ 1,20,000 ਰੁਪਏ ਤੱਕ ਪਹੁੰਚਣ ਦਾ ਅਨਮੁਾਨ ਹੈ।
ਸਵਾਲ : ਅਸੀਂ ਕਾਂਗਰਸ ਜਾਂ ਅਕਾਲੀ ਸਰਕਾਰ ਦੀ ਗੱਲ ਨਹੀਂ ਕਰਾਂਗੇ, ਅਸੀਂ ਸਿਰਫ਼ ਆਮ ਆਦਮੀ ਪਾਰਟੀ ਦੇ ਕਾਰਜਕਾਲ ਦੀ ਗੱਲ ਕਰਾਂਗੇ, ਜਿਹੜਾ ਕਰਜ਼ਾ 4.50 ਲੱਖ ਕਰੋੜ ਰੁਪਏ ਤੱਕ ਪਹੁੰਚ ਗਿਆ ਹੈ ਤੇ ਸੁਪਰੀਮ ਕੋਰਟ ਵੀ ਕਹਿ ਰਹੀ ਕਿ ਇੰਨੀਆਂ ਮੁਫ਼ਤ ਦੀਆਂ ਸਹੂਲਤਾਂ ਨਹੀਂ ਦੇਣੀਆਂ ਚਾਹੀਦੀਆਂ?
ਜਵਾਬ : ਮਾਨਯੋਗ ਸੁਪਰੀਮ ਕੋਰਟ ਦੇ ਸ਼ਾਹਮਣੇ ਸ਼ਾਇਦ ਇਹ ਡਾਟਾ ਪੇਸ਼ ਨਹੀਂ ਕੀਤਾ ਜਾ ਰਿਹਾ ਕਿ ਦੇਸ਼ ਦੇ ਕਿੰਨੇ ਲੋਕ ਗਰੀਬੀ ਰੇਖਾ ਤੋਂ ਹੇਠਾ ਰਹਿ ਰਹੇ ਹਨ ਅਤੇ ਕਿੰਨੇ ਲੋਕ ਰੋਟੀ ਤੋਂ ਮੁਹਤਾਜ਼ ਹਨ। ਪੰਜਾਬ ਇਕ ਵੈਲਫੇਅਰ ਸਟੇਟ ਅਤੇ ਆਮ ਆਦਮੀ ਪਾਰਟੀ ਇਹ ਚੰਗੀ ਤਰ੍ਹਾਂ ਸਮਝਦੀ ਹੈ ਕਿ ਇਹ ਡਿਊਟੀ ਕਿਸ ਤਰ੍ਹਾਂ ਨਿਭਾਉਣੀ ਹੈ। ਜੇਕਰ ਇਕ ਐਮ.ਐਲ.ਏ. ਜਾਂ ਆਈ ਏ ਐਸ ਅਫ਼ਸਰ ਦਾ ਇਲਾਜ਼ ਮੁਫ਼ਤ ਹੋ ਸਕਦਾ ਹੈ ਤਾਂ ਇਕ ਗਰੀਬ ਵਿਅਕਤੀ ਦਾ ਇਲਾਜ ਮੁਫਤ ਕਿਉਂ ਨਹੀਂ ਹੋ ਸਕਦਾ ਅਤੇ ਉਸ ਨੂੰ ਮੁਫ਼ਤ ਰਾਸ਼ਨ ਦੀ ਸਹੂਲਤ ਕਿਉਂ ਨਹੀਂ ਮਿਲ ਸਕੀ। ਮੇਰੀ ਰਸੋਈ ਸਕੀਮ ਤਹਿਤ ਹੁਣ ਪੰਜਾਬ ਸਰਕਾਰ ਮੁਫ਼ਤ ਅਨਾਜ ਦੇ ਨਾਲ ਇਕ ਕਿੱਟ ਵੀ ਦੇਵੇਗੀ, ਜਿਸ ’ਚ ਦੋ ਕਿਲੋ ਮਾਂਹ-ਛੋਲਿਆਂ ਦੀ ਦਾਲ, ਦੋ ਕਿਲੋਗ੍ਰਾਮ ਚੀਨੀ,  1 ਲੀਟਰ ਸਰ੍ਹੋਂ ਦਾ ਤੇਲ, 1 ਕਿਲੋਗ੍ਰਾਮ ਨਮਕ ਅਤੇ 200 ਗ੍ਰਾਮ ਹਲਦੀ ਦਿੱਤੀ ਜਾਵੇਗੀ।
ਸਵਾਲ : ਮੈਂ ਆਮ ਆਦਮੀ ਪਾਰਟੀ ਦੀ ਕ੍ਰਾਂਤੀ ਨੂੰ ਉਸ ਦਿਨ ਮੰਨਾਂਗੀ ਜਦੋਂ ਗਰੀਬ-ਅਮੀਰ ਦਾ ਬੱਚਾ ਸਰਕਾਰੀ ਸਕੂਲ ’ਚ ਪੜ੍ਹੇਗਾ ਤੇ ਹਰ ਦਾ ਇਲਾਜ ਸਰਕਾਰੀ ਹਸਪਤਾਲ ’ਚ ਹੋਵੇਗਾ
ਜਵਾਬ : 1980 ਤੋਂ ਪਹਿਲਾਂ ਸਰਕਾਰੀ ਸਕੂਲਾਂ ਦੇ ਪੜ੍ਹੇ ਬੱਚੇ ਆਈ.ਏ.ਐਸ. ਦੇ ਪੀ.ਸੀ.ਐਸ. ਬਣਦੇ ਸਨ ਅਤੇ ਮੰਤਰੀ ਬਣਦੇ ਸਨ। ਅਸੀਂ ਵੀ ਉਨ੍ਹਾਂ ਹੀ ਸਕੂਲਾਂ ਦੇ ਪੜ੍ਹੇ ਹੋਏ ਹਨ। ਇਹ ਗੰਦ 25 ਸਾਲਾਂ ’ਚ ਪਾਇਆ ਕਿਸੇ ਨੇ, ਇਹ ਸਾਰਾ ਪਿਛਲੀਆਂ ਸਰਕਾਰਾਂ ਦਾ ਪਾਇਆ ਹੋਇਆ ਗੰਦ ਹੈ। ਜੇਕਰ ਤੁਸੀਂ ਕਹੋ ਕਿ ਤੁਸੀਂ 25-30 ਸਾਲਾਂ ’ਚ ਪਾਇਆ ਹੋਇਆ ਗੰਦ 4 ਸਾਲਾਂ ’ਚ ਸਾਫ਼ ਹੋ ਜਾਵੇ ਤਾਂ ਇਹ ਇਕਦਮ ਸੰਭਵ ਨਹੀਂ ਹੈ। ਅੱਜ ਸਰਕਾਰੀ ਸਕੂਲਾਂ ’ਚ ਪੜ੍ਹੇ ਹੋਏ ਬੱਚੇ ਨੀਟ, ਆਈ.ਆਈ.ਟੀ. ’ਚ ਜਾ ਰਹੇ ਹਨ ਤਾਂ ਇਸ ਦੇ ਪਿੱਛੇ ਸਾਡੇ ਸਰਕਾਰ ਦੀ ਹੀ ਮਿਹਨਤ ਹੈ ਅਤੇ ਇਸ ਦਾ ਸਿਹਰਾ ਸਾਡੀ ਸਰਕਾਰ ਨੂੰ ਜਾਣਾ ਚਾਹੀਦਾ ਹੈ।
ਸਵਾਲ : ਤੁਸੀਂ ਤੇ ਤੁਹਾਡੀ ਅਫ਼ਸਰ ਸ਼ਾਹੀ ਜੋ ਕਰਦੀ ਹੈ, ਉਸ ’ਤੇ ਤੁਹਾਨੂੰ ਮਾਣ ਹੋਣਾ ਚਾਹੀਦਾ ਤੇ ਉਸ ਨੂੰ ਤੁਸੀਂ ਖੁ਼ਦ ਵੀ ਇਸਤੇਮਾਲ ਕਰੋ ਅਤੇ ਗਰੀਬ-ਅਮੀਰ ਦਾ ਪਾੜਾ ਖਤਮ ਹੋਵੇ?
ਜਵਾਬ : ਬਾਲ ਤੇ ਮਹਿਲਾ ਵਿਕਾਸ ਲਈ ਅਸੀਂ 18,304 ਕਰੋੜ ਰੁਪਏ ਰੱਖੇ ਗਏ, ਮਾਵਾਂ-ਧੀਆਂ ਦਾ ਸਤਿਕਾਰ ਯੋਜਨਾ ਲਈ ਅਸੀਂ 9300 ਕਰੋੜ ਰੁਪਏ ਤੇ ਸਿੱਖਿਆ ਲਈ ਅਸੀਂ 19,279 ਕਰੋੜ ਰੁਪਏ ਦਾ ਬਜਟ ਰੱਖਿਆ ਹੈ। ਤੁਸੀਂ ਹੈਰਾਨ ਹੋਵੋਗੇ 20 ਹਜ਼ਾਰ ਸਕੂਲਾਂ ਦੀਆਂ ਦੀਵਾਰਾਂ ਅਸੀਂ ਬਣਾਈਆਂ ਜੇਕਰ ਅਸੀਂ ਛੋਟੀਆਂ-ਛੋਟੀਆਂ ਬੱਚੀਆਂ ਲਈ ਅਸੀਂ ਸਕੂਲਾਂ ’ਚ ਬਾਥਰੂਮ ਬਣਾ ਦਿੱਤੇ ਤਾਂ ਕਾਂਗਰਸ ਪਾਰਟੀ ਵਾਲੇ ਸਾਡਾ ਮਜ਼ਾਕ ਉਡਾ ਰਹੇ ਹਨ। ਕਿਉਂਕਿ ਅਮੀਰਾਂ ਦੇ ਬੱਚੇ ਵੱਡੇ-ਵੱਡੇ ਸਕੂਲਾਂ ’ਚ ਪੜ੍ਹ ਰਹੇ ਹਨ। ਇਕ ਬੱਚੀ ਨੌਕਰੀ ਦੀ ਵੈਰੀਫਿਕੇਸ਼ਨ ਲੇਟ ਲੇਟ ਹੋ ਗਈ ਅਤੇ ਉਸ ਨੂੰ ਮੈਂ ਆਪਣੇ ਘਰ ਹੀ ਬੁਲਾ ਲਿਆ। ਮੈਂ ਉਸ ਨੂੰ ਪੁੱਛਿਆ ਕਿ ਤੁਸੀਂ ਕਿੱਥੇ ਪੜ੍ਹੇ ਹੋ ਤਾਂ ਉਸ ਨੇ ਦੱਸਿਆ ਕਿ ਮੈਂ ਬਰੇਟੇ ਦੇ ਸਰਕਾਰੀ ਸਕੂਲ ’ਚ ਪੜ੍ਹੀ ਹਾਂ।  ਉਸ ਦਾ ਪਿਤਾ ਪੱਲੇਦਾਰੀ ਦਾ ਕੰਮ ਕਰਦਾ ਅਤੇ ਮਾਤਾ ਨਰੇਗਾ ’ਚ ਕੰਮ ਕਰਦੀ ਹੈ। ਜੇਕਰ ਅੱਜ ਗਰੀਬ ਬੱਚੇ ਪੜ੍ਹ ਕੇ ਮੈਰਿਟ ਦੇ ਆਧਾਰ ’ਤੇ ਨੌਕਰੀਆਂ ਹਾਸਲ ਕਰ ਰਹੇ ਹਨ ਤਾਂ ਇਸ ਦਾ ਸਿਹਰਾ ਸਾਡੀ ਸਰਕਾਰੀ ਨੂੰ ਜਾਣਾ ਚਾਹੀਦਾ ਹੈ।
ਸਵਾਲ : ਮੁੱਖ ਮੰਤਰੀ ਸਿਹਤ ਯੋਜਨਾ ਲਈ 2000 ਕਰੋੜ ਬਜਟ ਥੋੜ੍ਹਾ ਨਹੀਂ, ਇਸ ਲਈ ਹੋਰ ਬਜਟ ਨਹੀਂ ਰੱਖਿਆ ਜਾਣਾ ਚਾਹੀਦਾ ਸੀ?
ਜਵਾਬ : ਮੁੱਖ ਮੰਤਰੀ ਸਿਹਤ ਯੋਜਨਾ ਬਹੁਤ ਵੱਡੀ ਯੋਜਨਾ ਹੈ। ਇਸ ਲਈ 2000 ਕਰੋੜ ਰੁਪਏ ਦਾ ਬਜਟ ਬਹੁਤ ਹੈ, ਅਸੀਂ ਸਾਰੇ ਅਨੁਮਾਨਾਂ ਨੂੰ ਦੇਖ ਕੇ ਇਹ ਬਜਟ ਰੱਖਿਆ ਹੈ। ਜੇਕਰ ਕਿਸੇ ਦਾ 2000 ਰੁਪਏ ਦੀ ਜਗ੍ਹਾ 2500 ਰੁਪਏ ਲੱਗੇਗਾ ਤਾਂ ਉਸ ਨੂੰ ਉਹ ਦੇਵਾਂਗਾ। ਜਦੋਂ ਬਜਟ ਹਰੇਕ ਸਾਲ ਰਿਵਾਇਜ਼ ਕੀਤਾ ਜਾਂਦਾ ਹੈ ਤਾਂ ਉਸ ’ਚ ਵਾਧਾ ਘਾਟਾ ਕਰ ਲਿਆ ਜਾਂਦਾ ਹੈ।
ਸਵਾਲ : ਭਾਜਪਾ ਦਾ ਆਰੋਪ ਹੈ ਪ੍ਰਧਾਨ ਮੰਤਰੀ ਸਿਹਤ ਯੋਜਨਾ ਤੋੜ-ਮਰੋੜ ਕੇ ਤੁਸੀਂ ਆਪਣੇ ਨਾਂ ਕਰ ਲਿਆ?
ਜਵਾਬ : ਮੈਂ ਭਾਰਤੀ ਜਨਤਾ ਪਾਰਟੀ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਦੇਸ਼ ’ਚ 10 ਲੱਖ ਰੁਪਏ ਦੀ ਯੋਜਨਾ ਕਿਉਂ ਨਹੀਂ ਲਾਗੂ ਕਰਦੇ, ਤੁਸੀਂ 20 ਲੱਖ ਰੁਪਏ ਦੀ ਯੋਜਨਾ ਲਾਗੂ ਕਰ ਦਿਓ। ਕੇਂਦਰ ਸਰਕਾਰ ਦਾ ਤਾਂ ਬਹੁਤ ਵੱਡਾ ਬਜਟ ਹੁੰਦਾ ਹੈ ਉਹ ਦੇਸ਼ ’ਚ ਵੱਡੇ-ਵੱਡੇ ਏਮਜ਼ ਵਰਗੇ ਹਸਪਤਾਲ ਬਣਾ ਦੇਣ। ਭਾਜਪਾ ਵਾਲੇ ਤਾਂ ਸਾਡਾ ਗਲ਼ ਘੁੱਟਣ ’ਤੇ ਲੱਗੇ ਹੋਏ ਉਨ੍ਹਾਂ ਨੇ ਆਰ.ਡੀ.ਐਫ. ਦਾ ਪੈਸਾ ਰੋਕ ਲਿਆ, ਨੈਸ਼ਨਲ ਹੈਲਥ ਕਮਿਸ਼ਨ ਦਾ ਪੈਸਾ ਰੋਕ ਲਿਆ। ਇਹ ਪੈਸਾ ਹਸਪਤਾਲਾਂ ’ਤੇ ਹੀ ਖਰਚਿਆ ਜਾਣਾ ਸੀ। ਕਈ ਸੂਬਿਆਂ ’ਚ ਕਾਂਗਰਸ ਪਾਰਟੀ ਦੀ ਸਰਕਾਰ ਹੈ ਅਤੇ ਭਾਰਤੀ ਜਨਤਾ ਪਾਰਟੀ ਵਿਰੋਧੀ ਧਿਰ ਵਾਲੀਆਂ ਸਰਕਾਰਾਂ ਨਾਲ ਧੱਕਾ ਕਰ ਰਹੀ ਹੈ। ਭਾਰਤੀ ਜਨਤਾ ਪਾਰਟੀ ਦੇਸ਼ ਨਾਲ ਧੱਕਾ ਰਹੀ ਹੈ ਅਤੇ ਭਾਜਪਾ ਤੋਂ ਦੇਸ਼ ਨੂੰ ਬਚਾਉਣਾ ਹੈ। ਭਾਰਤ ਨੂੰ ਟਰੰਪ ਚਲਾ ਰਿਹਾ ਹੈ।
ਸਵਾਲ : ਭਾਜਪਾ ਦਾ ਆਰੋਪ ਹੈ ਤੁਸੀਂ ਭਾਜਪਾ ਦੀ ਸਕੀਮਾਂ ਨੂੰ ਤੁਸੀਂ ਆਪਣੇ ਬਜਟ ’ਚ ਪਾਇਆ ਹੈ?
ਜਵਾਬ : ਕੀ ਪੰਜਾਬ ਕੇਂਦਰ ਸਰਕਾਰ ਨੂੰ ਫੰਡ ਨਹੀਂ ਦੇ ਰਿਹਾ। ਜੀ.ਐਸ.ਟੀ. ਰਾਹੀਂ ਦਾ ਅੱਧਾ ਪੈਸਾ ਕੇਂਦਰ ਸਰਕਾਰ ਕੋਲ ਜਾਂਦਾ ਹੈ। ਇਸ ਤੋਂ ਇਲਾਵਾ ਬਹੁਤ ਸਾਰਾ ਸਿੱਧਾ ਟੈਕਸ ਵੀ ਕੇਂਦਰ ਸਰਕਾਰ ਨੂੰ ਜਾਂਦਾ ਹੈ। ਭਾਰਤੀ ਜਨਤਾ ਪਾਰਟੀ ਵਾਲਿਆਂ ਨੂੰ ਇਹ ਸਮਝ ਨਹੀਂ ਆਉਂਦੀਂ ਜਦਕਿ ਸੂਬਾ ਸਰਕਾਰ ਨੂੰ ਸਿਰਫ਼ 41 ਫ਼ੀਸਦੀ ਵਾਪਸ ਆਉਂਦਾ ਹੈ। ਅਸੀਂ ਆਪਣੀ ਜੀ.ਐਸ.ਟੀ. ’ਚ ਵਾਧਾ ਹੋਇਆ। ਪੰਜਾਬ ’ਚ ਇਨਵੈਸਟ ਵਧ ਰਹੀ ਹੈ ਅਸੀਂ ਪਿਛਲੇ 4 ਸਾਲਾਂ ਦੌਰਾਨ ਅਜਿਹਾ ਵਾਤਾਵਰਣ ਸਿਰਜਿਆ ਹੈ, ਜਿਸ ਕਾਰਨ ਪੰਜਾਬ ’ਚ ਨਿਵੇਸ਼ ਹੋ ਰਿਹਾ ਹੈ। ਮੈਂ ਭਾਜਪਾ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਪੰਜਾਬ ਲਈ ਐਲਾਨਿਆ 1600 ਕਰੋੜ ਰੁਪਏ ਪੰਜਾਬ ਨੂੰ ਦੇ ਦਿੱਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਅਸੀਂ 20,000 ਕਰੋੜ ਰੁਪਏ ਦਾ ਐਸਟੀਮੇਟ ਬਣਾ ਦਿੱਤਾ ਸੀ ਪਰ ਸਾਨੂੰ ਇਕ ਪੈਸਾ ਨਹੀਂ ਦਿੱਤਾ ਗਿਆ। ਪੰਜਾਬ ਦੇ ਕਰਜ਼ਾ ਦਾ ਢਿੰਡੋਰਾ ਪਿੱਟਿਆ ਜਾਂਦਾ ਹੈ ਹੈ। ਮੈਂ ਭਾਜਪਾਈਆਂ ਨੂੰ ਪੁੱਛਣਾ ਚਾਹੁੰਦਾ ਹੈ ਕਿ ਤੁਸੀਂ 198 ਕਰੋੜ ਰੁਪਏ ਦਾ ਕਰਜ਼ਾ ਕਿਉਂ ਲਿਆ। ਕਰਜਾ ਲੈਣ ਦੀ ਇਕ ਲਿਮਟ ਹੁੰਦੀ ਹੈ,ਜੇਕਰ ਉਸ ਲਿਮਟ ਨੂੰ ਕਰੌਸ ਕੀਤਾ ਜਾਂਦਾ ਹੈ ਤਾਂ ਉਹ ਗਲਤ ਹੈ ਅਸੀਂ ਉਸ ਤੋਂ ਪਿੱਛੇ ਚੱਲ ਰਹੇ ਹਾਂ।
ਸਵਾਲ : ਕੀ ਤੁਸੀਂ ਇਸ ਤੋਂ ਸੰਤੁਸ਼ਟ ਹੋ ਕਿ ਆਉਣ ਵਾਲੇ ਸਮੇਂ ’ਚ ਪੰਜਾਬ ਸਿਰ ਚੜ੍ਹੇ ਕਰਜ਼ੇ ਦਾ ਭਾਰ ਘਟੇਗਾ?
ਜਵਾਬ : ਮੈਂ ਬਹੁਤ ਹੀ ਮਾਣ ਨਾਲ ਕਹਿ ਰਿਹਾ ਹਾਂ ਮੈਂ ਇਸ ਕਰਜ਼ੇ ਨੂੰ ਘਟਾਉਣ ਵਿਚ ਕਾਫ਼ੀ ਸਫ਼ਲਤਾ ਹਾਸਲ ਕੀਤੀ ਹੈ। ਇਸ ਸਭ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਯੋਗ ਅਗਵਾਈ ’ਚ ਹੋਇਆ ਹੈ। ਉਨ੍ਹਾਂ ਨੇ ਸਾਨੂੰ ਈਮਾਨਦਾਰੀ ਦੇ ਰਸਤੇ ’ਤੇ ਚੱਲਣਾ ਸਿਖਾਇਆ, ਜਿਸ ਸਦਕਾ ਇਹ ਸਭ ਕੁੱਝ ਹੋ ਰਿਹਾ ਹੈ ਅਤੇ ਸਾਡਾ ਸੂਬਾ ਤਰੱਕੀ ਕਰ ਰਿਹਾ ਹੈ।
ਸਵਾਲ : ਸੁਨੀਲ ਜਾਖੜ ਦਾ ਇਲਜ਼ਾਮ ਹੈ ਤੁਸੀਂ ਜੋ ਬਿਜਲੀ ਦਰ ਘਟਾਈ ਹੈ, ਉਸ ਦਾ ਫਾਇਦਾ ਪੰਜਾਬ ਸਰਕਾਰ ਨੂੰ ਹੋਵੇਗਾ?
ਜਵਾਬ : ਜਦੋਂ ਕਾਂਗਰਸ ਪਾਰਟੀ 2022 ਨੂੰ ਪੰਜਾਬ ਦੇ ਲੋਕਾਂ ਨੂੰ ਸੱਤਾ ਤੋਂ ਬਾਹਰ ਕੀਤਾ ਤਾਂ ਉਨ੍ਹਾਂ 9000 ਕਰੋੜ ਰੁਪਏ ਦਾ ਬਕਾਇਆ ਅਸੀਂ ਦਿੱਤਾ। ਪੰਜਾਬ ਅੱਜ ਸੋਲਰ ਬਿਜਲੀ ਵੱਲ ਵਧ ਰਿਹਾ ਹੈ। ਮੈਨੂੰ ਇਕ ਨੌਜਵਾਨ ਮਿਲਿਆ ਜਿਸ ਵੱਲੋਂ 50 ਏਕੜ ਵਿਚ ਸੋਲਰ ਸਿਸਟਮ ਲਗਾਇਆ ਗਿਆ ਹੈ ਅਤੇ ਇਸ ਦੇ ਹੇਠਾਂ ਉਸ ਨੂੰ ਫੁੱਲਾਂ ਅਤੇ ਸਬਜ਼ੀਆਂ ਆਦਿ ਦੀ ਖੇਤੀ ਕਰੇਗਾ। ਇਸ ਤੋਂ ਇਲਾਵਾ ਅਸੀਂ ਸਾਰੇ ਸਰਕਾਰੀ ਦਫ਼ਤਾਂ ’ਤੇ ਸੋਲਰ ਪੈਨਲ ਲਗਾਉਣ ਦਾ ਫ਼ੈਸਲਾ ਕੀਤਾ ਹੈ ਕੀ ਇਸ ਨਾਲ ਸਾਡੀ ਬਿਜਲੀ ਨਹੀਂ ਬਚੇਗੀ, ਜਦੋਂ ਅਸੀਂ ਟਰਾਂਸਮਿਸ਼ਨ ਲੌਸ ਨੂੰ ਘਟਾਵਾਂਗੇ ਕੀ ਸਾਡੇ ਪੈਸੇ ਨਹੀਂ ਬਚਣਗੇ। ਜਦੋਂ ਅਸੀਂ 5000 ਕਰੋੜ ਰੁਪਏ ਬਿਜਲੀ ਵਿਭਾਗ ’ਤੇ ਖਰਚ ਰਹੇ ਅਤੇ ਅਸੀਂ ਬਿਜਲੀ ਚੋਰੀ ਨੂੰ ਬਿਲਕੁਲ ਖ਼ਤਮ ਕਰਾਂਗੇ, ਜਿਸ ਦਾ ਫ਼ਾਇਦਾ ਪੰਜਾਬ ਨੂੰ ਮਿਲੇਗਾ।
ਸਵਾਲ : ਬਜਟ ’ਚ ਕਈ ਕਾਲਜਾਂ ਸਬੰਧੀ ਐਲਾਨ ਹੋਇਆ ਤੇ ਇਸ ਸਮੇਂ ਏ.ਆਈ. ਸਭ ਤੋਂ ਵੱਡੀ ਚਿੰਤਾ ਬਣਦੀ ਜਾ ਰਹੀ ਹੈ, ਇਸ ਸਬੰਧੀ ਸਰਕਾਰ ਕੀ ਕਰੇਗੀ?
ਜਵਾਬ : ਸ੍ਰੀ ਗੁਰੂ ਤੇਗ ਬਹਾਦਰ ਜੀ 350ਵੇਂ ਸ਼ਹਾਦਤ ਦਿਵਸ ਮੌਕੇ ਅਸੀਂ ਵਿਸ਼ਵ ਦੀ ਸਭ ਤੋਂ ਸ਼ਾਨਦਾਰ ਯੂਨੀਵਰਸਿਟੀ ਬਣਾਉਣ ਦਾ ਐਲਾਨ ਕੀਤਾ ਸੀ, ਉਸ ਨੂੰ ਬਜਟ ਦੌਰਾਨ ਪਾਸ ਕਰ ਦਿੱਤਾ ਹੈ। ਇਸੇ ਯੂਨੀਵਰਸਿਟੀਜ਼ ਦੇ ਅੰਦਰ ਹੀ ਏਆਈ ਸਬੰਧੀ ਵੀ ਯੂਨੀਵਰਸਿਟੀ ਅੰਦਰ ਵਿੰਗ ਬਣਨਗੇ। ਨਵੀਆਂ ਆਈਟੀਆਈਜ਼ ਬਣ ਰਹੀਆਂ ਹਨ। ਅੱਜਕੱਲ੍ਹ ਸਕਿੱਲ ਡਿਵੈਲਪਮੈਂਟ ਦਾ ਸਮਾਂ ਹੈ ਅਤੇ ਸਕਿੱਲ ਡਿਵੈਲਪਮੈਂਟ ’ਤੇ ਪੰਜਾਬ ਸਰਕਾਰ ਵੱਡੇ ਪੱਧਰ ’ਤੇ ਕੰਮ ਰਹੀ ਹੈ ਤਾਂ ਜੋ ਬੱਚਿਆਂ ਨੂੰ ਰੁਜ਼ਗਾਰ ਮਿਲ ਸਕੇ। ਜੇਕਰ ਅਸੀਂ ਜਪਾਨ ਤੇ ਸਾਊਥ ਕੋਰੀਆ ਗੱਲ ਕਰੀਏ ਤਾਂ ਉਥੇ ਬੱਚਿਆਂ ਨੂੰ ਸਕਿੱਲ ਡਿਵੈਲਪਮੈਂਟ ਵੱਲ ਭੇਜਿਆ ਜਾਂਦਾ ਹੈ ਤਾਂ ਜੋ ਉਹ ਖੁਦ ਦਾ ਰੁਜ਼ਗਾਰ ਪੈਦਾ ਕਰ ਸਕਣ।
ਸਵਾਲ : ਪੰਜਾਬ ’ਚ ਪੈਦਾ ਹੋਈ ਸਥਿਤ ਸਬੰਧੀ ਤੁਸੀਂ ਕੀ ਕਹਿਣਾ ਚਾਹੋਗੇ?
ਜਵਾਬ : ਕਈ ਲੋਕਾਂ ਦੀ ਨਿੱਜੀ ਦੁਸ਼ਮਣੀਆਂ ਹੁੰਦੀਆਂ ਹਨ ਉਨ੍ਹਾਂ ਨੂੰ ਪੰਜਾਬ ਦੇ ਅਮਨ ਕਾਨੂੰਨ ਨਾਲ ਜੋੜ ਕੇ ਪੇਸ਼ ਕਰਕੇ ਵਿਰੋਧੀ ਪਾਰਟੀਆਂ ਨੂੰ ਸ਼ੋਭਾ ਨਹੀਂ ਦਿੱਤਾ। ਮੈਂ ਪੰਜਾਬ ’ਚ ਹੋਈ ਕਈ ਕਤਲਾਂ ਸਬੰਧੀ ਪੁਲਿਸ ਵਾਲਿਆਂ ਨੂੰ ਪੁੱਛਿਆ ਤਾਂ ਇਹੀ ਸਾਹਮਣੇ ਆਇਆ ਕਿ ਇਹ ਕਤਲ ਨਿੱਜੀ ਦੁਸ਼ਮਣੀਆਂ ਤਹਿਤ ਹੋਏ। ਪੰਜਾਬ ਪੁਲਿਸ ਬਹੁਤ ਵਧੀਆ ਕੰਮ ਕਰ ਰਹੀ ਹੈ । ਅਸੀਂ ਇਸ ਕਤਲ ਦੇ ਦੋਸ਼ੀਆਂ ਨੂੰ ਫੜਿਆ ਵੀ ਹੈ ਅਤੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਹੈ। ਕਾਂਗਰਸ ਪਾਰਟੀ ਅਤੇ ਅਕਾਲੀ ਸਰਕਾਰ ਦੀ ਸਰਕਾਰ ਸਮੇਂ ਵਾਂਗ ਅਸੀਂ ਇਹ ਨਹੀਂ ਕਿ ਅਸੀਂ ਅਪਰਾਧੀਆਂ ਖ਼ਿਲਾਫ਼ ਕਾਰਵਾਈ ਹੀ ਨਹੀਂ ਕੀਤੀ। ਪਾਕਿਸਤਾਨ ਦੀ ਸਰਹੱਦ ਦੇ ਨਾਲ ਗੁਜਰਾਤ ਦੀ ਵੀ ਸਰਹੱਦ ਲਗਦੀ ਹੈ, ਉਥੇ ਹੀ ਸਭ ਤੋਂ ਵੱਧ ਸਮਗਲਿੰਗ ਹੁੰਦੀ ਹੈ, ਉਥੇ ਭਾਜਪਾ ਵਾਲੇ ਕਿਉਂ ਨਹੀਂ ਬੋਲਦੇ। ਭਾਰਤੀ ਜਨਤਾ ਪਾਰਟੀ ਇਕ ਜ਼ੁਮਲਾ ਪਾਰਟੀ ਹੈ।
ਸਵਾਲ : ਕੀ ਕਿਸਾਨਾਂ 24 ਫ਼ਸਲਾਂ ’ਤੇ ਐਮ.ਐਸ.ਪੀ. ਮਿਲੇਗੀ?
ਜਵਾਬ : 24 ਫਸਲਾਂ ’ਤੇ ਐਮ.ਐਸ.ਪੀ. ਦੀ ਗੱਲ ਤਾਂ ਕੇਂਦਰ ਸਰਕਾਰ ਅੱਗੇ ਚੱਲ ਰਹੀ ਹੈ ਕਿਉਂਕਿ ਇੰਨਾ ਵੱਡਾ ਬਜਟ ਸੂਬਾ ਸਰਕਾਰ ਅਫੋਰਡ ਨਹੀਂ ਕਰ ਸਕਦੀ, ਅਸੀਂ ਪੰਜਾਬ ਦੇ ਕਿਸਾਨਾਂ ਦੇ ਨਾਲ ਸਹਿਮਤ ਹਾਂ। ਕੇਂਦਰ ਸਰਕਾਰ ਨੇ ਤਾਂ ਕਿਸਾਨ ਅਮਰੀਕਾ ਸਾਹਮਣੇ ਵੇਚ ਦਿੱਤਾ ਹੈ। ਜਦੋਂ ਦੇਸ਼ ਦੇ ਕਿਸਾਨਾਂ ਨੂੰ ਅਮਰੀਕਾ ਨਾਲ ਹੋਏ ਵਪਾਰ ਸਮਝੌਤੇ ਸਬੰਧੀ ਪਤਾ ਚੱਲਿਆ ਤਾਂ ਭਾਜਪਾ ਵਾਲਿਆਂ ਨੇ ਐਗਰੀਮੈਂਟ ਹੀ ਲੁਕੋ ਲਿਆ। ਅਮਰੀਕਾ ਵਪਾਰ ਸਮਝੌਤੇ ਦਾ ਸਭ ਤੋਂ ਵੱਧ ਨੁਕਸਾਨ ਪੰਜਾਬ ਦੇ ਕਿਸਾਨ ਨੂੰ ਹੋਵੇਗਾ ਅਤੇ ਭਾਰਤ ਦੇ ਸਮੁੱਚੇ ਕਿਸਾਨ ਨੂੰ ਇਸ ਦਾ ਬਹੁਤ ਵੱਡਾ ਨੁਕਸਾਨ ਹੋਵੇਗਾ। ਜਦੋਂ ਦੇਸ਼ ਭਰ ਦੇ ਕਿਸਾਨ ਇਕੱਠੇ ਹੋ ਗਏ ਤਾਂ ਕਿਸਾਨ ਕੇਂਦਰ ਸਰਕਾਰ ਦੇ ਨੱਕ ’ਚ ਦਮ ਕਰ ਦੇਣਗੇ।
ਸਵਾਲ : ਤੁਹਾਨੂੰ ਆਪਣੇ ਬਜਟ ’ਚ ਕੋਈ ਕਮਜ਼ੋਰ ਨਜ਼ਰ ਆਉਂਦੀ ਹੈ?
ਜਵਾਬ : ਮੇਰੀ ਸਭ ਤੋਂ ਪਹਿਲੀ ਤਰਜੀਹ ਸੀ ਸਿੱਖਿਆ, ਸਾਡੀ ਸਰਕਾਰ ਦੋ ਸਿਧਾਂਤਾਂ ’ਤੇ ਚਲਦੀ ਹੈ ਡਾ. ਭੀਮ ਰਾਓ ਅੰਬੇਦਕਰ ਤੇ ਭਗਤ ਸਿੰਘ ਦੀ ਸਿਧਾਂਤ ’ਤੇ। ਸਿੱਖਿਆ ਸਾਡੀ ਬਹੁਤ ਵੱਡੀ ਗਰੰਟੀ ਸੀ,ਜਿਸ ਨੂੰ ਲਾਗੂ ਕਰਨ ’ਚ ਅਸੀਂ ਬਹੁਤ ਵੱਡੀ ਪੱਧਰ ’ਤੇ ਕਾਮਯਾਬ ਹੋਏ ਹਾਂ। ਦੂਜਾ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ’ਚੋਂ ਕੱਢਣਾ, ਉਸ ਦੇ ਲਈ ਅਸੀਂ ਨੌਜਵਾਨਾਂ ਖੇਡਿਆਂ ਵੱਲ ਲੈ ਕੇ ਜਾਣਾ ਚਾਹੁੰਦੇ ਹਾਂ, ਜਿਸ ਦੇ ਲਈ ਅਸੀਂ ਪੰਜਾਬ ਭਰ ’ਚ ਖੇਡ ਦੇ ਮੈਦਾਨ ਬਣਾ ਰਹੇ ਹਾਂ। ਇਸ ਤੋਂ ਬਾਅਦ ਅਸੀਂ ਲੋਕਾਂ ਨੂੰ ਦੀ ਸਿਹਤ ਨੂੰ ਲੈ ਕੇ ਬਹੁਤ ਚਿੰਤਤ ਸੀ। ਬਹੁਤ ਗਰੀਬ ਆਪਣਾ ਇਲਾਜ ਕਰਵਾਉਣ ਤੋਂ ਸਮਰੱਥ ਸਨ, ਜਿਸ ਨੂੰ ਲੈ ਕੇ ਅਸੀਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਲੈ ਕੇ ਹਾਂ, ਜਿਸ ਦਾ ਸਭ ਨੂੰ ਫਾਇਦਾ ਮਿਲ ਰਿਹਾ ਹੈ।
ਸਵਾਲ : ਤੁਸੀਂ ਪੇਸ਼ੇ ਤੋਂ ਵਕੀਲ ਹੋ, ਵਿੱਤ ਮੰਤਰੀ ਰਹਿੰਦੇ ਹੋਏ ਇਨ੍ਹਾਂ ਅੰਕੜਿਆਂ ਨੂੰ ਤੁਸੀਂ ਕਿਵੇਂ ਸਮਝਿਆ?
ਜਵਾਬ : ਜਦੋਂ 12ਵੀਂ ਜਮਾਤ ’ਚ ਪੜ੍ਹਦਾ ਸੀ,ਮੈਂ ਉਦੋਂ ਤੋਂ ਹੀ ਸਿਆਸਤ ਵਿਚ ਸਰਗਰਮ ਸੀ, ਜਦੋਂ ਮੈਂ ਵਕਾਲਤ ਕੀਤੀ, ਉਸ ਸਮੇਂ ਵੀ ਮੈਂ ਇਲੈਕਸ਼ਨ ਲੜੀ ਅਤੇ ਉਦੋਂ ਵੀ ਮੈਂ ਵੱਡੇ-ਵੱਡੇ ਧਨਾਢਾਂ ਹਰਾਇਆ ਅਤੇ ਉਸ ਸਮੇਂ ਵੀ ਬੜੀ ਪਾਰਦਰਸ਼ਤਾ ਨਾਲ ਕੰਮ ਕਰਦਾ ਸੀ। ਜਦੋਂ ਮੈਂ ਪਹਿਲੇ ਦਿਨ ਵਿੱਤ ਮੰਤਰੀ ਦਾ ਅਹੁਦਾ ਸੰਭਾਲਿਆ ਤਾਂ ਮੈਨੂੰ ਬੜਾ ਔਖਾ ਲੱਗਿਆ ਅਤੇ ਮੈਂ ਆਪਣੇ ਸਹਿਯੋਗੀਆਂ ਤੋਂ ਸਹਿਯੋਗ ਲਿਆ। ਮੈਂ ਪੜ੍ਹਨ ਦਾ ਬਹੁਤ ਆਦੀ ਅਤੇ ਲਗਾਤਾਰ ਪੜ੍ਹਨ ਨਾਲ ਹੀ ਮੈਂ ਵਿੱਤ ਵਿਭਾਗ ਦਾ ਕੰਮ ਪੂਰੀ ਤਰ੍ਹਾਂ ਸਮਝ ਲਿਆ। ਬੱਚਤ ਬਹੁਤ ਵੱਡੀ ਚੀਜ਼ ਹੁੰਦੀ ਹੈ, ਹਰ ਇਨਸਾਨ ਨੂੰ ਛੋਟੀਆਂ-ਛੋਟੀਆਂ ਬੱਚਤਾਂ ਕਰਨੀਆਂ ਚਾਹੀਦੀਆਂ ਹਨ। ਜਦੋਂ ਮੈਂ ਵਿੱਤ ਮੰਤਰੀ ਬਣਿਆ ਸੀ ਤਾਂ ਉਸ ਸਮੇਂ ਕੰਸੌਲੀਡੇਸ਼ਨ ਫੰਡ 3027 ਕਰੋੜ ਰੁਪਏ ਜਮ੍ਹਾਂ ਸਨ ਅਤੇ ਅੱਜ ਇਸ ’ਚ 11720 ਕਰੋੜ ਰੁਪਏ ਜਮ੍ਹਾਂ। ਐਮ.ਐਲ.ਏਜ਼ ਦੀ ਪੈਨਸ਼ਨ ਬੰਦ ਕਰਨ ਨਾਲ ਪਹਿਲੇ ਸਾਲ 21 ਕਰੋੜ ਰੁਪਏ ਬਚੇ ਅਤੇ ਅੱਜ ਇਹ ਬਚਤ 100 ਕਰੋੜ ਰੁਪਏ ਪਹੁੰਚ ਗਈ ਹੈ।
ਸਵਾਲ : ਕੁਰਸੀ ’ਚ ਬਹੁਤ ਤਾਕਤ ਹੁੰਦੀ?
ਜਵਾਬ : ਕੁਰਸੀ ਬੰਦੇ ਲਈ ਮਾਇਨੇ ਨਹੀਂ ਰੱਖਦੀ, ਤੁਹਾਡਾ ਤਜ਼ਰਬਾ ਬਹੁਤ ਮਾਇਨੇ ਰੱਖਦਾ ਅਤੇ ਅੱਗੇ ਵਧਣ ਲਈ ਬਹੁਤ ਸਖਤ ਮਿਹਨਤ ਦੀ ਜ਼ਰੂਰਤ ਹੁੰਦੀ ਹੈ। ਜੇਕਰ ਤੁਸੀਂ ਮਿਹਨਤ ਨਹੀਂ ਕਰੋਗੇ ਤਾਂ ਤੁਸੀਂ ਅੱਗੇ ਨਹੀਂ ਵਧ ਸਕੋਗੇ ਅੱਗੇ ਵਧਣ ਲਈ ਤੁਹਾਨੂੰ ਮਿਹਨਤ ਜ਼ਰੂਰੀ ਹੈ ਮੈਂ ਲਗਾਤਾਰ ਮਿਹਨਤ ਕਰ ਰਿਹਾ ਹੈ। ਜਦੋਂ ਤੱਕ ਪੰਜਾਬ ਦੇ ਸਾਰੇ ਲੋਕਾਂ ਨੂੰ ਸਾਰੀਆਂ ਸਹੂਲਤਾਂ ਨਹੀਂ ਮਿਲ ਜਾਣਗੀਆਂ ਮੈਂ ਉਦੋਂ ਤੱਕ ਆਪਣੀ ਮਿਹਨਤ ਜਾਰੀ ਰੱਖਾਂਗੇ। ਇਹ ਕੰਮ ਅਸੀਂ ਆਉਂਦੇ ਸਾਲਾਂ ’ਚ ਵੀ ਜਾਰੀ ਰੱਖਾਂਗੇ।