'ਭਾਰਤ ਬੰਦ' ਦੇ ਸੱਦੇ ਨੂੰ ਪੰਜਾਬ ਵਿਚ ਰਲਵਾਂ-ਮਿਲਵਾਂ ਹੁੰਗਾਰਾ, ਫ਼ਿਰੋਜ਼ਪੁਰ ਵਿਚ ਝੜਪ, ਕਈ ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੁਕਾਨਾਂ ਬੰਦ ਕਰਾਉਣ 'ਤੇ ਪੱਥਰ ਤੇ ਇੱਟਾਂ ਰੋੜੇ ਚੱਲੇ, ਪੁਲਿਸ ਮੁਲਾਜ਼ਮਾਂ ਸਮੇਤ ਕਈ ਜ਼ਖ਼ਮੀ

Clashes in Ferozepur

ਦੇਸ਼ ਭਰ ਦੇ ਜਨਰਲ ਅਤੇ ਓਬੀਸੀ ਵਰਗ ਵਲੋਂ ਦਿਤੇ ਗਏ 'ਭਾਰਤ ਬੰਦ' ਦੇ ਸੱਦੇ ਨੂੰ ਪੰਜਾਬ ਵਿਚ ਰਲਵਾਂ-ਮਿਲਵਾਂ ਹੁੰਗਾਰਾ ਮਿਲਿਆ। ਪੰਜਾਬ ਦੇ ਲਗਭਗ ਸਾਰੇ ਵੱਡੇ-ਛੋਟੇ ਸ਼ਹਿਰਾਂ, ਕਸਬਿਆਂ ਆਦਿ ਵਿਚ ਜਨਰਲ ਵਰਗ ਦੇ ਲੋਕਾਂ ਨੇ ਰਾਖਵਾਂਕਰਨ ਵਿਰੁਧ ਪ੍ਰਦਸ਼ਨ ਕੀਤੇ। ਅੰਮ੍ਰਿਤਸਰ, ਜਲੰਧਰ, ਹੁਸ਼ਿਆਰਪੁਰ, ਲੁਧਿਆਣਾ, ਫ਼ਿਰੋਜ਼ਪੁਰ, ਬਠਿੰਡਾ, ਪਟਿਆਲਾ, ਮੋਹਾਲੀ, ਰੋਪੜ ਆਦਿ ਸ਼ਹਿਰਾਂ ਵਿਚ ਪ੍ਰਦਰਸ਼ਨ ਕੀਤੇ ਗਏ ਅਤੇ ਇਕਾ-ਦੁੱਕਾ ਹਿੰਸਕ ਘਟਨਾਵਾਂ ਵੀ ਵਾਪਰੀਆਂ ਜਿਨ੍ਹਾਂ ਵਿਚ ਕਈ ਵਿਅਕਤੀ ਜ਼ਖ਼ਮੀ ਹੋ ਗਏ। ਨਿਜੀ ਤੇ ਸਰਕਾਰੀ ਵਿਦਿਅਕ ਅਦਾਰੇ, ਨਿਜੀ ਤੇ ਸਰਕਾਰੀ ਦਫ਼ਤਰ, ਦੁਕਾਨਾਂ, ਫ਼ੈਕਟਰੀਆਂ ਅਤੇ ਹੋਰ ਅਦਾਰੇ ਆਮ ਵਾਂਗ ਖੁਲ੍ਹੇ ਰਹੇ। ਕਿਤੇ ਕਿਤੇ ਨਿਜੀ ਸਕੂਲ ਬੰਦ ਕੀਤੇ ਗਏ ਸਨ। ਰਾਮਪੁਰਾ ਫੂਲ (ਕੁਲਜੀਤ ਸਿੰਘ ਢੀਂਗਰਾ) : 'ਭਾਰਤ ਬੰਦ' ਦੌਰਾਨ ਕੌਮੀ ਹਾਈਵੇਅ 'ਤੇ ਦੁਕਾਨ ਬੰਦ ਕਰਾਉਣ ਦਾ ਮਾਮਲਾ ਭਖ ਗਿਆ। ਜਨਰਲ ਵਰਗ ਦੇ ਆਗੂ ਸੰਜੀਵ ਢੀਗਰਾ ਟੀਨਾ ਅਤੇ ਹੋਰਾਂ ਦੀ ਅਗਵਾਈ ਹੇਠ ਕੀਤੇ ਗਏਪ੍ਰਦਰਸ਼ਨ ਦੌਰਾਨ ਮਾਹੌਲ ਤਣਾਅਪੂਰਨ ਬਣ ਗਿਆ ਜਦ ਸ਼ਹਿਰ ਦੇ ਦੁਕਾਨਦਾਰ ਦੀ ਪ੍ਰਦਰਸ਼ਨਕਾਰੀਆਂ ਨਾਲ ਬਹਿਸ ਹੋ ਗਈ। ਪ੍ਰਦਰਸ਼ਨਕਾਰੀਆਂ ਨੇ ਦੁਕਾਨਦਾਰ ਵਿਰੁਧ ਗਾਲਾਂ ਕੱਢਣ ਦੇ ਦੋਸ਼ ਲਾਏ। ਗੰਭੀਰ  ਹਾਲਾਤ ਵੇਖ ਕੇ ਪੁਲਿਸ ਨੇ ਉਕਤ ਦੁਕਾਨਦਾਰ ਨੂੰ ਹਿਰਾਸਤ 'ਚ ਲੈ ਲਿਆ। ਇਸੇ ਦੌਰਾਨ ਸ਼ਹਿਰ ਵਾਸੀ ਭਾਰੀ ਗਿਣਤੀ 'ਚ ਥਾਣੇ ਪਹੁੰਚੇ ਅਤੇ ਦੁਕਾਨਦਾਰ ਵਿਰੁਧ ਕਾਰਵਾਈ ਦੀ ਮੰਗ ਕਰਨ ਲੱਗੇ। ਐਸ.ਪੀ. ਹੈਡਕੁਆਰਟਰ ਸੁਰਿੰਦਰਪਾਲ ਸਿੰਘ, ਡੀ ਐਸ ਪੀ ਜਸਵਿੰਦਰ ਸਿੰਘ, ਐਸ.ਡੀ.ਐਮ ਸੁਭਾਸ਼ ਚੰਦਰ ਖਟਕ ਤੇ ਹੋਰ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਦੁਕਾਨਦਾਰ ਕੋਲੋਂ ਮਾਫ਼ੀ ਮੰਗਵਾ ਦਿਤੀ ਪਰ ਪ੍ਰਦਰਸ਼ਨਕਾਰੀ ਨਾ ਮੰਨੇ ਅਤੇ ਉਨ੍ਹਾਂ ਪਹਿਲਾਂ ਨੈਸ਼ਨਲ ਹਾਈਵੇ ਤੇ ਫਿਰ ਮੌੜ ਚੌਕ 'ਚ ਓਵਰ ਬਰਿੱਜ 'ਤੇ ਧਰਨਾ ਲਾਈ ਰਖਿਆ। 

ਫ਼ਿਰੋਜ਼ਪੁਰ (ਬਲਬੀਰ ਸਿੰਘ ਜੋਸਨ) : ਫ਼ਿਰੋਜ਼ਪੁਰ ਵਿਖੇ ਜਨਰਲ ਅਤੇ ਓ.ਬੀ.ਸੀ. ਸ਼੍ਰੇਣੀ ਦੇ ਲੋਕਾਂ ਵਿਚਾਲੇ ਦੁਕਾਨਾਂ ਬੰਦ ਕਰਵਾਉਣ ਦੇ ਮਸਲੇ 'ਤੇ ਝੜਪ ਹੋ ਗਈ। ਇਸ ਦੌਰਾਨ ਪੱਥਰਬਾਜ਼ੀ ਵੀ ਹੋਈ ਜਿਸ ਕਾਰਨ ਪੁਲਿਸ ਕਰਮਚਾਰੀਆਂ ਅਤੇ ਕੁੱਝ ਪੱਤਰਕਾਰਾਂ ਸਮੇਤ ਕਈ ਵਿਅਕਤੀ ਜ਼ਖ਼ਮੀ ਹੋ ਗਏ। ਪੁਲਿਸ ਨੇ ਹਲਕਾ ਲਾਠੀਚਾਰਜ ਵੀ ਕੀਤਾ। ਅੱਜ ਦੁਪਹਿਰੇ ਫ਼ਿਰੋਜ਼ਪੁਰ ਵਿਚ ਬਾਜ਼ਾਰ ਬੰਦ ਕਰਵਾਉਣ ਆਏ ਪ੍ਰਦਰਸ਼ਨਕਾਰੀਆਂ ਨੇ ਮੁਲਤਾਨੀ ਗੇਟ ਵਿਖੇ ਅਸ਼ੋਕ ਕੁਮਾਰ ਨਾਂਅ ਦੇ ਵਿਅਕਤੀ ਦੀ ਦੁਕਾਨ ਬੰਦ ਕਰਵਾਉਣੀ ਚਾਹੀ ਤਾਂ ਦੁਕਾਨਦਾਰਾਂ ਅਤੇ ਜਨਰਲ ਤੇ ਓ.ਬੀ.ਸੀ. ਸ਼੍ਰੇਣੀ ਦੇ ਲੋਕਾਂ ਵਿਚਕਾਰ ਝੜਪ ਹੋ ਗਈ ਅਤੇ ਡਾਂਗਾਂ ਸੋਟੇ ਅਤੇ ਇੱਟਾਂ ਰੋੜੇ ਵੀ ਚੱਲੇ। ਸ਼ਹਿਰ ਵਿਚ ਜਨਰਲ ਅਤੇ ਓ.ਬੀ.ਸੀ. ਸ਼੍ਰੇਣੀ ਨਾਲ ਸਬੰਧਤ ਲੋਕਾਂ ਨੇ ਇਕੱਠੇ ਹੋ ਕੇ ਬਾਜ਼ਾਰ ਵਿਚ ਰੋਸ ਮਾਰਚ ਕਢਿਆ ਅਤੇ ਲੋਕਾਂ ਦੀਆਂ ਦੁਕਾਨਾਂ ਬੰਦ ਕਰਵਾਈਆਂ ਗਈਆਂ। ਇਸ ਦੌਰਾਨ ਬਾਜ਼ਾਰਾਂ ਵਿਚ ਨਾਹਰੇ ਲਗਾ ਕੇ ਰੋਸ ਮੁਜ਼ਾਹਰਾ ਕਰਦਿਆਂ ਲੋਕਾਂ ਨੂੰ ਫ਼ਿਰੋਜ਼ਪੁਰ ਪੁਲਿਸ ਨੇ ਚੇਤਾਵਨੀ ਦਿੰਦਿਆਂ ਆਖਿਆ ਕਿ ਜ਼ਿਲ੍ਹੇ ਵਿਚ ਦਫ਼ਾ 144 ਲੱਗੀ ਹੋਈ ਹੈ ਪਰ ਇਸ ਦੇ ਬਾਵਜੂਦ ਝੜਪ ਹੋ ਗਈ ਜਿਸ ਵਿਚ ਕਈ ਦੁਕਾਨਦਾਰਾਂ ਦਾ ਮਾਲੀ ਨੁਕਸਾਨ ਹੋਇਆ। ਮੌਕੇ 'ਤੇ ਪਹੁੰਚੇ ਆਈਜੀ ਗੁਰਦੀਪ ਸਿੰਘ ਢਿੱਲੋਂ ਅਤੇ ਹੋਰ ਪੁਲਿਸ ਅਧਿਕਾਰੀਆਂ ਨੇ ਦੋਹਾਂ ਧਿਰਾਂ ਨੂੰ ਸ਼ਾਂਤ ਕਰਵਾਇਆ ਅਤੇ ਹੁੱਲੜਬਾਜ਼ੀ ਕਰਨ ਵਾਲਿਆਂ ਵਿਰੁਧ ਕਾਰਵਾਈ ਕਰਨ ਦੀ ਗੱਲ ਆਖੀ। ਬੰਦ ਕਾਰਨ ਭਾਵੇਂ ਬਾਜ਼ਾਰ ਤਾਂ ਬੰਦ ਰਹੇ ਪਰ ਸ਼ਹਿਰ ਵਿਚ ਆਵਾਜਾਈ ਆਮ ਰਹੀ ਅਤੇ ਬੱਸ ਤੇ ਰੇਲ ਸੇਵਾ ਵੀ ਆਮ ਦਿਨਾਂ ਵਾਂਗ ਹੀ ਚਾਲੂ ਸੀ।