ਮੰਦਰ 'ਚੋਂ ਮੂਰਤੀਆਂ 'ਤੇ ਸਜੇ ਛਤਰ ਤੇ ਮੁਕਟ ਚੋਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼ਹਿਰ 'ਚ ਚੋਰਾਂ ਦੇ ਹੌਸਲੇ ਬੁਲੰਦ, ਧਾਰਮਕ ਸਥਾਨਾਂ ਨੂੰ ਬਣਾ ਰਹੇ ਨੇ ਨਿਸ਼ਾਨਾ

Stole from Temple

 ਸ਼ਹਿਰ ਵਿਚ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਚੁਕੇ ਹਨ ਕਿ ਉਹ ਹੁਣ ਧਾਰਮਕ ਸਥਾਨਾਂ ਨੂੰ ਵੀ ਨਹੀ ਬਖ਼ਸ਼ ਰਹੇ। ਤਾਜ਼ਾ ਘਟਨਾ ਸੈਕਟਰ-19 ਦੇ ਮੰਦਰ ਦੀ ਹੈ। ਜਿਥੇ ਸੋਮਵਾਰ ਦੇਰ ਰਾਤ ਚੋਰ ਮੂਰਤੀਆਂ 'ਤੇ ਸਜਾਏ ਗਏ 9 ਮੁਕਟ ਅਤੇ 10 ਛਤਰ ਚੋਰੀ ਕਰ ਕੇ ਫ਼ਰਾਰ ਹੋ ਗਏ। ਇਸ ਤੋਂ ਪਹਿਲਾਂ ਕਿ ਚੋਰ ਦਾਨ ਪੇਟੀ 'ਤੇ ਹੱਥ ਸਾਫ਼ ਕਰਦੇ, ਮੰਦਰ ਵਿਚ ਸੋ ਰਹੇ ਪੰਡਤ ਨੂੰ ਇਸ ਗੱਲ ਦੀ ਭਣਕ ਲੱਗ ਗਈ ਅਤੇ ਚੋਰ ਦਾਨ ਪੇਟੀ ਉਥੇ ਹੀ ਛੱਡ ਕੇ ਫ਼ਰਾਰ ਹੋ ਗਏ। ਮੰਦਰ ਦੇ ਪ੍ਰਬੰਧਕਾਂ ਮੁਤਾਬਕ ਚੋਰੀ ਹੋਏ ਛੱਤਰ ਅਤੇ ਮੁਕਟ ਨਕਲੀ ਸਨ। ਇਸ ਤੋਂ ਪਹਿਲਾਂ 22 ਮਾਰਚ ਨੂੰ ਸੈਕਟਰ-16 ਦੇ ਸਨਾਤਨ ਧਰਮ ਮੰਦਰ ਤੋਂ ਚੋਰ ਲੱਖਾਂ ਰੁਪਏ ਦੇ ਗਹਿਣਿਆਂ 'ਤੇ ਹੱਥ ਸਾਫ਼ ਕਰ ਗਏ ਸਨ, ਜੋ ਹਾਲੇ ਤਕ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ।ਮੰਦਰ ਦੇ ਉਪ ਪ੍ਰਧਾਨ ਲਲਿਤ ਥਮਨ ਨੇ ਦਸਿਆ ਕਿ ਘਟਨਾ ਰਾਤ ਕਰੀਬ 1:30 ਵਜੇ ਦੀ ਹੈ। ਜਦ ਦੋ ਚੋਰ ਗੇਟ ਨੰਬਰ 2 ਤੋਂ ਮੰਦਰ ਵਿਚ ਦਾਖ਼ਲ ਹੋਏ ਅਤੇ ਉਨ੍ਹਾ ਨੇ ਮੁਰਤੀਆਂ ਤੇ ਸਜੇ ਮੁਕਟ ਅਤੇ ਛਤਰ ਲਾਹੁਣੇ ਸ਼ੁਰੂ ਕਰ ਦਿਤੇ। ਇਸ ਤੋਂ ਬਾਅਦ ਚੋਰਾਂ ਨੇ ਦਾਨ ਪੇਟੀ 'ਤੇ ਵੀ ਹੱਥ ਪਾਇਆ ਪਰ ਇਸ ਦੌਰਾਨ ਮੰਦਰ 'ਚ ਰਹਿਣ ਵਾਲਾ ਪੰਡਤ ਜਾਗ ਗਿਆ, ਜਿਸ ਕਾਰਨ ਚੋਰ ਦਾਨ ਪੇਟੀ ਉਥੇ ਹੀ ਛੱਡ ਗਏ। ਲਲਿਤ ਥਮਨ ਨੇ ਦਸਿਆ ਕਿ ਚੋਰੀ ਦੀਆਂ ਘਟਨਾਵਾਂ ਨੂੰ ਵੇਖਦਿਆਂ ਮੂਰਤੀਆਂ 'ਤੇ ਨਕਲੀ ਛੱਤਰ ਅਤੇ ਮੁਕਟ ਸਜਾਏ ਗਏ ਸਨ।

ਇਸ ਦੌਰਾਨ ਮੰਦਰ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਘਟਨਾ ਕੈਦ ਨਹੀਂ ਹੋ ਸਕੀ ਕਿਉਂਕਿ ਕੈਮਰੇ ਉਸ ਸਮੇਂ ਕੰਮ ਨਹੀਂ ਕਰ ਰਹੇ ਸਨ। ਲਲਿਤ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਦੇਣ 'ਤੇ ਕੁੱਝ ਸਮੇਂ ਬਾਅਦ ਪੁਲਿਸ ਮੌਕੇ 'ਤੇ ਪੁੱਜੀ। ਮੰਦਰ ਦੇ ਸੁਰੱਖਿਆ ਕਰਮਚਾਰੀ ਰਾਮਸਾਗਰ ਤਿਵਾਰੀ ਨੇ ਦਸਿਆ ਕਿ ਰਾਤੀ ਕਰੀਬ 1:30 ਉਸ ਨੂੰ ਕੁੱਝ ਆਵਾਜ਼ ਸੁਣਾਈ ਦਿਤੀ, ਉਹ ਉਠਿਆ ਅਤੇ ਉਸ ਨੇ ਵੇਖਿਆ ਕਿ ਮੰਦਰ ਦੇ ਗੇਟ ਨੰਬਰ 2 ਦਾ ਤਾਲਾ ਟੁਟਿਆ ਹੋਇਆ ਸੀ ਅਤੇ ਮੂਰਤੀਆਂ ਤੋਂ ਮੁਕਟ ਅਤੇ ਛਤਰ ਗਾਇਬ ਸਨ। ਉਸ ਨੇ ਵੇਖਿਆ ਕਿ ਦੋ ਨਕਾਬਪੋਸ਼ ਦਾਨ ਪੇਟੀ ਚੁੱਕ ਕੇ ਫ਼ਰਾਰ ਹੋ ਰਹੇ ਹਨ। ਸੁਰੱਖਿਆ ਕਰਮਚਾਰੀ ਨੇ ਦੋਹਾਂ ਨੂੰ ਵੇਖ ਕੇ ਸ਼ੋਰ ਪਾਇਆ ਤਾਂ ਚੋਰ ਦਾਨ ਪੇਟੀ ਛੱਡ ਕੇ ਭੱਜ ਗਏ। ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿਤੀ ਹੈ। ਸਕੇਤੜੀ ਮੰਦਰ ਵਿਚ ਵੀ ਹੋ ਚੁੱਕੀ ਹੈ ਚੋਰੀਸਕੇਤੜੀ ਦੇ ਪੁਰਾਣੇ ਸ਼ਿਵ ਮੰਦਰ ਵਿਚ ਵੀ ਬੀਤੀ 19 ਫ਼ਰਵਰੀ ਨੂੰ ਨਕਾਬਪੋਸ਼ ਚੋਰ ਇਸੇ ਤਰਾਂ ਨਾਲ ਦਾਖ਼ਲ ਹੋਏ ਸਨ ਅਤੇ ਮੰਦਰ ਤੋਂ ਚਾਂਦੀ ਦੇ ਗਹਿਣੇ ਅਤੇ ਨਕਦੀ ਚੋਰੀ ਕਰ ਕੇ ਫ਼ਰਾਰ ਹੋ ਗਏ ਸਨ। ਚੋਰੀ ਸਮੇਂ ਛੇ ਚੋਰ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਏ ਸਨ। ਜਿਨ੍ਹਾਂ ਅਪਣੇ ਮੂੰਹ ਢੱਕੇ ਹੋਏ ਸਨ। ਪੰਚਕੂਲਾ ਪੁਲਿਸ ਹਾਲੇ ਤਕ ਇਨ੍ਹਾਂ ਚੋਰਾਂ ਨੂੰ ਕਾਬੂ ਨਹੀ ਕਰ ਸਕੀ।