ਝਗੜ ਰਹੇ ਪੁਲਿਸ ਅਧਿਕਾਰੀਆਂ ਦੀ ਪੇਸ਼ੀ 'ਸੁਧਰ ਜਾਉ, ਨਹੀਂ ਤਾਂ ਅਹੁਦੇ ਤੋਂ ਛੁੱਟੀ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੁੱਖ ਮੰਤਰੀ ਨੇ ਵਿਖਾਇਆ ਬਰਖ਼ਾਸਤਗੀ ਦਾ ਖੂੰਡਾ ਤੇ ਕੀਤੀ ਝਾੜਝੰਭ

Captain Amarider Singh

 ਨਸ਼ਾ ਕੇਸ ਦੀ ਜਾਂਚ 'ਚ ਖੁਲ੍ਹ ਕੇ ਬੋਲ ਰਹੇ ਉੱਚ ਪੁਲਿਸ ਅਧਿਕਾਰੀਆਂ ਦੇ ਨਾਵਾਂ ਦੇ ਮੁੱਦੇ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਉਨ੍ਹਾਂ ਨੂੰ ਜ਼ਾਬਤੇ, ਅਨੁਸ਼ਾਸਨ ਅਤੇ ਮਰਿਆਦਾ 'ਚ ਰਹਿਣ ਦਾ ਪਾਠ ਪੜ੍ਹਾਇਆ। ਇਕ ਡੀਜੀਪੀ ਵਲੋਂ ਇਸ ਮੁੱਦੇ 'ਤੇ ਹਾਈ ਕੋਰਟ ਦਾ ਬੂਹਾ ਖੜਕਾਏ ਜਾਣ ਮਗਰੋਂ ਮੀਡੀਆ 'ਚ ਯਕਦਮ ਭਖੇ ਇਸ ਮੁੱਦੇ 'ਤੇ ਮੁੱਖ ਮੰਤਰੀ ਦਰਬਾਰ 'ਚ ਪਈ ਅੱਜ ਦੀ ਪੇਸ਼ੀ ਮੌਕੇ ਕੈਪਟਨ ਨੇ ਨਾ ਸਿਰਫ਼ ਬਰਖ਼ਾਸਤਗੀ ਤਕ ਦਾ ਖੁੰਡਾ ਵਿਖਾਇਆ ਸਗੋਂ ਝਾੜਝੰਭ ਵੀ ਕੀਤੀ। ਮੁੱਖ ਮੰਤਰੀ ਨੇ ਸਿੱਧੇ ਤੌਰ 'ਤੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਅਦਾਲਤਾਂ ਅਤੇ ਮੀਡੀਆ ਵਿਚ ਚੱਲ ਰਹੀ ਨਿਜੀ ਅਤੇ ਪੇਸ਼ੇਵਰ ਲੜਾਈ ਨੂੰ ਤੁਰਤ ਖ਼ਤਮ ਕਰਨ ਦੇ ਹੁਕਮ ਦਿਤੇ। ਉਨ੍ਹਾਂ ਨੇ ਪੰਜਾਬ ਪੁਲਿਸ ਦਾ ਨਾਂ ਬਦਨਾਮ ਕਰਨ ਅਤੇ ਗੰਭੀਰ ਅਨੁਸ਼ਾਸਨਹੀਨਤਾ ਵਿਚ ਰੁੱਝੇ ਰਹਿਣ ਵਾਲੇ ਕਿਸੇ ਵੀ ਅਧਿਕਾਰੀ ਨੂੰ ਹਟਾਉਣ ਦੀ ਧਮਕੀ ਦਿਤੀ ਅਤੇ ਇਹ ਵੀ ਕਿਹਾ ਕਿ ਜੇ ਲੋੜ ਪਈ ਤਾਂ ਉਹ ਬਰਖ਼ਾਸਤਗੀ ਕਰਵਾਉਣ ਲਈ ਖ਼ੁਦ ਗ੍ਰਹਿ ਮੰਤਰੀ ਨੂੰ ਜਾ ਕੇ ਮਿਲਣਗੇ। 
ਪੰਜਾਬ ਮੰਤਰੀ ਮੰਡਲ ਵਿਚ ਗ੍ਰਹਿ ਮੰਤਰਾਲੇ ਦੇ ਇੰਚਾਰਜ ਕੈਪਟਨ ਅਮਰਿੰਦਰ ਸਿੰਘ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਦੀ ਅੱਜ ਦੁਪਹਿਰ ਬੰਦ ਕਮਰਾ ਮੀਟਿੰਗ ਸੱਦੀ।

ਮੀਟਿੰਗ ਮਗਰੋਂ ਸਰਕਾਰੀ ਬੁਲਾਰੇ ਨੇ ਦਸਿਆ ਕਿ ਮੁੱਖ ਮੰਤਰੀ ਨੇ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੇ ਤਾਜ਼ਾ ਘਟਨਾਵਾਂ ਵਿਚ ਸ਼ਾਮਲ ਹੋਣ 'ਤੇ ਗੁੱਸੇ ਦਾ ਪ੍ਰਗਟਾਵਾ ਕੀਤਾ ਅਤੇ ਅਧਿਕਾਰੀਆਂ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਇਸ ਤਰ੍ਹਾਂ ਦੀ ਅਨੁਸ਼ਾਸਨਹੀਣਤਾ ਸਵੀਕਾਰ ਨਹੀਂ ਕਰਨਗੇ। ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ  ਕਿ ਨਾ ਹੀ ਮੀਡੀਆ ਅਤੇ ਨਾ ਹੀ ਅਦਾਲਤਾਂ ਮਤਭੇਦ ਹੱਲ ਕਰਨ ਦਾ ਢੁਕਵਾਂ ਮੰਚ ਹਨ ਅਤੇ ਇਨ੍ਹਾਂ ਨੂੰ ਅੰਦਰੂਨੀ ਰੂਪ ਵਿਚ ਹੀ ਹੱਲ ਕੀਤੇ ਜਾਣ ਦੀ ਜ਼ਰੂਰਤ ਹੈ।ਮੁੱਖ ਮੰਤਰੀ ਨੇ ਕਿਸੇ ਦਾ ਵੀ ਨਾਮ ਲਏ ਬਿਨਾਂ ਕਿਹਾ ਕਿ ਪੇਸ਼ੇਵਰ ਸਮੱਸਿਆਵਾਂ ਨਾਲ ਨਿਪਟਣ ਦੇ ਵੱਖ-ਵੱਖ ਚੈਨਲ ਤੇ ਢੰਗ ਤਰੀਕੇ ਹਨ। ਉਨ੍ਹਾਂ ਕਿਹਾ ਕਿ ਪੇਸ਼ੇਵਰ ਮਾਮਲਿਆਂ ਨੂੰ ਅਦਾਲਤ ਵਿਚ ਲੈ ਕੇ ਜਾਣਾ ਪ੍ਰਵਾਨ ਕਰਨ ਯੋਗ ਨਹੀਂ ਹੈ। ਉਨ੍ਹਾਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਇਸੇ ਸਮੇਂ ਤੋਂ ਹੀ ਬੰਦ ਕਰ ਦਿਉ।  ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਅਧਿਕਾਰੀਆਂ ਨੂੰ ਅਜਿਹੀਆਂ ਕਾਰਵਾਈਆਂ ਵਿਚ ਸ਼ਾਮਲ ਨਾ ਹੋਣ ਦੀ ਅਪੀਲ ਕੀਤੀ ਜੋ ਪੁਲਿਸ ਮੁਲਾਜ਼ਮਾਂ ਦੇ ਮਨੋਬਲ ਅਤੇ ਉਨ੍ਹਾਂ ਦੇ ਵਕਾਰ ਨੂੰ ਢਾਹ ਲਾਉਂਦੀਆਂ ਹੋਣ। ਡੀ.ਜੀ.ਪੀ. ਸੁਰੇਸ਼ ਅਰੋੜਾ ਨੇ ਕਿਹਾ ਕਿ ਸਮੁੱਚੇ ਘਟਨਾਕ੍ਰਮ ਨੇ ਉਨ੍ਹਾਂ ਨੂੰ ਔਖੀ ਸਥਿਤੀ ਵਿਚ ਪਾਇਆ ਹੈ। ਬੈਠਕ ਵਿਚ ਗ੍ਰਹਿ ਸਕੱਤਰ ਐਨ.ਐਸ. ਕਲਸੀ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਸੁਮੇਧ ਸਿੰਘ ਸੈਣੀ ਤੋਂ ਇਲਾਵਾ ਪੰਜਾਬ ਪੁਲਿਸ ਦੇ ਸਾਰੇ ਡੀ.ਜੀ.ਪੀ. ਅਤੇ 17 ਏ.ਡੀ.ਜੀ.ਪੀ. ਹਾਜ਼ਰ ਸਨ।