ਪਦਮਸ੍ਰੀ ਭਾਈ ਨਿਰਮਲ ਸਿੰਘ ਦੇ ਮ੍ਰਿਤਕ ਸਰੀਰ ਦੀ ਬੇਹੁਰਮਤੀ ਦੁਖਦਾਇਕ : ਤਰਲੋਚਨ ਸਿੰਘ ਦੁਪਾਲਪੁਰ
ਕਿਹਾ, 'ਕੋਰੋਨਾ' ਮਹਾਂਮਾਰੀ ਬਾਰੇ ਹਿਫ਼ਾਜ਼ਤੀ ਹਦਾਇਤਾਂ ਦਾ ਪਾਲਣ
ਕੋਟਕਪੂਰਾ (ਗੁਰਿੰਦਰ ਸਿੰਘ) : ਪਦਮਸ੍ਰੀ ਭਾਈ ਨਿਰਮਲ ਸਿੰਘ ਦੇ ਮ੍ਰਿਤਕ ਸਰੀਰ ਦੀ ਬੇਹੁਰਮਤੀ ਵਾਲੇ ਅਤਿਦੁਖਦਾਈ ਵਾਕਿਆ ਤੋਂ ਬਾਅਦ ਅਪਣੇ ਪ੍ਰਵਾਰਕ ਜੀਆਂ ਦੀਆਂ ਮ੍ਰਿਤਕ ਦੇਹਾਂ ਦਾ ਖੁਦ ਅੰਤਮ ਸਸਕਾਰ ਕਰਨ ਤੋਂ ਇਨਕਾਰੀ ਹੋਣ ਦੀਆਂ ਵਧਦੀਆਂ ਜਾ ਰਹੀਆਂ ਕੁਲਹਿਣੀਆਂ ਘਟਨਾਵਾਂ ਤੋਂ ਚਿੰਤਤ ਹੁੰਦਿਆਂ ਤਰਲੋਚਨ ਸਿੰਘ ਦੁਪਾਲਪੁਰ ਨੇ ਕਲ ਅਪਣੇ ਪਿੰਡ ਦੁਪਾਲਪੁਰ ਦੇ ਕੁੱਝ ਪਤਵੰਤੇ-ਸੱਜਣਾ ਨਾਲ ਉਚੇਚੇ ਤੌਰ 'ਤੇ ਇਕ ਮੀਟਿੰਗ ਕੀਤੀ ਤਾਂ ਜੋ ਸਮਾਜ ਲਈ ਅਜਿਹੇ ਮੌਕੇ ਕੋਈ ਯੋਗ ਸੁਝਾਅ ਲੱਭੇ ਜਾ ਸਕਣ।
ਪਿੰਡ ਦੀ ਸਰਕਾਰੀ ਡਿਸਪੈਂਸਰੀ ਲਾਗੇ ਇਕੱਠੇ ਹੋਏ ਚੋਣਵੇਂ ਸੱਜਣਾਂ ਨਾਲ ਗੱਲਬਾਤ ਕਰਦਿਆਂ ਦੁਪਾਲਪੁਰ ਨੇ ਕਿਹਾ ਕਿ ਸਾਨੂੰ ਕੋਰੋਨਾ ਮਹਾਂਮਾਰੀ ਬਾਰੇ ਸਰਕਾਰ ਅਤੇ ਡਾਕਟਰਾਂ ਵਲੋਂ ਦਿਤੀਆਂ ਜਾ ਰਹੀਆਂ ਹਿਫ਼ਾਜ਼ਤੀ ਹਦਾਇਤਾਂ ਦਾ ਸਖ਼ਤੀ ਨਾਲ ਜ਼ਰੂਰ ਪਾਲਣ ਕਰਨਾ ਚਾਹੀਦੈ ਪਰ ਇਸ ਦੇ ਨਾਲ-ਨਾਲ ਅਸੀਂ ਅਪਣੇ ਸਮਾਜਕ ਅਤੇ ਪਰਵਾਰਕ ਫ਼ਰਜ਼ਾਂ ਨੂੰ ਵੀ ਤਿਲਾਂਜ਼ਲੀ ਨਾ ਦੇਈਏ।
ਉਨ੍ਹਾਂ ਭਰੇ ਮਨ ਨਾਲ ਕਿਹਾ ਕਿ ਜਿਸ ਸਮਾਜ 'ਚ ਕਿਸੇ ਸੱਤ ਬਿਗਾਨੇ ਦੇ ਬਲਦੇ ਸਿਵੇ 'ਚ ਤੁਰੇ ਜਾਂਦੇ ਰਾਹੀਂ ਮੁਸਾਫ਼ਰਾਂ ਵਲੋਂ ਗੋਟਾ ਪਾ ਕੇ ਜਾਣ ਦੀ ਰਵਾਇਤ ਚਲੀ ਆ ਰਹੀ ਹੋਵੇ, ਉਥੇ ਅੱਜ ਡਾਕਟਰਾਂ ਵਲੋਂ ਸਪੱਸ਼ਟ ਦੱਸੇ ਜਾਣ ਦੇ ਬਾਵਜੂਦ ਵੀ ਅਪਣੇ ਸਕੇ-ਸਬੰਧੀਆਂ ਦੀਆਂ ਮ੍ਰਿਤਕ ਦੇਹਾਂ ਲੈਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਦਾ ਅੰਤਮ ਸਸਕਾਰ ਨਾ ਕਰਨਾ ਪਵੇ।
ਇਸ ਮੌਕੇ ਉਨ੍ਹਾਂ ਨਾਲ ਤਰਸੇਮ ਸਿੰਘ ਸਰਪੰਚ, ਗੁਰਬਚਨ ਸਿੰਘ ਮੈਂਬਰ ਬਲਾਕ ਸੰਮਤੀ ਨਵਾਂ ਸ਼ਹਿਰ, ਭਾਈ ਕ੍ਰਿਪਾਲ ਸਿੰਘ ਪ੍ਰਧਾਨ ਗੁਰਦੁਆਰਾ ਗੁਰੂ ਸਿੰਘ ਸਭਾ ਦੁਪਾਲਪੁਰ, ਕੈਪਟਨ ਸਤਨਾਮ ਸਿੰਘ ਪ੍ਰਧਾਨ ਸੈਣੀ ਸਭਾ ਜ਼ਿਲ੍ਹਾ ਨਵਾਂ ਸ਼ਹਿਰ ਅਤੇ ਸਮਾਜ ਸੇਵਕ ਭਾਈ ਦਿਲਬਾਗ ਸਿੰਘ ਜੰਮੂ ਵੀ ਹਾਜ਼ਰ ਸਨ। ਮੀਟਿੰਗ 'ਚ ਇਹ ਤਜਵੀਜ਼ ਵੀ ਆਈ ਕਿ ਪਿੰਡ ਦੁਪਾਲਪੁਰ ਦੇ ਇਕੋ ਇਕ ਸਾਂਝੇ ਸ਼ਮਸ਼ਾਨਘਾਟ ਨੂੰ ਅਜਿਹੀਆਂ ਮ੍ਰਿਤਕ ਦੇਹਾਂ ਦੇ ਅੰਤਮ ਸਸਕਾਰ ਕਰਨ ਲਈ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਜਾਵੇ, ਜਿਸ ਬਾਰੇ ਸਰਪੰਚ ਤਰਸੇਮ ਸਿੰਘ ਨੇ ਕਿਹਾ ਕਿ ਉਹ ਜਲਦ ਹੀ ਪੰਚਾਇਤ ਮੈਂਬਰਾਂ ਨਾਲ ਇਸ ਵਿਸ਼ੇ 'ਤੇ ਸਲਾਹ ਮਸ਼ਵਰਾ ਕਰਨਗੇ।
ਪਿੰਡ 'ਚ ਸਮੇਂ ਸਮੇਂ ਲਾਊਡ ਸਪੀਕਰ 'ਤੇ ਜਰੂਰੀ ਹਦਾਇਤਾਂ ਦੀ ਅਨਾਊਂਸਮੈਂਟ ਕਰਨ ਦੀ ਸੇਵਾ ਨਿਭਾਉਣ ਵਾਲੇ ਕੈਪਟਨ ਸਤਨਾਮ ਸਿੰਘ ਦੀ ਸ਼ਲਾਘਾ ਕਰਦਿਆਂ ਉਨਾਂ ਨੂੰ ਬੇਨਤੀ ਕੀਤੀ ਗਈ ਕਿ ਉਹ ਲੋਕਾਂ ਨੂੰ ਸਮਾਜਕ ਅਤੇ ਪਰਵਾਰਕ ਫ਼ਰਜ਼ਾਂ ਪ੍ਰਤੀ ਵੀ ਜਾਗਰੂਕ ਕਰਦੇ ਰਹਿਣ। ਇਸ ਮੌਕੇ ਕੋਰੋਨਾ ਕਾਰਨ ਪਿੰਡ 'ਚ ਲਾਏ ਜਾ ਰਹੇ ਨਾਕਿਆਂ ਅਤੇ ਹੋਰ ਪ੍ਰਬੰਧਾਂ ਦੀ ਗੰਭੀਰਤਾ ਨਾਲ ਸਮੀਖਿਆ ਵੀ ਕੀਤੀ ਗਈ।