ਕੈਪਟਨ ਅਮਰਿੰਦਰ ਸਿੰਘ ਵਲੋਂ ਵਾਇਰੋਲੌਜੀ ਸੈਂਟਰ ਸਥਾਪਤ ਕਰਨ ਦਾ ਪ੍ਰਸਤਾਵ ਪੇਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕੇਂਦਰ ਸਰਕਾਰ ਨੂੰ ਸੂਬੇ ਵਿਚ 'ਐਡਵਾਂਸਡ ਸੈਂਟਰ ਫ਼ਾਰ ਵਾਇਰੋਲੌਜੀ' (ਵਿਸ਼ਾਣੂ-ਵਿਗਿਆਨ ਦਾ ਕੇਂਦਰ) ਦੀ

File Photo

ਚੰਡੀਗੜ੍ਹ (ਸ.ਸ.ਸ) :ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕੇਂਦਰ ਸਰਕਾਰ ਨੂੰ ਸੂਬੇ ਵਿਚ 'ਐਡਵਾਂਸਡ ਸੈਂਟਰ ਫ਼ਾਰ ਵਾਇਰੋਲੌਜੀ' (ਵਿਸ਼ਾਣੂ-ਵਿਗਿਆਨ ਦਾ ਕੇਂਦਰ) ਦੀ ਸਥਾਪਨਾ ਲਈ 550 ਕਰੋੜ ਰੁਪਏ ਦੇ ਪ੍ਰਾਜੈਕਟ ਦਾ ਪ੍ਰਸਤਾਵ ਪੇਸ਼ ਕੀਤਾ ਹੈ ਜਿਸ ਲਈ ਸੂਬਾ ਸਰਕਾਰ ਨੇ ਮੁਫ਼ਤ ਜ਼ਮੀਨ ਦੇਣ ਦੀ ਵੀ ਪੇਸ਼ਕਸ਼ ਕੀਤੀ ਹੈ।

ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਕਿ ਉਹ ਤਜਵੀਜ਼ਤ ਕੇਂਦਰ ਦੀ ਸਥਾਪਨਾ ਲਈ ਕੇਂਦਰੀ ਸਿਹਤ ਤੇ ਪਰਵਾਰ ਭਲਾਈ ਨੂੰ ਨਿਰਦੇਸ਼ ਦੇਣ ਜੋ ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਲਈ ਵਿਸ਼ਾਣੂ-ਵਿਗਿਆਨ, ਜਾਂਚ, ਖੋਜ ਅਤੇ ਇਲਾਜ ਦੇ ਅਧਿਐਨ ਵਿਚ ਖੇਤਰੀ, ਕੌਮੀ ਅਤੇ ਆਲਮੀ ਲੋੜਾਂ ਦੇ ਹੱਲ 'ਤੇ ਕੇਂਦਰਿਤ ਹੋਵੇਗਾ।

ਮੁਲਕ ਨੂੰ ਦਰਪੇਸ਼ ਅਣਕਿਆਸੇ ਸੰਕਟ ਦਾ ਜ਼ਿਕਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਦਸਿਆ ਕਿ ਇਸ ਵਾਇਰਸ ਦੇ ਰੋਗ ਦੀ ਅਚਾਨਕ ਹੋਈ ਸ਼ੁਰੂਆਤ ਅਤੇ ਸਿਰਫ ਦੋ ਮਹੀਨਿਆਂ ਵਿਚ ਇਸ ਦੇ ਮਹਾਂਮਾਰੀ ਦੇ ਅਨੁਰੂਪ ਵਿਚ ਇਸ ਨੇ ਵਿਸ਼ਾਣੂ ਵਿਗਿਆਨ ਦੇ ਖੇਤਰ ਵਿਚ ਡੂੰਘੀ ਖੋਜ ਲਈ ਸਰਕਾਰ ਦੇ ਵੇਧੇਰ ਵਸੀਲੇ ਜੁਟਾਉਣ ਦੀ ਲੋੜ ਵਲ ਧਿਆਨ ਖਿਚਿਆ ਹੈ।

ਉਨ੍ਹਾਂ ਦਸਿਆ ਕਿ ਇਸ ਵੇਲੇ ਪੁਣੇ ਵਿਖੇ ਸਥਿਤ ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੋਲੌਜੀ (ਐਨ.ਆਈ.ਵੀ.) ਹੀ ਮੁਲਕ ਵਿਚ ਇਕੋ-ਇਕ ਸੰਸਥਾ ਹੈ ਜੋ ਅਜਿਹੀ ਸੰਕਟਕਾਲੀਨ ਸਥਿਤੀ ਵਿਚ ਚੰਗੇ ਤਾਲਮੇਲ ਵਾਲਾ ਮੈਡੀਕਲ ਅਤੇ ਜਨਤਕ ਸਿਹਤ ਪ੍ਰਤੀਕ੍ਰਿਆ ਪ੍ਰਦਾਨ ਕਰਨ ਦੇ ਸਮਰਥ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਵਿਸ਼ੇਸ਼ ਕੇਂਦਰ ਨਿਊ ਚੰਡੀਗੜ੍ਹ ਵਿਖੇ ਮੈਡੀਸਿਟੀ ਵਿਚ ਸਥਾਪਤ ਕਰਨ ਦਾ ਪ੍ਰਸਤਾਵ ਪੇਸ਼ ਕੀਤਾ ਹੈ ਜੋ ਚੰਡੀਗੜ੍ਹ ਵਿਖੇ ਅੰਤਰਰਾਸ਼ਟਰੀ ਹਵਾਈ ਸੰਪਰਕ ਸੇਵਾ ਹੋਣ ਕਰ ਕੇ ਉੱਤਰ-ਪੱਛਮੀ ਖਿੱਤੇ ਦੇ ਹਿੱਤਾਂ ਦੀ ਪੂਰਤੀ ਕਰ ਸਕੇਗਾ। ਉਨ੍ਹਾਂ ਇਹ ਵੀ ਦਸਿਆ ਕਿ ਇਸ ਕੇਂਦਰ ਨੂੰ ਸੌਖਿਆ ਹੀ ਪੀ.ਜੀ.ਆਈ. ਦੇ ਹੇਠ ਵਿਕਸਤ ਜਾ ਸਕਦਾ ਹੈ ਜੋ ਪ੍ਰਸਾਵਿਤ ਮੈਡੀਸਿਟੀ ਤੋਂ ਮਹਿਜ਼ 7-8 ਕਿਲੋਮੀਟਰ ਦੂਰ ਸਥਿਤ ਹੈ।