ਡੇਢ ਸਾਲ ਦੇ ਬੱਚੇ ਸਮੇਤ 10 ਹੋਰ ਹੋਏ ਕੋਰੋਨਾ ਪਾਜ਼ੇਟਿਵ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਵਾਹਰਪੁਰ 'ਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 32 ਹੋਈ

file photo

 ਡੇਰਾਬੱਸੀ  (ਗੁਰਜੀਤ ਸਿੰਘ ਈਸਾਪੁਰ): ਕੋਰੋਨਾ ਮਹਾਂਮਾਰੀ ਦਾ ਗੜ੍ਹ ਬਣਦੇ ਜਾ ਰਹੇ ਜਵਾਹਰਪੁਰ ਪਿੰਡ ਵਿਚ ਸ਼ੁਕਰਵਾਰ ਦੁਪਹਿਰ 10 ਹੋਰ ਪਾਜ਼ੇਟਿਵ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਨਵੇਂ ਆਏ ਪਾਜ਼ੇਟਿਵ ਮਰੀਜ਼ਾਂ ਵਿਚ ਇਕ ਡੇਢ ਸਾਲ ਦੇ ਛੋਟੇ ਬੱਚੇ ਸਮੇਤ 7 ਔਰਤਾਂ ਅਤੇ ਦੋ ਮਰਦ ਹਨ।  ਜਿਨ੍ਹਾਂ ਨੂੰ ਮਿਲਾਕੇ ਪਿੰਡ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 32 ਹੋ ਗਈ ਹੈ। ਜਦਕਿ ਇਕ ਪੀੜਤ ਡੇਰਾਬੱਸੀ ਦੇ ਸ਼ਕਤੀਨਗਰ ਦਾ ਰਹਿਣ ਵਾਲਾ ਹੈ ਜੋ ਜਵਾਹਰਪੁਰ ਵਿਖੇ ਦੁਕਾਨ ਹੈ। ਸਿਹਤ ਵਿਭਾਗ ਵਲੋਂ ਲਏ 64 ਸੈਂਪਲਾਂ ਵਿਚੋਂ ਪਿੰਡ ਦੇ 42 ਵਿਅਕਤੀਆਂ ਦੀ ਰੀਪੋਰਟ ਨੈਗਟਿਵ ਆਈ ਜਦਕਿ 12 ਦੀ ਰੀਪੋਰਟ ਆਉਣਾ ਅਜੇ ਬਾਕੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਨਵੇਂ 10 ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੇ ਪਰਵਾਰਕ ਮੈਂਬਰ ਪਹਿਲਾਂ ਤੋਂ ਹੀ ਕੋਰੋਨਾ ਪੀੜਤ ਹਨ। ਜਿਨ੍ਹਾਂ ਦੇ ਲਾਗ ਕਾਰਨ ਇਹ ਪਾਜ਼ੇਟਿਵ ਹੋਏ। ਇਨ੍ਹਾਂ ਵਿਚ 5 ਪਾਜ਼ੇਟਿਵ ਵਿਅਕਤੀ ਕੋਰੋਨਾ ਪੀੜਤ ਨੈਬ ਸਿੰਘ ਦੇ ਪਰਵਾਰਕ ਮੈਂਬਰ ਹਨ, ਜਿਨ੍ਹਾਂ ਵਿਚ ਨਰਿੰਦਰ ਕੌਰ, ਕਰਨਜੀਤ ਕੌਰ, ਗੁਰਫਤਿਹ (ਡੇਢ ਸਾਲ), ਭਜਨ ਕੌਰ, ਹਰਿੰਦਰ ਕੌਰ ਹਨ।

ਇਸੇ ਤਰ੍ਹਾਂ ਗਿਆਨ ਸਾਗਰ ਹਸਪਤਾਲ ਵਿਚ ਦਾਖ਼ਲ ਪੀੜਤ ਅਵਤਾਰ ਸਿੰਘ ਦੇ ਤਿੰਨ ਪਰਵਾਰਕ ਮੈਂਬਰ ਜਿਨ੍ਹਾਂ ਵਿਚ ਬਲਵਿੰਦਰ ਕੌਰ, ਅਮਰਿੰਦਰ ਸਿੰਘ, ਹਰਜਿੰਦਰ ਸਿੰਘ ਦੇ ਨਾਮ ਸ਼ਾਮਲ ਹਨ। ਇਸ ਤੋਂ ਇਲਾਵਾ ਪੀੜਤ ਪੰਚ ਗੁਰਜੀਤ ਸਿੰਘ ਦੀ ਮਾਤਾ ਸੁਰਜੀਤ ਕੌਰ ਅਤੇ ਹਰਵਿੰਦਰ ਕੌਰ ਜਿਨ੍ਹਾਂ ਦਾ ਪਰਵਾਰਕ ਮੈਂਬਰ ਪਹਿਲਾਂ ਹੀ ਪਾਜ਼ੇਟਿਵ ਆ ਚੁੱਕਿਆਂ ਹੈ। ਸਿਹਤ ਵਿਭਾਗ ਨੇ ਸਾਰੇ ਪਾਜ਼ੇਟਿਵ ਮਰੀਜ਼ਾਂ ਨੂੰ ਬਨੂੰੜ ਦੇ ਗਿਆਨ ਸਾਗਰ ਹਸਪਤਾਲ ਵਿਖੇ ਇਲਾਜ ਲਈ ਸਿਫ਼ਟ ਕਰ ਦਿਤਾ ਹੈ।