ਨਾਮਵਰ ਡਾਕਟਰ ਨੂੰ ਕੋਰੋਨਾ ਪੀੜਤ ਹੋਣ ਦੀ ਝੂਠੀ ਅਫ਼ਵਾਹ ਫੈਲਾਉਣ ਵਾਲੇ ਵਿਰੁਧ ਮਾਮਲਾ ਦਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿਛਲੇ ਦਿਨੀਂ ਸੋਸ਼ਲ ਮੀਡੀਆ ਰਾਹੀਂ ਇਥੋਂ ਦੇ ਇਕ ਬੱਚਿਆਂ ਦੇ ਰੋਗਾਂ ਦੇ ਮਾਹਰ ਨਾਮਵਰ ਹਸਪਤਾਲ ਦੀ ਝੂਠੀ ਆਡੀਉ ਬਣਾ ਕੇ ਵਾਇਰਲ ਕਰਨ ਦੇ ਦੋਸ਼ ਹੇਠ ਸਥਾਨਕ

File photo

ਕੋਟਕਪੂਰਾ  (ਗੁਰਿੰਦਰ ਸਿੰਘ) : ਪਿਛਲੇ ਦਿਨੀਂ ਸੋਸ਼ਲ ਮੀਡੀਆ ਰਾਹੀਂ ਇਥੋਂ ਦੇ ਇਕ ਬੱਚਿਆਂ ਦੇ ਰੋਗਾਂ ਦੇ ਮਾਹਰ ਨਾਮਵਰ ਹਸਪਤਾਲ ਦੀ ਝੂਠੀ ਆਡੀਉ ਬਣਾ ਕੇ ਵਾਇਰਲ ਕਰਨ ਦੇ ਦੋਸ਼ ਹੇਠ ਸਥਾਨਕ ਸਿਟੀ ਥਾਣੇ ਦੀ ਪੁਲਿਸ ਨੇ ਇਕ ਅਣਪਛਾਤੇ ਵਿਅਕਤੀ ਵਿਰੁਧ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।  ਸਥਾਨਕ ਜੈਤੋ ਸੜਕ 'ਤੇ ਸਥਿੱਤ 'ਚੰਡੀਗੜ੍ਹ ਬੱਚਿਆਂ ਦੇ ਹਸਪਤਾਲ' ਦੇ ਸੰਚਾਲਕ ਡਾ. ਰਵੀ ਬਾਂਸਲ ਨੇ ਸਿਟੀ ਥਾਣੇ 'ਚ ਸ਼ਿਕਾਇਤ ਦਰਜ ਕਰਵਾ ਕੇ ਦੋਸ਼ ਲਾਇਆ ਕਿ ਕਿਸੇ ਸ਼ਰਾਰਤੀ ਅਨਸਰ ਨੇ ਝੂਠੀ ਆਡੀਉ ਤਿਆਰ ਕਰਕੇ ਉਸ ਨੂੰ ਕੋਰੋਨਾ ਮਹਾਂਮਾਰੀ ਦਾ ਮਰੀਜ਼ ਹੋਣ ਦਾ ਦਾਅਵਾ ਕਰਦਿਆਂ ਪੰਜਾਬ ਸਰਕਾਰ ਵਲੋਂ ਉਸ ਦੇ ਹਸਪਤਾਲ ਨੂੰ ਕਥਿਤ ਤੌਰ 'ਤੇ ਸੀਲ ਕਰਨ ਦੀ ਗੁਮਰਾਹਕੁਨ ਜਾਣਕਾਰੀ ਵੀ ਦਿਤੀ ਗਈ ਸੀ।

 ਭਾਵੇਂ ਪੰਜਾਬ ਭਰ ਦੇ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ 'ਚ ਫੈਲੀ ਉਕਤ ਅਫ਼ਵਾਹ ਦਾ ਸੱਚ ਉਜਾਗਰ ਕਰਦਿਆਂ ਰੋਜ਼ਾਨਾ ਸਪੋਕਸਮੈਨ ਨੇ ਪਹਿਲਕਦਮੀ ਕੀਤੀ ਸੀ ਪਰ ਡਾ ਰਵੀ ਬਾਂਸਲ ਵਲੋਂ ਉਸ ਤੋਂ ਬਾਅਦ ਕੀਤੀ ਗਈ ਸ਼ਿਕਾਇਤ ਦੀ ਜ਼ਿਲਾ ਸਿਹਤ ਵਿਭਾਗ ਨੇ ਅਪਣੇ ਪੱਧਰ 'ਤੇ ਇਸ ਆਡੀਉ ਦੀ ਜਾਂਚ ਲਈ ਡਾ. ਰਵੀ ਬਾਂਸਲ ਦੇ ਨਮੂਨੇ ਲੈ ਕੇ ਉਨ੍ਹਾਂ ਦੀ ਜਾਂਚ ਕਰਵਾਈ। ਜਾਂਚ ਰੀਪੋਰਟ ਆਉਣ ਮਗਰੋਂ ਆਡੀਉ ਝੂਠੀ ਹੋਣ ਦਾ ਸਿੱਟਾ ਨਿਕਲਣ 'ਤੇ ਪੁਲਿਸ ਨੇ ਅਣਪਛਾਤੇ ਮੁਲਜ਼ਮ ਵਿਰੁਧ ਮਾਮਲਾ ਦਰਜ ਕੀਤਾ। ਤਫ਼ਤੀਸ਼ੀ ਅਫ਼ਸਰ ਐਸਆਈ ਜਗਪਾਲ ਸਿੰਘ ਮੁਤਾਬਕ ਮੁਲਜਮ ਦੀ ਸ਼ਨਾਖਤ ਤੋਂ ਬਾਅਦ ਉਸ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।