ਪੰਜਾਬ ਦਾ ਜ਼ਿਲ੍ਹਾ ਐਸ.ਏ.ਐਸ ਨਗਰ ਨੰਬਰ ਇਕ ਕੋਰੋਨਾ ਪੀੜਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

50 ਵਿਅਕਤੀ ਕੋਰੋਨਾ ਪੀੜਤ ਅਤੇ 672 ਵਿਅਕਤੀ ਇਕਾਂਤਵਾਸ 'ਚ

CORONA





ਐਸ.ਏ.ਐਸ ਨਗਰ, 11 ਅਪ੍ਰੈਲ (ਸੁਖਵਿੰਦਰ ਸਿੰਘ ਸ਼ਾਨ): ਪੰਜਾਬ ਵਿਚ ਕੋਰੋਨਾ ਵਾਇਰਸ ਦਾ ਸੱਭ ਤੋਂ ਵੱਧ ਪ੍ਰਭਾਵ ਵਾਲਾ ਖੇਤਰ ਕੌਮਾਂਤਰੀ ਪਛਾਣ ਵਾਲਾ ਜ਼ਿਲ੍ਹਾ ਐਸ.ਏ.ਐਸ ਨਗਰ ਬਣਦਾ ਜਾ ਰਿਹਾ ਹੈ, ਜਿਥੇ ਹੁਣ ਤਕ 50 ਵਿਅਕਤੀ ਕੋਰੋਨਾ ਪੀੜਤ ਪਾਏ ਗਏ ਹਨ ਅਤੇ  ਕਰੀਬ 672 ਵਿਅਕਤੀਆਂ ਨੂੰ ਇਕਾਂਤਵਾਸ ਵਿਚ ਰੱਖਿਆ ਗਿਆ ਹੈ। ਜ਼ਿਲ੍ਹਾ ਐਸ.ਬੀ.ਐਸ ਨਗਰ 19 ਪੀੜਤਾਂ ਨਾਲ ਦੂਜੇ ਅਤੇ ਅੰਮ੍ਰਿਤਸਰ 11 ਪੀੜਤਾਂ ਨਾਲ ਤੀਜੇ ਕ੍ਰਮ ਵਿਚ ਹਨ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਐਸ.ਏ.ਐਸ ਨਗਰ ਵਿਸ਼ਵ ਭਰ ਦੇ ਲੋਕਾਂ ਲਈ ਰਿਹਾਇਸ਼ ਕਰਨ, ਵਪਾਰ ਅਤੇ ਉਦਯੋਗ ਦਾ ਕੇਂਦਰ ਬਣਿਆਂ ਹੋਇਆ ਹੈ। ਇਸ ਦੇ ਨਾਲ ਹੀ ਇੱਥੇ ਅੰਤਰ ਰਾਸ਼ਟਰੀ ਹਵਾਈ ਅੱਡਾ ਹੋਣ ਦੇ ਨਾਲ ਨਾਲ ਵਿਸ਼ਵ ਅਤੇ ਕੌਮੀ ਪਧਰੀ ਵਿਦਿਅਕ ਸੰਸਥਾਵਾਂ  ਅਤੇ ਹਸਪਤਾਲ ਵੀ ਸਥਿਤ ਹਨ। ਸੱਭ ਤੋਂ ਅਹਿਮ ਗੱਲ ਇਹ ਵੀ ਹੈ ਕਿ ਇਹ ਜ਼ਿਲ੍ਹਾ ਸੂਬੇ ਦੀ ਰਾਜਧਾਨੀ ਨਾਲ ਜੁੜਿਆਂ ਇਕਲੌਤਾ ਜ਼ਿਲ੍ਹਾ ਹੈ ਅਤੇ ਸੂਬੇ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੀ ਇਸੇ ਜ਼ਿਲ੍ਹੇ ਦੀ ਪ੍ਰਤੀਨਿਧਤਾ ਕਰਦੇ ਹਨ। ਵਰਣਨਯੋਗ ਹੈ ਕਿ ਜਦੋਂ ਤੋਂ ਪੰਜਾਬ ਵਿਚ ਕੋਰੋਨਾ ਵਾਇਰਸ ਨੇ ਦਸਤਕ ਦਿਤੀ ਹੈ, ਉਦੋਂ ਤੋਂ ਹੀ ਜ਼ਿਲ੍ਹਾ ਐਸ.ਏ.ਐਸ ਕੋਰੋਨਾ ਪ੍ਰਭਾਵਤ ਸੂਚੀ ਵਿਚ ਸ਼ਾਮਲ ਹੋ ਗਿਆ ਸੀ ਅਤੇ ਹੁਣ ਇਥੇ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਸੂਬੇ ਭਰ ਤੋਂ ਸੱਭ ਤੋਂ ਜ਼ਿਆਦਾ ਹੋ ਗਈ ਹੈ।

CORONA

ਭਾਵੇਂ ਕਿ ਕੋਰੋਨਾ ਪੀੜਤਾਂ ਦੇ ਮੁਢਲੇ ਕੇਸ ਮੋਹਾਲੀ ਸ਼ਹਿਰ ਵਿਚੋਂ ਆਏ ਸਨ,ਪਰ ਪਿਛਲੇ ਕੁੱਝ ਦਿਨਾਂ ਤੋਂ ਜ਼ਿਲ੍ਹੇ ਦੀ ਤਹਿਸੀਲ ਡੇਰਾਬਸੀ ਦਾ ਪਿੰਡ ਜਵਾਹਰਪੁਰ ਸਭ ਤੋਂ ਵੱਧ ਕੋਰੋਨਾ ਵਾਇਰਸ ਦੀ ਮਾਰ ਹੇਠ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਤੋਂ ਮਿਲੀ ਜਾਣਕਾਰੀ ਅਨੁਸਾਰ ਜਵਾਹਰਪੁਰ ਪਿੰਡ ਵਿਚ ਹੁਣ ਤਕ 34 ਵਿਅਕਤੀ ਕੋਰੋਨਾ ਪੀੜਤ ਪਾਏ ਗਏ ਹਨ, ਜਦੋਂ ਕਿ 200 ਦੇ ਕਰੀਬ ਵਿਅਕਤੀਆਂ ਨੂੰ ਇਕਾਂਤਵਾਸ ਕੀਤਾ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਵਾਹਰਪੁਰ ਪਿੰਡ ਵਿਚ ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਲਈ ਹਰ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ। ਇਥੋਂ ਦੇ ਵਸਨੀਕਾਂ ਦੇ ਲਗਾਤਾਰ ਟੈਸਟ ਕਰਵਾਏ ਜਾ ਰਹੇ ਹਨ ਅਤੇ  ਸ਼ੱਕੀ ਵਿਅਕਤੀਆਂ ਨੂੰ ਇਕਾਂਤਵਾਸ ਕਰਨ ਦੇ ਨਾਲ ਨਾਲ ਪਿੰਡ ਨੂੰ  ਸੈਨੇਟਾਈਜੇਸ਼ਨ ਕੀਤਾ ਜਾ ਰਿਹਾ ਹੈ।

ਇਸ ਦੇ ਨਾਲ ਹੀ ਪੀੜਤਾਂ ਦੇ ਸੰਪਰਕਾਂ ਦਾ ਵੀ ਪਤਾ ਲਾਇਆ ਜਾ ਰਿਹਾ ਹੈ ਤਾਂ ਜੋ ਹੋਰਨਾਂ ਪ੍ਰਭਾਵਤ ਵਿਅਕਤੀਆਂ ਦਾ ਪਤਾ ਲਗ ਸਕੇ। ਡਿਪਟੀ ਕਮਿਸਨਰ ਗਿਰੀਸ ਦਿਆਲਨ ਦਾ ਕਹਿਣਾ ਹੈ ਕਿ ਪਿੰਡ ਜਵਾਹਰਪੁਰ ਤੋਂ ਅੱਜ ਕੋਰੋਨਾ ਵਾਇਰਸ ਦੇ ਹੋਰ ਦੋ ਪਾਜੇਟਿਵ ਮਾਮਲੇ ਸਾਹਮਣੇ ਆਏ ਹਨ। ਪਾਜੇਟਿਵ ਪਾਏ ਗਏ ਵਿਅਕਤੀਆਂ ਵਿਚ ਦੋਵੇਂ ਪੁਰਸ਼ ਹਨ, ਜੋ ਕਿ ਪਹਿਲਾਂ ਪਾਜੀਟਿਵ ਪਾਏ ਗਏ ਵਿਅਕਤੀਆਂ ਦੇ ਗੁਆਂਢੀ ਹਨ। ਉਨ੍ਹਾਂ ਦਸਿਆ ਕਿ ਇਨ•ਾਂ ਦੋਵਾਂ ਮਾਮਲਿਆਂ ਨਾਲ ਜ਼ਿਲ੍ਹੇ ਵਿਚ ਕੋਰੋਨਾ ਪਾਜੇਟਿਵ ਕੇਸਾਂ ਦੀ ਗਿਣਤੀ 50 ਤੱਕ ਪਹੁੰਚ ਗਈ ਹੈ। ਇਨ•ਾਂ 50 ਮਾਮਲਿਆਂ ਵਿਚੋਂ 34 ਮਾਮਲੇ ਕੇਵਲ ਪਿੰਡ ਜਵਾਹਰਪੁਰ ਦੇ ਹਨ। ਇਸ ਤੋਂ ਇਲਾਵਾ 2 ਦੀ ਮੌਤ ਹੋ ਗਈ ਹੈ ਜਦਕਿ 5 ਵਿਅਕਤੀ ਠੀਕ ਹੋ ਆਪੋ ਆਪਣੇ ਘਰ ਚਲੇ ਗਏ ਹਨ। ਸ੍ਰੀ ਦਿਆਲਨ ਦਾ ਕਹਿਣਾ ਹੈ ਕਿ ਜ਼ਿਲ੍ਹੇ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਹੁਣ ਤਕ 43 ਹੈ।