ਵਿਤ ਮੰਤਰੀ ਦੇ ਹਲਕੇ 'ਚ ਧੜੱਲੇ ਨਾਲ ਵਿਕ ਰਹੀ ਹੈ ਸਾਬਕਾ ਅਕਾਲੀ ਵਿਧਾਇਕ ਦੀ 'ਲਾਲ ਪਰੀ'
ਵਿਤ ਮੰਤਰੀ ਦੇ ਹਲਕੇ 'ਚ ਧੜੱਲੇ ਨਾਲ ਵਿਕ ਰਹੀ ਹੈ ਸਾਬਕਾ ਅਕਾਲੀ ਵਿਧਾਇਕ ਦੀ 'ਲਾਲ ਪਰੀ'
ਬਠਿੰਡਾ, 11 ਅਪ੍ਰੈਲ (ਸੁਖਜਿੰਦਰ ਮਾਨ): ਸੂਬੇ 'ਚ ਕੋਰੋਨਾ ਵਾਇਰਸ ਦੇ ਚੱਲਦਿਆਂ ਪੰਜਾਬ ਸਰਕਾਰ ਵਲੋਂ ਲਗਾਏ ਕਰਫ਼ਿਊ ਦੌਰਾਨ ਪਾਬੰਦੀ ਦੇ ਬਾਵਜੂਦ ਬਠਿੰਡਾ 'ਚ ਕਈ ਠੇਕਿਆਂ 'ਤੇ ਧੜੱਲੇ ਨਾਲ 'ਲਾਲ ਪਰੀ' ਦੀ ਵਿਕਰੀ ਹੋ ਰਹੀ ਹੈ। ਮਹੱਤਵਪੂਰਨ ਗੱਲ ਇਹ ਵੀ ਦੇਖਣ ਨੂੰ ਮਿਲ ਰਹੀ ਹੈ ਕਿ ਸੂਬੇ ਦੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਹਲਕੇ 'ਚ ਸਾਬਕਾ ਅਕਾਲੀ ਵਿਧਾਇਕ ਦੀਪ ਮਲਹੋਤਰਾ ਦੇ ਗਰੂੱਪ ਦੀ ਮਨੋਪਲੀ ਵਾਲੇ ਇੰਨ੍ਹਾਂ ਠੇਕਿਆਂ 'ਤੇ ਕਾਨੂੰਨ ਦੀ ਹੋ ਰਹੀ ਉਲੰਘਣਾ ਵੱਲ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਨਜ਼ਰ ਵੀ ਨਹੀਂ ਜਾ ਰਹੀ ਹੈ। ਪ੍ਰਾਪਤ ਕੀਤੀ ਸੂਚਨਾ ਮੁਤਾਬਕ ਸ਼ਹਿਰ ਦੇ ਕਈ ਠੇਕਿਆਂ ਵਿਚ ਠੇਕੇਦਾਰਾਂ ਨੇ ਕਰਫ਼ਿਊ ਦੌਰਾਨ ਵੀ 'ਲਾਲਪਰੀ' ਵੇਚਣ ਲਈ ਚੋਰ-ਮੋਰੀਆਂ ਕੱਢ ਲਈਆਂ ਹਨ। ਸਪੋਕਸਮੈਨ ਦੀ ਟੀਮ ਵਲੋਂ ਇਕੱਤਰ ਕੀਤੀ ਸੂਚਨਾ ਮੁਤਾਬਕ ਇੰਨ੍ਹਾਂ ਠੇਕਿਆਂ ਵਿਚ ਪ੍ਰਸ਼ਾਸਨ ਤੇ ਆਮ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਲਈ ਠੇਕਿਆਂ ਦੇ ਸ਼ਟਰਾਂ ਨੂੰ ਬਾਹਰੋਂ ਜਿੰਦਰਾ ਮਾਰ ਦਿੱਤਾ ਜਾਂਦਾ ਹੈ ਪ੍ਰੰਤੂ ਇੰਨ੍ਹਾਂ ਸ਼ਟਰਾਂ ਦੇ ਹੇਠਲੇ ਪਾਸੇ ਇੱਕ ਛੋਟੀ ਜਿਹੀ ਚੌਰਸ ਮੋਰੀ ਰੱਖੀ ਹੋਈ ਹੈ, ਜਿਸਨੂੰ ਸ਼ਰਾਬ ਦੀ ਵਿਕਰੀ ਲਈ ਵਰਤਿਆਂ ਜਾਂਦਾ ਹੈ। ਇਸਤੋਂ ਇਲਾਵਾ ਸ਼ਹਿਰ ਦੇ ਜਿੰਨ੍ਹਾਂ ਠੇਕਿਆਂ ਵਿਚ ਇਹ ਗੌਰਖਧੰਦਾ ਚਲਾਇਆ ਜਾ ਰਿਹਾ,ਉਥੇ ਇੰਨ੍ਹਾਂ ਠੇਕੇਦਾਰਾਂ ਦੇ ਅੱਧੀ ਦਰਜ਼ਨ ਦੇ ਕਰੀਬ ਕਰਿੰਦੇ ਠੇਕੇ ਦੇ ਆਸਪਾਸ ਘੁੰਮਦੇ ਰਹਿੰਦੇ ਹਨ। ਇੰਨ੍ਹਾਂ ਕਰਿੰਦਿਆਂ ਵਲੋਂ ਹੀ ਅਪਣੇ ਰੋਜ਼ ਦੇ ਪੱਕੇ ਗ੍ਰਾਹਕਾਂ ਤੋਂ ਇਲਾਵਾ ਸ਼ਰਾਬ ਦੇ ਚਾਹਵਾਨਾਂ ਨੂੰ ਇਸ਼ਾਰਿਆਂ ਰਾਹੀ ਸਰਾਬ ਦੀ ਕਿਸਮ ਤੇ ਮਾਤਰਾ ਬਾਰੇ ਪੁੱੱਛਿਆਂ ਜਾਂਦਾ ਹੈ।
ਜਿਸਤੋਂ ਬਾਅਦ ਸਬੰਧਤ ਗ੍ਰਾਹਕ ਠੇਕੇ ਦੇ ਬੰਦ ਸ਼ਟਰ ਦੇ ਹੇਠਲੇ ਪਾਸੇ ਰੱਖੀ ਚੋਰਮੋਰੀ ਰਾਹੀ ਪੈਸੇ ਦੇ ਕੇ ਅਪਣੀ ਮਨਪਸੰਦ ਦੀ ਸਰਾਬ ਲੈ ਜਾਂਦਾ ਹੈ। ਸਪਕੋਸਮੈਨ ਦੀ ਟੀਮ ਵਲੋਂ ਵੀ ਬਠਿੰਡਾ ਦੇ ਆਈ.ਟੀ.ਆਈ. ਚੌਕ 'ਚ ਪੁਲ ਦੇ ਹੇਠਾਂ ਸਥਿਤ ਉਕਤ ਗਰੁੱਪ ਦੇ ਇੱਕ ਠੇਕੇ ਵਿਚ ਨਾ ਸਿਰਫ਼ ਅਪਣੇ ਅੱਖੀ ਇਹ ਫ਼ਿਲਮੀ ਸੀਨ ਦੇਖਿਆ ਗਿਆ, ਬਲਕਿ ਇਸਨੂੰ ਅਪਣੇ ਮੋਬਾਇਲ ਵਿਚ ਵੀ ਕੈਦ ਗਿਆ।ਉਧਰ ਜਦ ਇਸ ਵਰਤਾਰੇ ਬਾਰੇ ਸਾਬਕਾ ਵਿਧਾਇਕ ਦੀਪ ਮਲਹੋਤਰਾ ਨਾਲ ਫ਼ੋਨ ਉਪਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਫ਼ੋਨ ਨਹੀਂ ਚੁੱਕਿਆ ਜਦੋਂਕਿ ਉਨ੍ਹਾਂ ਦੇ ਆਧਾਰ 'ਤੇ ਇਸ ਗਰੁੱਪ ਦੇ ਹੈਪੀ ਠੇਕੇਦਾਰ ਨੇ ਦੱਬੀ ਜੁਬਾਨ ਨਾਲ ਇਸ ਗੱਲ ਨੂੰ ਸਵੀਕਾਰ ਕਰਦਿਆਂ ਤਰਕ ਦਿੱਤਾ ਕਿ ਠੇਕਿਆਂ ਵਿਚ ਚੋਰੀਆਂ ਹੋਣ ਦੇ ਡਰੋਂ ਜਿਆਦਾਤਰ ਠੇਕਿਆਂ ਵਿਚ ਕਰਿੰਦੇ ਰਹਿ ਰਹੇ ਹਨ ਤੇ ਕਈ ਵਾਰ ਉਹ ਅਜਿਹਾ ਕਰ ਲੈਂਦੇ ਹਨ।
ਮਾਮਲਾ ਧਿਆਨ ਵਿਚ ਨਹੀਂ ਪੜਤਾਲ ਕਰਾਂਗੇ: ਡੀਸੀ
ਬਠਿੰਡਾ: ਉਧਰ ਸੰਪਰਕ ਕਰਨ 'ਤੇ ਡਿਪਟੀ ਕਮਿਸਨਰ ਬੀ ਨਿਵਾਸਨ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਇਹ ਮਾਮਲਾ ਧਿਆਨ ਵਿਚ ਨਹੀਂ ਤੇ ਉਹ ਪੜਤਾਲ ਕਰਵਾਉਣਗੇ।