ਪਿੰਡ ਖਡੂਰ ਦੀ ਗਲੀ ਵਿਚੋਂ ਮਿਲੇ ਪਾਕਿਸਤਾਨੀ ਦਸਤਾਨੇ
ਮਖੂ ਦੇ ਨਜ਼ਦੀਕ ਪਿੰਡ ਖਡੂਰ ਵਿਚੋਂ ਮਿਲੇ ਪਾਕਿਸਤਾਨੀ ਮਾਰਕੇ ਵਾਲੇ ਦਸਤਾਨੇ ਜਾਂਚ ਦਾ ਵਿਸ਼ਾ ਹਨ। ਸ਼ਾਮ ਵੇਲੇ ਗਲੀ ਵਿਚ ਪਏ ਇਨ੍ਹਾਂ ਦਸਤਾਨਿਆ 'ਤੇ ਪੱਕੇ
ਫ਼ਿਰੋਜ਼ਪੁਰ (ਜਗਵੰਤ ਸਿੰਘ ਮੱਲ੍ਹੀ): ਮਖੂ ਦੇ ਨਜ਼ਦੀਕ ਪਿੰਡ ਖਡੂਰ ਵਿਚੋਂ ਮਿਲੇ ਪਾਕਿਸਤਾਨੀ ਮਾਰਕੇ ਵਾਲੇ ਦਸਤਾਨੇ ਜਾਂਚ ਦਾ ਵਿਸ਼ਾ ਹਨ। ਸ਼ਾਮ ਵੇਲੇ ਗਲੀ ਵਿਚ ਪਏ ਇਨ੍ਹਾਂ ਦਸਤਾਨਿਆ 'ਤੇ ਪੱਕੇ ਪ੍ਰਿੰਟ ਨਾਲ ਮਿਡਾਸ ਸੇਫ਼ਟੀ, ਇਨੋਵੇਸ਼ਨ ਸੇਫ਼ਟੀ ਸਲਯੂਸ਼ਨ (ਡਰਾਈਵਰ) ਮੇਡ ਇਨ ਪਾਕਿਸਤਾਨ 3601 ਡੀ.ਜੀ./ਐਮ.ਐਸ.-ਸੀ.ਐਲ.। ਜਦਕਿ ਪੈੱਨ ਨਾਲ ਇਕ ਪਾਸੇ ਐਸ.ਐਚ./ਐਸ.ਐਲ. ਅਤੇ ਦੂਜੇ ਕੋਨੇ ਵਿਚ 31/12 ਅੰਕਿਤ ਕੀਤਾ ਹੋਇਆ ਸੀ। ਇਹ ਦਸਤਾਨੇ ਇਥੇ ਕਿਵੇਂ ਆਏ ਬਾਬਤ ਪੁੱਛੇ ਜਾਣ 'ਤੇ ਪਿੰਡ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਹੈ।
ਪਾਕਿਸਤਾਨੀ ਦਸਤਾਨੇ ਵੇਖਣ ਤੋਂ ਬਾਅਦ ਪਿੰਡ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਕਿਸੇ ਵੀ ਪਿੰਡ ਵਾਸੀ ਨੇ ਡਰ ਦੇ ਮਾਰੇ ਇਨ੍ਹਾਂ ਦਸਤਾਨਿਆਂ ਨੂੰ ਹੱਥ ਨਹੀਂ ਲਗਾਇਆ। ਪਿੰਡ ਦੀ ਸਰਪੰਚ ਕਰਮਜੀਤ ਕੌਰ ਦੇ ਪਤੀ ਜਸਵੀਰ ਸਿੰਘ ਅਤੇ ਪੰਚ ਹਰਜਿੰਦਰ ਸਿੰਘ ਖਡੂਰ ਨੇ ਇਸ ਦੀ ਜਾਣਕਾਰੀ ਤਤਕਾਲ ਥਾਣਾ ਮੁਖੀ ਇੰਸਪੈਕਟਰ ਬਚਨ ਸਿੰਘ ਨੂੰ ਦਿਤੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਦਸਤਾਨੇ ਵੇਖੇ ਅਤੇ ਕੋਰੋਨਾ ਵਾਇਰਸ ਦੀ ਦਹਿਸ਼ਤ ਕਾਰਨ ਸਿਹਤ ਵਿਭਾਗ ਨੂੰ ਇਸ ਸਬੰਧੀ ਜਾਣਕਾਰੀ ਦਿਤੀ ਗਈ।
ਐਸ.ਐਮ.ਓ. ਕਸੋਆਣਾ ਡਾਕਟਰ ਬਲਕਾਰ ਸਿੰਘ ਦੀ ਹਦਾਇਤ 'ਤੇ ਸਿਹਤ ਵਿਭਾਗ ਦੀ ਟੀਮ ਨੇ ਦੋ ਘੰਟੇ ਬਾਅਦ ਮੌਕੇ 'ਤੇ ਪਹੁੰਚ ਕੇ ਦਸਤਾਨੇ ਜਾਂਚ ਲਈ ਭੇਜ ਦਿਤੇ। ਦੱਸਣਯੋਗ ਹੈ ਕਿ ਪਿੰਡ ਦੇ ਕਈ ਵਿਅਕਤੀ ਬਾਹਰਲੇ ਦੇਸ਼ਾਂ ਵਿਚ ਕੰਮ ਕਰਦੇ ਹਨ। ਹੋ ਸਕਦਾ ਹੈ ਉਨ੍ਹਾਂ ਵਿਚੋਂ ਹੀ ਕਿਸੇ ਨੇ ਵਿਦੇਸ਼ੋਂ ਨਾਲ ਲਿਆਂਦੇ ਇਹ ਦਸਤਾਨੇ ਕੋਰੋਨਾ ਦੀ ਦਹਿਸ਼ਤ ਕਾਰਨ ਬਾਹਰ ਸੁੱਟੇ ਹੋਣ।
ਨਾਮ ਨਾ ਲਿਖੇ ਜਾਣ ਦੀ ਸ਼ਰਤ 'ਤੇ ਕੁੱਝ ਪਿੰਡ ਵਾਸੀਆਂ ਨੇ ਕਿਹਾ ਕਿ ਅਰਬ ਦੇਸ਼ਾਂ ਵਿਚ ਡਰਾਈਵਰਾਂ ਨੂੰ ਅਜਿਹੇ ਦਸਤਾਨੇ ਆਮ ਹੀ ਦਿਤੇ ਜਾਂਦੇ ਹਨ। ਇਸ ਲਈ ਇਹ ਮਾਮਲਾ ਡੂੰਘੀ ਜਾਂਚ ਦਾ ਵਿਸ਼ਾ ਹੈ। ਜਦਕਿ ਫ਼ਿਰੋਜ਼ਪੁਰ ਸਰਹੱਦੀ ਜ਼ਿਲ੍ਹਾ ਹੋਣ ਕਾਰਨ ਨਸ਼ੇ ਦੀ ਸਪਲਾਈ ਵੀ ਆਮ ਤੌਰ 'ਤੇ ਪਾਕਿਸਤਾਨ ਵਲੋਂ ਪਿਛਲੇ ਲੰਮੇ ਸਮੇਂ ਤੋਂ ਹੋ ਰਹੀ ਹੈ।