ਕੋਰੋਨਾ ਵਾਇਰਸ : ਪੰਜਾਬ 'ਚ ਮੌਤਾਂ ਦੀ ਗਿਣਤੀ ਹੋਈ 12

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੁੰਡੀ ਖਰੜ ਦੀ ਇਕ ਹੋਰ ਔਰਤ ਦੀ ਮੌਤ ਦੀ ਹੋਈ ਪੁਸ਼ਟੀ

File

ਚੰਡੀਗੜ੍ਹ  (ਗੁਰਉਪਦੇਸ਼ ਭੁੱਲਰ): ਪੰਜਾਬ ਵਿਚ ਕੋਰੋਨਾ ਵਾਇਰਸ ਦਾ ਕਹਿਰ ਦਿਨ ਪ੍ਰਤੀ ਦਿਨ ਵਧ ਰਿਹਾ ਹੈ। ਜ਼ਿਲ੍ਹਾ ਮੋਹਾਲੀ ਦੇ ਮੁੰਡੀ ਖਰੜ ਦੀ ਇਕ ਮਹਿਲਾ ਪੀੜਤ ਦੀ ਮੌਤ ਦੀ ਪੁਸ਼ਟੀ ਬਾਅਦ ਹੁਣ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 12 ਹੋ ਗਈ ਹੈ। ਪਾਜ਼ੇਟਿਵ ਕੇਸਾਂ ਵਿਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਅੱਜ ਇਕੋ ਦਿਨ ਵਿਚ 21 ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ ਜਦ ਕਿ ਬੀਤੇ ਦਿਨੀਂ ਵੀ 24 ਪਾਜ਼ੇਟਿਵ ਕੇਸ ਸਾਹਮਣੇ ਆਏ ਸਨ। ਹੁਣ ਅੱਜ ਸ਼ਾਮ ਤਕ ਦੀ ਰੀਪੋਰਟ ਮੁਤਾਬਕ ਪਾਜ਼ੇਟਿਵ ਕੁੱਲ ਕੇਸਾਂ ਦੀ ਗਿਣਤੀ 151 ਤਕ ਪਹੁੰਚ ਗਈ ਹੈ। ਦੋ ਕੋਰੋਨਾ ਪੀੜਤਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਜ਼ਿਕਰਯੋਗ ਗੱਲ ਹੈ ਕਿ ਕੋਰੋਨਾ ਦਾ ਹਾਟ-ਸਪਾਟ ਬਣੇ ਜ਼ਿਲ੍ਹਾ ਮੋਹਾਲੀ ਦੇ ਪਿੰਡ ਜਵਾਹਰਪੁਰ ਵਿਚ ਲਗਾਤਾਰ ਪਾਜ਼ੇਟਿਵ ਕੇਸ ਵਧ ਰਹੇ ਹਨ। ਅੱਜ ਹੋਰ 11 ਨਵੇਂ ਕੇਸਾਂ ਦੀ ਪੁਸ਼ਟੀ ਬਾਅਧ ਇਸ ਇਕੋ ਪਿੰਡ ਵਿਚ ਪਾਜ਼ੇਟਿਵ ਕੇਸਾਂ ਦੀ ਗਿਣਤੀ 33 ਤਕ ਜਾ ਪਹੁੰਚੀ ਹੈ। ਜ਼ਿਲ੍ਹਾ ਮੋਹਾਲੀ ਵਿਚ ਹੁਣ ਸੱਭ ਤੋਂ ਵੱਧ 48 ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ। ਮੁੰਡੀ ਖਰੜ ਦੀ ਮਹਿਲਾ ਔਰਤ ਜਿਸਦੀ 7 ਅਪ੍ਰੈਲ ਨੂੰ ਮੌਤ ਹੋ ਗਈ ਸੀ, ਉਸ ਦੀ ਅੱਜ ਪਾਜ਼ੇਟਿਵ ਰੀਪੋਰਟ ਆਉਣ ਬਾਅਦ ਮਰਨ ਵਾਲਿਆਂ ਦੀ ਗਿਣਤੀ 12 ਹੋਈ ਹੈ। ਅੱਜ ਪਠਾਨਕੋਟ ਵਿਚ ਵੀ 8 ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ ਜਿਥੇ ਕੁੱਲ ਗਿਣਤੀ 15 ਤਕ ਪਹੁੰਚ ਗਈ ਹੈ।

ਪੰਜਾਬ ਵਿਚ ਹੁਣ ਤਕ ਕੋਰੋਨਾ ਵਾਇਰਸ ਨਾਲ ਪੀੜਤ 151 ਮਾਮਲੇ ਆ ਚੁੱਕੇ ਹਨ। ਜ਼ਿਲ੍ਹਾ ਨਵਾਂ ਸ਼ਹਿਰ ਵਿਚ ਪਾਜ਼ੇਟਿਵ ਕੇਸਾਂ ਦੀ ਗਿਣਤੀ 19, ਜਲੰਧਰ ਵਿਚ 12, ਮਾਨਸਾ ਵਿਚ 11, ਅਮ੍ਰਿਤਸਰ ਵਿਚ 11, ਲੁਧਿਆਣਾ ਵਿਚ 10, ਹੁਸ਼ਿਆਪੁਰ ਵਿਚ 7, ਮੋਗਾ ਵਿਚ 4, ਰੋਪੜ ਵਿਚ 3, ਫ਼ਤਿਹਗੜ੍ਹ ਸਾਹਿਬ, ਫ਼ਰੀਦਕੋਟ ਅਤੇ ਸੰਗਰੂਰ ਵਿਚ 2-2, ਪਟਿਆਲਾ, ਕਪੂਰਥਲਾ ਤੇ ਮੁਕਤਸਰ 1-1 ਹੈ। 20 ਮਰੀਜ਼ ਹੁਣ ਤਕ ਠੀਕ ਵੀ ਹੋਏ ਹਨ। 338 ਸ਼ੱਕੀ ਕੇਸਾਂ ਦੀ ਰੀਪੋਰਟ ਹਾਲੇ ਆਉਣੀ ਹੈ।