ਦੁਨੀਆ ਦੇ 100 ਪ੍ਰਭਾਵਸ਼ਾਲੀ ਸਿੱਖਾਂ ਵਿਚ ਸ਼ਾਮਿਲ ਹੋਏ ਰਾਣਾ ਗੁਰਮੀਤ ਸਿੰਘ ਸੋਢੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਖੇਡ ਤੇ ਯੁਵਾ ਅਤੇ ਐਨਆਰਆਈ ਮਾਮਲਿਆਂ ਦੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦਾ ਨਾਂਅ ਦੁਨੀਆ ਦੀ ‘ਦ ਸਿੱਖ 100’ ਸੂਚੀ ਵਿਚ ਸ਼ਾਮਿਲ ਕੀਤਾ ਗਿਆ ਹੈ।

Photo

ਚੰਡੀਗੜ੍ਹ: ਪੰਜਾਬ ਦੇ ਖੇਡ ਤੇ ਯੁਵਾ ਅਤੇ ਐਨਆਰਆਈ ਮਾਮਲਿਆਂ ਦੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦਾ ਨਾਂਅ ਦੁਨੀਆ ਦੀ ‘ਦ ਸਿੱਖ 100’ ਸੂਚੀ ਵਿਚ ਸ਼ਾਮਿਲ ਕੀਤਾ ਗਿਆ ਹੈ। ਇਸ ਸੂਚੀ ਵਿਚ ਉਹਨਾ ਦਾ ਨਾਂਅ 21 ਵੇਂ ਨੰਬਰ ‘ਤੇ ਹੈ। ਇਸ ਸੂਚੀ ਵਿਚ ਵਪਾਰ, ਸਿੱਖਿਆ, ਮਨੋਰੰਜਨ, ਖੇਡ ਆਦਿ ਖੇਤਰਾਂ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਪ੍ਰਭਾਵਸ਼ਾਲੀ ਸਿੱਖਾਂ ਨੂੰ ਸ਼ਾਮਿਲ ਕੀਤਾ ਜਾਂਦਾ ਹੈ।

ਇਸ ਸੂਚੀ ਵਿਚ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਕੈਨੇਡਾ ਦੇ ਮੰਤਰੀ ਹਰਜੀਤ ਸਿੰਘ ਸੱਜਣ, ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਨਾਂਅ ਵੀ ਸ਼ਾਮਿਲ ਹੈ।

ਸਾਬਕਾ ਅੰਤਰਰਾਸ਼ਟੀ ਸ਼ੂਟਰ ਰਾਣਾ ਗੁਰਮੀਤ ਸਿੰਘ ਸੋਢੀ ਨੇ ਨਾ ਸਿਰਫ ਖੇਡਾਂ ਦੇ ਖੇਤਰ ਵਿਚ ਪ੍ਰਾਪਤੀਆਂ ਹਾਸਲ ਕੀਤੀਆਂ ਹਨ ਬਲਕਿ ਉਹਨਾਂ ਨੂੰ ਕਲਾਸੀਕਲ ਸੰਗੀਤ, ਖਾਣਾ ਬਣਾਉਣ ਅਤੇ ਇਤਿਹਾਸ ਦੀਆਂ ਪੁਸਤਕਾਂ ਪੜ੍ਹਨ ਦਾ ਵੀ ਸ਼ੌਂਕ ਹੈ।ਰਾਣਾ ਸੋਢੀ ਨੂੰ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਦੇ ਮੈਂਬਰ ਵਜੋਂ ਗੁਰੂ ਹਰ ਸਹਾਏ ਤੋਂ 2002 ਵਿਚ ਵਿਧਾਇਕ ਚੁਣਿਆ ਗਿਆ ਸੀ।

2002 ਤੋਂ 2004 ਉਹ ਮੁੱਖ ਮੰਤਰੀ ਪੰਜਾਬ ਦੇ ਰਾਜਨੀਤਿਕ ਸਕੱਤਰ ਵੀ ਰਹੇ ਹਨ। ਇਸ ਤੋਂ ਇਲਾਵਾ ਉਹਨਾਂ ਨੇ ਯੂਥ ਕਾਂਗਰਸ ਦੇ ਜਨਰਲ ਸਕੱਤਰ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਅਤੇ ਜਨਰਲ ਸਕੱਤਰ, ਚੀਫ਼ WHIP  ਕਾਂਗਰਸ ਵਿਧਾਇਕ ਦਲ, ਲੋਕ ਲੇਖਾ ਕਮੇਟੀ ਅਤੇ ਐਸਟੀਮੇਟਸ ਕਮੇਟੀ ਅਤੇ ਪੰਜਾਬ ਵਿਧਾਨ ਸਭਾ ਦੀ ਪ੍ਰਸ਼ਨ ਅਤੇ ਸੰਦਰਭ ਕਮੇਟੀ ਦੇ ਮੈਂਬਰ ਵਜੋਂ ਵੀ ਸੇਵਾਵਾਂ ਨਿਭਾਈਆਂ ਹਨ।

ਦੱਸ ਦਈਏ ਕਿ ‘ਦ ਸਿੱਖ 100’ ਇਕ ਸਲਾਨਾ ਰੈਂਕਿੰਗ ਦਸਤਾਵੇਜ਼ ਹੈ, ਜਿਸ ਵਿਚ ਦੁਨੀਆ ਭਰ ਦੇ ਪ੍ਰਭਾਵਸ਼ਾਲੀ ਸਿੱਖਾਂ ਦੇ ਨਾਂਅ ਸ਼ਾਮਲ ਕੀਤੇ ਜਾਂਦੇ ਹਨ। ਇਸ ਸੂਚੀ ਵਿਚ ਪਹਿਲੇ ਨੰਬਰ ‘ਤੇ ਸਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਬਾਬਾ ਕੁਲਵੰਤ ਸਿੰਘ ਜੀ ਦਾ ਨਾਂਅ ਸ਼ਾਮਿਲ ਹੈ।

ਦੂਜੇ ਨੰਬਰ ‘ਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਤੀਜੇ ਨੰਬਰ ‘ਤੇ ਜਥਦੇਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਚੌਥੇ ਨੰਬਰ ‘ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਨਾਂਅ ਹੈ। ਪੰਜਵੇਂ ਨੰਬਰ ‘ਤੇ ਬੁੱਢਾ ਦਲ ਦੇ ਜਥੇਦਾਰ ਬਾਬਾ ਬਲਬੀਰ ਸਿੰਘ ਜੀ ਦਾ ਨਾਂਅ ਸ਼ਾਮਿਲ ਹੈ।