ਮਨਰੇਗਾ ਕਾਮਿਆਂ ਨੂੰ 92 ਕਰੋੜ ਦੀ ਅਦਾਇਗੀ ਕੀਤੀ : ਤ੍ਰਿਪਤ ਬਾਜਵਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਲੋਂ ਮਨਰੇਗਾ ਸਕੀਮ ਤਹਿਤ ਕੰਮ ਕਰਨ ਵਾਲੇ ਸੂਬੇ ਦੇ ਇਕ ਲੱਖ ਛੱਤੀ ਹਜ਼ਾਰ ਕਾਮਿਆਂ ਦੀ ਸੱਤ ਅਪ੍ਰੈਲ ਤਕ ਬਣਦੀ

File Photo

ਚੰਡੀਗੜ੍ਹ  (ਸ.ਸ.ਸ.) : ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਲੋਂ ਮਨਰੇਗਾ ਸਕੀਮ ਤਹਿਤ ਕੰਮ ਕਰਨ ਵਾਲੇ ਸੂਬੇ ਦੇ ਇਕ ਲੱਖ ਛੱਤੀ ਹਜ਼ਾਰ ਕਾਮਿਆਂ ਦੀ ਸੱਤ ਅਪ੍ਰੈਲ ਤਕ ਬਣਦੀ ਸਾਰੀ ਉਜਰਤ ਦੀ 92 ਕਰੋੜ ਰੁਪਏ ਦੀ ਰਾਸ਼ੀ ਕੱਲ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਪਾ ਦਿਤੀ ਗਈ ਹੈ ਤਾਂ ਕਿ ਇਸ ਸੰਕਟ ਦੇ ਦੌਰ ਵਿਚ ਉਨ੍ਹਾਂ ਨੂੰ ਅਪਣਾ ਘਰ ਚਲਾਉਣ ਵਿਚ ਮਦਦ ਮਿਲ ਸਕੇ।

ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਇਹ ਜਾਣਕਾਰੀ ਦਿੰਦਿਆਂ ਦਸਿਆ ਕਿ ਵਿਭਾਗ ਵਲੋਂ ਪਿਛਲੇ ਦਿਨੀਂ ਕੀਤੇ ਯਤਨਾਂ ਸਦਕਾ ਕੇਂਦਰ ਸਰਕਾਰ ਕੋਲੋਂ ਇਸ ਸਕੀਮ ਤਹਿਤ 226 ਕਰੋੜ ਰੁਪਏ ਹਾਸਲ ਕੀਤੇ ਗਏ ਸਨ। ਉਨ੍ਹਾਂ ਦਸਿਆ ਕਿ ਇਸ ਰਕਮ ਹਾਸਲ ਕਰਨ ਨਾਲ ਵਿਭਾਗ ਪਿਛਲੀਆਂ ਅਦਾਇਗੀਆਂ ਕਰਨ ਦੇ ਨਾਲ ਨਾਲ ਆਉਣ ਵਾਲੇ ਚਾਰ ਮਹੀਨਿਆਂ ਵਿਚ ਮਨਰੇਗਾ ਸਕੀਮ ਤਹਿਤ ਕੰਮ ਕਰਨ ਵਾਲੇ ਕਾਮਿਆਂ ਨੂੰ ਉਨ੍ਹਾਂ ਦੀ ਉਜਰਤ ਸਮੇਂ ਸਿਰ ਕਰਨ ਦੇ ਸਮਰੱਥ ਹੋ ਗਿਆ ਹੈ।

ਬਾਜਵਾ ਨੇ ਕਿਹਾ ਕਿ ਉਨ੍ਹਾਂ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਸਪਸ਼ਟ ਹਿਦਾਇਤਾਂ ਦਿਤੀਆਂ ਹਨ ਮਨਰੇਗਾ ਸਕੀਮ ਇਸ ਸੰਕਟ ਦੇ ਸਮੇਂ ਵਿਚ ਗ਼ਰੀਬ ਵਰਗ ਲਈ ਬੜੀ ਵੱਡੀ ਰਾਹਤ ਦੇ ਸਕਦੀ ਹੈ, ਇਸ ਲਈ ਇਸ ਸਕੀਮ ਤਹਿਤ ਵੱਧ ਤੋਂ ਵੱਧ ਕਾਮਿਆਂ ਨੂੰ ਵੱਧ ਤੋਂ ਵੱਧ ਕੰਮ ਦਿਤਾ ਜਾਵੇ। ਉਨ੍ਹਾਂ ਦਸਿਆ ਕਿ ਵਿਭਾਗ ਨੂੰ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਮਨਰੇਗਾ ਕਾਮਿਆਂ ਨੂੰ ਹਰ 15 ਦਿਨਾਂ ਬਾਅਦ ਬਿਨਾਂ ਦੇਰੀ ਦੇ ਉਜਰਤ ਮਿਲਦੀ ਰਹੇ।