ਕੋਰੋਨਾ ਵਾਇਰਸ ਦੇ ਟਾਕਰੇ ਲਈ ਨਿਵੇਕਲੇ ਤੇ ਅਜੀਬ ਉਪਰਾਲੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੋਰੋਨਾ ਵਾਇਰਸ ਦੇ ਟਾਕਰੇ ਲਈ ਨਿਵੇਕਲੇ ਤੇ ਅਜੀਬ ਉਪਰਾਲੇ

Unusual and unique efforts to combat the Coronavirus

ਸੈਨੀਟਾਈਜ਼ਰ ਰੂਮ 'ਚੋਂ ਲੰਘਣ ਵਾਲਾ ਹਰ ਵਿਅਕਤੀ ਅਪਣੇ ਆਪ ਹੀ ਹੋ ਜਾਵੇਗਾ ਸੈਨੀਟਾਈਜ਼

ਕੋਟਕਪੂਰਾ, 10 ਅਪ੍ਰੈਲ (ਗੁਰਿੰਦਰ ਸਿੰਘ) : ਕੋਰੋਨਾ ਵਾਇਰਸ ਦਾ ਟਾਕਰਾ ਕਰਨ ਲਈ ਪੰਜਾਬ ਪੁਲਿਸ ਅਤੇ ਪ੍ਰਮੁੱਖ ਸਮਾਜ ਸੇਵੀ ਸੰਸਥਾਵਾਂ ਨੇ ਇਕ ਨਿਵੇਕਲਾ ਤੇ ਅਜੀਬ ਉਪਰਾਲਾ ਕੀਤਾ ਹੈ। ਸ਼ਹਿਰ ਦੇ ਮੁੱਖ ਬੱਤੀਆਂ ਵਾਲੇ ਚੌਕ ਸਮੇਤ 4 ਵੱਖ-ਵੱਖ ਮਹੱਤਵਪੂਰਨ ਜਨਤਕ ਸਥਾਨਾਂ 'ਤੇ ਉਕਤ ਸਮਾਜਸੇਵੀਆਂ ਨੇ ਅਜਿਹੇ ਸੈਨੇਟਾਈਜ਼ਰ ਰੂਮ ਸਥਾਪਤ ਕੀਤੇ ਹਨ, ਜਿਨ੍ਹਾਂ ਵਿਚੋਂ ਲੰਘਣ ਵਾਲਾ ਹਰ ਵਿਅਕਤੀ ਅਪਣੇ ਆਪ ਹੀ ਸੈਨੀਟਾਈਜ਼ ਹੋ ਜਾਵੇਗਾ। ਪੀ.ਬੀ.ਜੀ. ਵੈਲਫ਼ੇਅਰ ਕਲੱਬ, ਸਾਈਕਲ ਰਾਈਡਰਜ ਕਲੱਬ, ਜੈਕਾਰਾ ਮੂਵਮੈਂਟ ਸ਼ੋਸ਼ਲ ਆਰਗੇਨਾਈਜ਼ੇਸ਼ਨ, ਸਿਟੀ ਕਲੱਬ ਕੋਟਕਪੂਰਾ ਅਤੇ ਐਚ.ਐਸ.ਐਫ਼. ਕਲੱਬ ਵਲੋਂ ਸ਼ਹਿਰ ਦੇ ਬੱਤੀਆਂ ਵਾਲੇ ਚੌਕ, ਐਸ.ਡੀ.ਐਮ. ਦਫ਼ਤਰ, ਸਿਵਲ ਹਸਪਤਾਲ ਤੇ ਸਬਜ਼ੀ ਮੰਡੀ ਕੋਟਕਪੂਰਾ ਵਿਖੇ ਤਿਆਰ ਕੀਤੇ ਗਏ ਸੈਨੀਟਾਈਜ਼ਿੰਗ ਰੂਮ ਪੰਜਾਬ ਭਰ 'ਚ ਪਹਿਲੇ ਸੈਨੀਟਾਈਜ਼ਿੰਗ ਰੂਮ ਹਨ। ਅੱਜ ਬੱਤੀਆਂ ਵਾਲੇ ਚੌਕ 'ਚ ਇਸ ਸੈਨੇਟਾਈਜ਼ਿੰਗ ਰੂਮ ਦੀ ਸ਼ੁਰੂਆਤ ਕਰਦੇ ਹੋਏ ਮਨਜੀਤ ਸਿੰਘ ਢੇਸੀ ਜ਼ਿਲ੍ਹਾ ਪੁਲਿਸ ਮੁਖੀ ਫ਼ਰੀਦਕੋਟ ਨੇ ਕਿਹਾ ਕਿ ਕੋਰੋਨਾ ਵਾਇਰਸ 'ਤੇ ਜਿੱਤ ਪ੍ਰਾਪਤ ਕਰਨ ਲਈ ਸਾਨੂੰ ਮਿਲ ਕੇ ਯਤਨ ਕਰਨੇ ਹੋਣਗੇ। ਉਨ੍ਹਾਂ ਕਿਹਾ ਕਿ ਅਜਿਹੇ ਸੈਨੀਟਾਈਜ਼ਿੰਗ ਰੂਮ ਫ਼ਰੀਦਕੋਟ ਵਿਚ ਵੀ ਸਥਾਪਤ ਕੀਤੇ ਜਾਣਗੇ।

ਸ਼ਹਿਰ ਦੀਆਂ ਮੁੱਖ ਸੜਕਾਂ ਨੂੰ ਰੋਗ ਮੁਕਤ ਕਰਨ ਲਈ ਨਗਰ ਨਿਗਮ ਨੂੰ ਮੁਹਈਆ ਕਰਵਾਈ ਪੀ.ਆਈ. ਇੰਡਸਟਰੀ ਦੀ ਜਪਾਨੀ ਮਸ਼ੀਨ

ਪਟਿਆਲਾ, (ਤੇਜਿੰਦਰ ਫ਼ਤਿਹਪੁਰ) : ਪਟਿਆਲਾ ਪੁਲਿਸ ਨੇ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਇਕ ਅਹਿਮ ਉਪਰਾਲਾ ਕੀਤਾ ਹੈ। ਇਸ ਬਾਰੇ ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ ਨੇ ਦਸਿਆ ਕਿ ਪਟਿਆਲਾ ਪੁਲਿਸ ਨੇ ਜਨਤਕ ਹਿਤਾਂ ਦੇ ਮੱਦੇਨਜ਼ਰ ਪੁਲਿਸ ਲਾਇਨ ਸਮੇਤ ਪੁਲਿਸ ਥਾਣਿਆਂ ਅਤੇ ਸ਼ਹਿਰ ਦੀਆਂ ਮੁੱਖ ਸੜਕਾਂ ਨੂੰ ਰੋਗਾਣੂ ਮੁਕਤ ਕਰਨ ਲਈ ਪੀ.ਆਈ. ਇੰਡਸਟਰੀਜ ਗੁਰੂਗ੍ਰਾਮ ਦੇ ਸਹਿਯੋਗ ਨਾਲ ਵਿਸ਼ੇਸ਼ ਜਪਾਨੀ ਮਸ਼ੀਨ ਨਗਰ ਨਿਗਮ ਨੂੰ ਮੁਹਈਆ ਕਰਵਾਈ ਹੈ। ਇਹ ਮਸ਼ੀਨ ਖੇਤਾਂ ਵਿਚ ਕੀਟਨਾਸ਼ਕ ਦਵਾਈ ਦਾ ਛਿੜਕਾਅ ਕਰਨ ਲਈ ਵਰਤੋਂ ਵਿਚ ਲਿਆਂਦੀ ਜਾਂਦੀ ਹੈ। ਐਸ.ਐਸ.ਪੀ. ਨੇ ਦਸਿਆ ਕਿ ਉਨ੍ਹਾਂ ਵਲੋਂ ਨਗਰ ਨਿਗਮ ਨੂੰ ਮੁਫ਼ਤ ਉਪਲਬੱਧ ਕਰਵਾਈ ਇਸ ਜਪਾਨੀ ਮਸ਼ੀਨ ਵਿਚ ਇਕ ਵਾਰ 600 ਲਿਟਰ ਰੋਗਾਣੂ ਮੁਕਤ ਦਵਾਈ ਸੋਡੀਅਮ ਹਾਈਪੋਕਲੋਰਾਈਡ ਦਾ ਘੋਲ ਪਾ ਕੇ ਛਿੜਕਾਅ ਕੀਤਾ ਜਾ ਸਕਦਾ ਹੈ। ਉਨ੍ਹਾਂ ਦਸਿਆ ਕਿ ਆਉਂਦੇ 5 ਦਿਨ ਇਹ ਮਸ਼ੀਨ ਪਟਿਆਲਾ ਵਿਖੇ ਰਹੇਗੀ ਅਤੇ ਇਸ ਨਾਲ ਪੁਲਿਸ ਲਾਇਨ ਅਤੇ ਪੁਲਿਸ ਥਾਣਿਆਂ ਸਮੇਤ ਸ਼ਹਿਰ ਦੀਆਂ ਸੜਕਾਂ 'ਤੇ ਇਸ ਘੋਲ ਦਾ ਛਿੜਕਾਅ ਕੀਤਾ ਜਾਵੇਗਾ। ਇਸੇ ਦੌਰਾਨ ਨਗਰ ਨਿਗਮ ਦੇ ਕਮਿਸ਼ਨਰ ਪੂਨਮਦੀਪ ਕੌਰ ਨੇ ਪਟਿਆਲਾ ਨੇ ਦਸਿਆ ਕਿ ਇਸ ਮਸ਼ੀਨ ਨਾਲ ਬੱਸ ਸਟੈਂਡ, ਖੰਡਾ ਚੌਂਕ, ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਤੋਂ ਥਾਪਰ ਯੂਨੀਵਰਸਿਟੀ ਚੌਂਕ, ਭੁਪਿੰਦਰਾ ਰੋਡ, ਫੁਹਾਰਾ ਚੌਂਕ, ਅਪਰ ਮਾਲ, ਲੋਅਰ ਮਾਲ, ਮਾਲ ਰੋਡ ਆਦਿ ਮੁੱਖ ਸੜਕਾਂ ਸਮੇਤ ਸ਼ਹਿਰ ਦੀਆਂ ਹੋਰ ਥਾਂਵਾਂ 'ਤੇ ਡਿਸਇਨਫੈਕਟੈਂਟ ਦਾ ਛਿੜਕਾਅ ਕੀਤਾ ਜਾਵੇਗਾ।