ਡੇਰਾਬੱਸੀ 'ਚ ਸੁੱਤੇ ਪਏ ਪਰਿਵਾਰ ਤੇ ਡਿੱਗੀ ਛੱਤ, 10 ਸਾਲਾਂ ਬੱਚੇ ਦੀ ਮੌਤ
ਦੋ ਬੱਚਿਆਂ ਨੂੰ ਮਾਮੂਲੀ ਚੋਟਾਂ ਆਈਆਂ
ਡੇਰਾ ਬੱਸੀ (ਗੁਰਜੀਤ ਸਿੰਘ ਈਸਾਪੁਰ): ਡੇਰਾਬੱਸੀ ਨਗਰ ਕੌਂਸਲ ਦੇ ਪਿੰਡ ਮੀਰਪੁਰ ਵਿਖੇ ਬੀਤੀ ਰਾਤ ਇਕ ਮਕਾਨ ਦੀ ਕੱਚੀ ਛੱਤ ਡਿੱਗਣ ਕਾਰਨ 10 ਸਾਲਾ ਬੱਚੇ ਦੀ ਮੌਤ ਹੋ ਗਈ। ਹਾਦਸਾ ਬੀਤੀ ਰਾਤ ਕਰੀਬ 11 ਵਜੇ ਵਾਪਰਿਆ, ਜਦੋਂ ਪਤੀ ਪਤਨੀ ਆਪਣੇ ਤਿੰਨ ਬੱਚਿਆਂ ਨਾਲ ਸੁੱਤੇ ਪਏ ਸਨ।
ਖੜਕਾ ਸੁਣ ਗੁਆਂਢੀ ਇੱਕਠੇ ਹੋ ਗਏ। ਗੁਆਢੀਆਂ ਨੇ ਮਲਬੇ ਵਿੱਚੋਂ ਬੜੀ ਮੁਸ਼ਕਲ ਨਾਲ ਜ਼ਖ਼ਮੀ ਪਰਿਵਾਰ ਨੂੰ ਬਾਹਰ ਕੱਢਿਆ ਤੇ ਡੇਰਾ ਬੱਸੀ ਸਿਵਲ ਹਸਪਤਾਲ ਪਹੁੰਚਾਇਆ, ਜਿੱਥੋਂ ਉਨ੍ਹਾਂ ਦੀ ਹਾਲਤ ਨੂੰ ਵੇਖਦਿਆਂ ਚੰਡੀਗੜ੍ਹ ਦੇ ਸੈਕਟਰ 32 ਵਿਖੇ ਰੈਫਰ ਕਰ ਦਿੱਤਾ ਗਿਆ।
ਜਿੱਥੇ ਦੇਰ ਰਾਤ ਇੱਕ 10 ਸਾਲਾ ਬੱਚੇ ਦੀ ਜ਼ੇਰੇ ਇਲਾਜ ਮੌਤ ਹੋ ਗਈ। ਮ੍ਰਿਤਕ ਦੀ ਸ਼ਨਾਖਤ ਹਰਜੀਤ ਸਿੰਘ (10) ਪੁੱਤਰ ਰਾਮ ਕੁਮਾਰ ਦੇ ਤੌਰ ਤੇ ਹੋਈ ਹੈ । ਜੋ ਡੇਰਾਬਸੀ ਵਿਖੇ ਚੌਥੀ ਜਮਾਤ ਵਿੱਚ ਪੜ੍ਹਦਾ ਸੀ।
ਦੋ ਬੱਚਿਆਂ ਨੂੰ ਮਾਮੂਲੀ ਚੋਟਾਂ ਆਈਆਂ ਸਨ ਜਿਨ੍ਹਾਂ ਨੂੰ ਇਲਾਜ ਉਪਰੰਤ ਛੁੱਟੀ ਦੇ ਦਿੱਤੀ ਗਈ ਪਰ ਮਕਾਨ ਮਾਲਿਕ ਰਾਮ ਕੁਮਾਰ ਆਪਣੀ ਪਤਨੀ ਸਮੇਤ ਹਸਪਤਾਲ ਵਿਖੇ ਉਪਚਾਰ ਅਧੀਨ ਦਾਖਲ ਹਨ।
ਹਲਕਾ ਵਿਧਾਇਕ ਐਨ ਕੇ ਸ਼ਰਮਾ ਨੇ ਮੌਕੇ ਦਾ ਦੌਰਾ ਕਰਕੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਕਿਹਾ ਗ਼ਰੀਬ ਪਰਿਵਾਰਾਂ ਦੇ ਕੱਚੀਆਂ ਛੱਤਾਂ ਦੇ ਪੈਸੇ ਮਨਜ਼ੂਰ ਹੋਣ ਦੇ ਬਾਵਜੂਦ ਵੀ ਅਧਿਕਾਰੀਆਂ ਵੱਲੋਂ ਗਰੀਬ ਪਰਿਵਾਰਾਂ ਦੇ ਖਾਤਿਆਂ ਵਿੱਚ ਪੈਸੇ ਨਹੀਂ ਪਾਏ ਜਾ ਰਹੇ । ਜਿਸ ਕਾਰਨ ਗਰੀਬ ਪਰਿਵਾਰ ਨਾਲ ਅਜਿਹਾ ਹਾਦਸਾ ਵਾਪਰਿਆ ।