ਲੱਖਾ ਸਿਧਾਣਾ ਦੇ ਭਰਾ ਦੀ ਕੁੱਟਮਾਰ ਨੂੰ ਲੈ ਨਵਜੋਤ ਸਿੱਧੂ ਨੇ ਵੀ ਰੱਖਿਆ ਅਪਣਾ ਪੱਖ
ਨਵਜੋਤ ਸਿੰਘ ਸਿੱਧੂ ਨੇ ਪੰਜਾਬ ਸਰਕਾਰ 'ਤੇ ਸਵਾਲ ਚੁੱਕੇ ਹਨ ਕਿ ਆਖਿਰ ਅਜੇ ਤਕ ਕਾਰਵਾਈ ਕਿਉਂ ਨਹੀਂ ਕੀਤੀ ਗਈ ਹੈ
ਅੰਮ੍ਰਿਤਸਰ : ਦਿੱਲੀ ਪੁਲਿਸ ਵੱਲੋਂ ਲੱਖਾ ਸਿਧਾਣਾ ਦੇ ਭਰਾ ਦੀ ਕੁੱਟਮਾਰ ਮਾਮਲੇ 'ਚ ਨਵਜੋਤ ਸਿੰਘ ਸਿੱਧੂ ਨੇ ਵੀ ਆਪਣਾ ਪੱਖ ਰੱਖਿਆ ਹੈ ਤੇ ਦਿੱਲੀ ਪੁਲਿਸ ਨੂੰ ਕਰੜੇ ਹੱਥੀ ਲਿਆ ਹੈ। ਇਸੇ ਨਾਲ ਉਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਇਸ ਮਾਮਲੇ 'ਚ ਅਜੇ ਤਕ ਕੋਈ ਦਖ਼ਲ ਨਾ ਦਿੱਤੇ ਜਾਣ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ।
ਨਵਜੋਤ ਸਿੱਧੂ ਨੇ ਲਿਖਿਆ ਕਿ ਸ਼ਰਮਨਾਕ ਹੈ ਕਿ ਦਿੱਲੀ ਪੁਲਿਸ ਨੂੰ ਸਾਡੇ ਅਧਿਕਾਰ ਖੇਤਰ 'ਚ ਪੰਜਾਬੀਆਂ ਨੂੰ ਤਸੀਹੇ ਕਰਨ ਦੀ ਮਨਜ਼ੂਰੀ ਹੈ। ਇਹ ਪੰਜਾਬ ਸਰਕਾਰ ਦੇ ਅਧਿਕਾਰ ਦੀ ਉਲੰਘਣਾ ਕਰਦਾ ਹੈ। ਇਹ ਕਿਸ ਦੀ ਮਿਲੀਭੁਗਤ ਨਾਲ ਹੋ ਰਿਹਾ ਹੈ? ਮਮਤਾ ਬੈਨਰਜੀ ਤੋਂ ਸਬਕ ਸਿੱਖਣਾ ਚਾਹੀਦਾ ਜਿਨ੍ਹਾਂ ਨੇ ਪੱਥਮ ਬੰਗਾਲ ਦੇ ਅਧਿਕਾਰ ਖੇਤਰ 'ਚ ਹਮਲੇ ਕੀਤੇ ਜਾਣ 'ਤੇ CBI ਨੂੰ ਸਲਾਖ਼ਾ ਦੇ ਪਿੱਛੇ ਪਾ ਦਿੱਤਾ।
ਨਵਜੋਤ ਸਿੰਘ ਸਿੱਧੂ ਨੇ ਪੰਜਾਬ ਸਰਕਾਰ 'ਤੇ ਸਵਾਲ ਚੁੱਕੇ ਹਨ ਕਿ ਆਖਿਰ ਅਜੇ ਤਕ ਕਾਰਵਾਈ ਕਿਉਂ ਨਹੀਂ ਕੀਤੀ ਗਈ ਹੈ। ਦੱਸ ਦਈਏ ਕਿ ਨਵਜੋਤ ਸਿੱਧੂ ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟਿਵ ਰਹਿਣ ਲੱਗ ਪਏ ਹਨ ਉਹ ਹਰ ਰੋਜ਼ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਸ਼ਾਇਰੀ ਅੰਦਾਜ਼ ਵਿਚ ਟਵੀਟ ਕਰਦੇ ਰਹਿੰਦੇ ਹਨ। ਉਹ ਪਹਿਲਾਂ ਵੀ ਸਰਕਾਰ ਨੂੰ ਕਰੜੇ ਹੱਥੀਂ ਲੈ ਚੁੱਕੇ ਹਨ।
ਦੱਸ ਦਈਏ ਕਿ ਦਿੱਲੀ ਪੁਲਿਸ ਵੱਲੋਂ ਲੱਖਾ ਸਿਧਾਣਾ ਦੇ ਭਰਾ ਨਾਲ ਕੁੱਟਮਾਰ ਕੀਤੀ ਗਈ ਹੈ ਜਿਸ ਤੋਂ ਬਾਅਦ ਦੇਰ ਰਾਤ ਲੱਖਾ ਸਿਧਾਣਾ ਦੇ ਚਚੇਰੇ ਭਰਾ ਗੁਰਦੀਪ ਸਿੰਘ ਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਉਨ੍ਹਾਂ ਦੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਹਨ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਉਸ ਨੂੰ ਦਿੱਲੀ ਪੁਲਿਸ ਨੇ ਪਟਿਆਲਾ ਤੋਂ ਜ਼ਬਰਦਸਤੀ ਚੁੱਕ ਕੇ ਕੁੱਟਿਆ ਹੈ।
ਸਿਵਲ ਹਸਪਤਾਲ ਮੌਕੇ ਤੇ ਪਹੁੰਚੇ ਲੱਖਾ ਸਿਧਾਣਾ ਨੇ ਪੰਜਾਬ ਸਰਕਾਰ 'ਤੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਇਨ੍ਹਾਂ ਦਾ ਫੇਲਿਅਰ ਰਿਹਾ ਜੋ ਦਿੱਲੀ ਪੁਲਿਸ ਪੰਜਾਬ 'ਚ ਦਾਖਲ ਹੋ ਕੇ ਸਾਡੇ ਨੌਜਵਾਨਾਂ ਨਾਲ ਮਾਰਕੁੱਟ ਕਰ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ 'ਚ ਸਖ਼ਤ ਕਾਰਵਾਈ ਹੋਵੇ। ਇਸ ਮੌਕੇ ਵੱਡੀ ਗਿਣਤੀ ਵਿਚ ਬਠਿੰਡਾ ਦੇ ਸਰਕਾਰੀ ਹਸਪਤਾਲ ਪਹੁੰਚੇ ਪਿੰਡ ਸਿਧਾਣਾ ਦੇ ਲੋਕਾਂ ਨੇ ਕਿਹਾ ਕਿ ਦਿੱਲੀ ਪੁਲਿਸ ਵੱਲੋਂ ਕਿਸਾਨ ਅੰਦੋਲਨ ਵਿਚ ਸਮਰਥਨ ਕਰਨ ਬਾਰੇ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਜੋ ਕਿ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ।