ਸ਼੍ਰੋਮਣੀ ਕਮੇਟੀ ਵੱਲੋਂ ਪਾਕਿਸਤਾਨ ਜਾਣ ਵਾਲੇ ਜਥੇ ਦੇ ਸ਼ਰਧਾਲੂਆਂ ਨੂੰ ਵੰਡੇ ਗਏ ਪਾਸਪੋਰਟ
793 ਵਿਚੋਂ 437 ਸ਼ਰਧਾਲੂ ਦੇ ਲੱਗੇ ਵੀਜ਼ੇ
ਅੰਮ੍ਰਿਤਸਰ (ਰਾਜੇਸ਼ ਕੁਮਾਰ ਸੰਧੂ) ਵਿਸਾਖੀ ਮੌਕੇ ਪਾਕਿਸਤਾਨ ਜਾਣ ਵਾਲੇ ਜਥੇ ਦੇ ਸ਼ਰਧਾਲੂਆਂ ਨੂੰ ਅਜ ਸ਼੍ਰੋਮਣੀ ਕਮੇਟੀ ਵੱਲੋਂ ਪਾਸਪੋਰਟ ਵੰਡੇ ਗਏ। ਇਹ ਜਥਾ 13 ਅਪ੍ਰੈਲ ਸਵੇਰੇ 8:30 ਵਜੇ ਸ਼੍ਰੋਮਣੀ ਦਫਤਰ ਤੋਂ ਪਾਕਿਸਤਾਨ ਲਈ ਰਵਾਨਾ ਹੋਵੇਗਾ ਅਤੇ ਉਥੋਂ ਦੇ ਗੁਰੂਧਾਮਾਂ ਦੇ ਦਰਸ਼ਨ ਦੀਦਾਰ ਕਰਦੇ ਹੋਏ 22 ਤਾਰੀਖ ਨੂੰ ਵਾਪਿਸ ਪਰਤੇਗਾ।
ਇਸ ਸਬੰਧੀ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਮਹਿੰਦਰ ਸਿੰਘ ਆਲੀ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਗੁਰਧਾਮਾਂ ਦੇ ਦਰਸ਼ਨ ਦੀਦਾਰ ਕਰਨ ਲਈ ਜਾ ਰਿਹਾ ਹੈ।
ਜਿਸਦੇ ਚਲਦੇ ਅਜ ਸ਼ਰਧਾਲੂਆਂ ਨੂੰ ਪਾਸਪੋਰਟ ਵੰਡੇ ਗਏ ਅਤੇ ਇਹਨਾਂ ਸਾਰੇ ਸ਼ਰਧਾਲੂਆਂ ਦੇ ਸਰਕਾਰੀ ਹਦਾਇਤਾਂ ਅਨੁਸਾਰ ਕੋਰੋਨਾ ਟੈਸਟ ਕੀਤੇ ਜਾ ਚੁੱਕੇ ਹਨ ਜਿਹਨਾਂ ਵਿਚੋਂ 5 ਦੇ ਕਰੀਬ ਸ਼ਰਧਾਲੂ ਪਾਜ਼ੇਟਿਵ ਆਏ ਹਨ। ਉਹਨਾਂ ਦੱਸਿਆ ਕਿ ਇਸ ਜਥੇ ਵਿਚ ਜਾਣ ਲਈ 793 ਸ਼ਰਧਾਲੂਆਂ ਨੇ ਵੀਜ਼ੇ ਲਈ ਅਪਲਾਈ ਕੀਤਾ ਸੀ ਪਰ ਸਿਰਫ 437 ਸ਼ਰਧਾਲੂਆਂ ਨੂੰ ਹੀ ਵੀਜ਼ੇ ਮਿਲੇ ਹਨ
ਅਤੇ ਜਿਹੜੇ ਸ਼ਰਧਾਲੂਆਂ ਨੂੰ ਕਿਸੇ ਕਾਰਨ ਵੀਜ਼ੇ ਨਹੀ ਮਿਲ ਸਕੇ ਉਹਨਾਂ ਵਿਚ ਭਾਰੀ ਨਿਰਾਸ਼ਾ ਹੈ ਜਿਸਦੇ ਚਲਦੇ ਅਸੀ ਭਾਰਤ ਸਰਕਾਰ ਨੂੰ ਇਹ ਅਪੀਲ ਕਰਦੇ ਹਾਂ ਕਿ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਵੱਧ ਤੋਂ ਵੱਧ ਸ਼ਰਧਾਲੂਆਂ ਦੇ ਵੀਜ਼ੇ ਲਗਾਏ ਜਾਣ।