ਮੁਹਾਲੀ 'ਚ ਦੇਰ ਰਾਤ ਚੱਲੀਆਂ ਤਾਬੜ ਤੋੜ ਗੋਲੀਆਂ, ਇਕ ਨੌਜਵਾਨ ਹੋਇਆ ਗੰਭੀਰ ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨੌਜਵਾਨ ਨੂੰ PGI ਕਰਵਾਇਆ ਭਰਤੀ

photo

 

ਮੁਹਾਲੀ: ਚੰਡੀਗੜ੍ਹ ਦੇ ਨਾਲ ਲੱਗਦੇ ਮੁਹਾਲੀ 'ਚ ਅਪਰਾਧਿਕ ਘਟਨਾਵਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਕਿਸੇ ਨੂੰ ਗੋਲੀ ਮਾਰਨਾ ਆਮ ਹੋ ਗਿਆ ਹੈ। ਰੋਪੜ ਦੇ ਇਕ ਵਿਅਕਤੀ 'ਤੇ ਐਤਵਾਰ ਦੇਰ ਰਾਤ ਤਿੰਨ ਗੋਲੀਆਂ ਚਲਾਈਆਂ ਗਈਆਂ। ਵਿਅਕਤੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਉਸ ਨੂੰ ਪੀ.ਜੀ.ਆਈ. ਦਾਖਲ ਕਰਵਾਇਆ ਗਿਆ ਹੈ।

 

ਰੋਪੜ ਦਾ ਰਹਿਣ ਵਾਲਾ ਇਹ ਵਿਅਕਤੀ ਆਪਣੇ ਪਰਿਵਾਰ ਨਾਲ ਮੁਹਾਲੀ ਫੇਜ਼ 5 ਵਿੱਚ ਡਿਨਰ ਕਰਨ ਆਇਆ ਸੀ। ਦੇਰ ਰਾਤ ਇੱਥੇ ਪਾਰਕਿੰਗ ਵਿੱਚ ਅਣਪਛਾਤੇ ਹਮਲਾਵਰਾਂ ਨੇ ਉਸ ’ਤੇ ਤਿੰਨ ਰਾਉਂਡ ਫਾਇਰ ਕੀਤੇ। ਘਟਨਾ ਰਾਤ ਕਰੀਬ 10.15 ਵਜੇ ਵਾਪਰੀ। ਹਮਲਾਵਰ ਵਿਅਕਤੀ ਦੀ ਕਾਰ ਵੀ ਆਪਣੇ ਨਾਲ ਲੈ ਗਈ। ਵਿਅਕਤੀ ਦੀ ਪਛਾਣ ਹਰਵਿੰਦਰ ਸਿੰਘ ਵਾਸੀ ਰੋਪੜ ਵਜੋਂ ਹੋਈ ਹੈ।

 

ਉਹ ਆਪਣੀ ਪਤਨੀ ਅਤੇ ਦੋ ਬੱਚਿਆਂ ਨਾਲ ਹੁੰਡਈ i20 ਕਾਰ 'ਚ ਡਿਨਰ ਕਰਨ ਆਇਆ ਸੀ। ਜਦੋਂ ਪਰਿਵਾਰ ਬਾਰਬੀਕਿਊ ਨੇਸ਼ਨ ਵਿੱਚ ਡਿਨਰ ਕਰ ਰਿਹਾ ਸੀ ਤਾਂ ਹਰਵਿੰਦਰ ਨੂੰ ਫੋਨ ਆਇਆ ਅਤੇ ਉਹ ਪਾਰਕਿੰਗ ਵਿੱਚ ਚਲਾ ਗਿਆ, ਜਿੱਥੇ ਗੋਲੀ ਚੱਲ ਗਈ। ਇਸ ਦੇ ਨਾਲ ਹੀ ਚਸ਼ਮਦੀਦਾਂ ਨੇ ਦੱਸਿਆ ਕਿ ਕੁਝ ਗਰਮਾ-ਗਰਮ ਬਹਿਸ ਤੋਂ ਬਾਅਦ ਗੋਲੀਆਂ ਚਲਾਈਆਂ ਗਈਆਂ। ਇਸ ਤੋਂ ਬਾਅਦ ਹਮਲਾਵਰ ਕਾਰ ਵਿਚ ਫਰਾਰ ਹੋ ਗਏ। ਚਸ਼ਮਦੀਦਾਂ ਨੇ ਦੱਸਿਆ ਕਿ ਇਸ ਘਟਨਾ 'ਚ ਇਕ ਹਮਲਾਵਰ ਵੀ ਜ਼ਖਮੀ ਹੋ ਗਿਆ।

 

ਹਮਲਾਵਰਾਂ ਨੇ ਅੱਧੀ ਦਰਜਨ ਦੇ ਕਰੀਬ ਗੋਲੀਆਂ ਚਲਾਈਆਂ ਸਨ। ਇਨ੍ਹਾਂ ਵਿੱਚੋਂ ਤਿੰਨ ਗੋਲੀਆਂ ਹਰਵਿੰਦਰ ਦੇ ਪੇਟ ਵਿੱਚ ਲੱਗੀਆਂ ਸਨ। ਉਸ ਨੂੰ ਪਹਿਲਾਂ ਮੋਹਾਲੀ ਫੇਜ਼ 4 ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ। ਇੱਥੋਂ ਉਸ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ। ਮੁਹਾਲੀ ਦੇ ਐਸਐਸਪੀ ਵਿਵੇਕਸ਼ੀਲ ਸੋਨੀ ਵੀ ਮੌਕੇ ’ਤੇ ਪੁੱਜੇ।

ਪੁਲਿਸ ਮੁਤਾਬਕ ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਇਹ ਕਾਰ ਪਾਰਕਿੰਗ ਨੂੰ ਲੈ ਕੇ ਹੋਏ ਝਗੜੇ ਦਾ ਨਤੀਜਾ ਸੀ ਜਾਂ ਕਾਰ ਖੋਹਣ ਦਾ ਮਾਮਲਾ। ਪੁਲਿਸ ਨੇ ਮੌਕੇ ਦੀ ਸੀਸੀਟੀਵੀ ਫੁਟੇਜ ਕਬਜ਼ੇ ਵਿੱਚ ਲੈ ਲਈ ਹੈ ਅਤੇ ਪੀੜਤਾ ਦੇ ਬਿਆਨ ਦਰਜ ਕੀਤੇ ਜਾਣੇ ਹਨ। ਮੁਹਾਲੀ ਪੁਲੀਸ ਦੀ ਸੀਆਈਏ ਟੀਮ ਵੀ ਮੌਕੇ ’ਤੇ ਪਹੁੰਚ ਗਈ ਸੀ। ਪੁਲੀਸ ਨੇ ਸ਼ਾਹੀਮਾਜਰਾ ਤੋਂ ਚੋਰੀ ਦੀ ਕਾਰ ਬਰਾਮਦ ਕਰ ਲਈ ਹੈ।