ਹੁਣ ਕੁੰਵਰ ਵਿਜੈ ਪ੍ਰਤਾਪ ਦੇ ਬਿਆਨ ਨੂੰ ਲੈ ਕੇ ਵਿਰੋਧੀ ਆਗੂ 'ਆਪ' ਸਰਕਾਰ ਦੁਆਲੇ ਹੋਏ
ਹੁਣ ਕੁੰਵਰ ਵਿਜੈ ਪ੍ਰਤਾਪ ਦੇ ਬਿਆਨ ਨੂੰ ਲੈ ਕੇ ਵਿਰੋਧੀ ਆਗੂ 'ਆਪ' ਸਰਕਾਰ ਦੁਆਲੇ ਹੋਏ
ਕਿਹਾ, ਸਰਕਾਰ ਸਥਿਤੀ ਸਪੱਸ਼ਟ ਕਰੇ, ਕੁੰਵਰ ਵਿਜੈ ਨੇ ਬਹਿਬਲ ਜਾਂਚ ਨਾਲ ਸਬੰਧਤ ਰਹੇ 2 ਪੁਲਿਸ ਅਫ਼ਸਰਾਂ ਦੀ ਅਹਿਮ ਥਾਵਾਂ 'ਤੇ ਤੈਨਾਤੀ ਨੂੰ ਲੈ ਕੇ ਕੀਤਾ ਹੈ ਇਤਰਾਜ਼
ਚੰਡੀਗੜ੍ਹ, 10 ਅਪ੍ਰੈਲ (ਭੁੱਲਰ) : ਹੁਣ ਪਾਰਟੀ ਅੰਦਰੋਂ ਵੀ 'ਆਪ' ਸਰਕਾਰ ਦੇ ਫ਼ੈਸਲਿਆਂ ਨੂੰ ਲੈ ਕੇ ਆਵਾਜ਼ਾਂ ਉਠਣੀਆਂ ਸ਼ੁਰੂ ਹੋ ਗਈਆਂ ਹਨ | ਅੰਮਿ੍ਤਸਰ ਹਲਕੇ ਦੇ ਵਿਧਾਇਕ ਅਤੇ ਸਾਬਕਾ ਆਈ.ਜੀ.ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਦੋ ਸੀਨੀਅਰ ਆਈ.ਪੀ.ਐਸ. ਅਫ਼ਸਰਾਂ ਦੀ ਅਹਿਮ ਥਾਵਾਂ ਉਪਰ ਤੈਨਾਤੀ 'ਤੇ ਸਵਾਲ ਉਠਾਉਂਦੇ ਹੋਏ ਇਸ ਬਾਰੇ ਅਪਣਾ ਇਤਰਾਜ਼ ਪ੍ਰਗਟ ਕੀਤਾ ਹੈ |
ਕੁੰਵਰ ਵਿਜੈ ਪ੍ਰਤਾਪ ਦੇ ਇਸ ਬਿਆਨ ਬਾਅਦ ਵਿਰੋਧੀ ਪਾਰਟੀਆਂ ਨੂੰ ਵੀ ਮੱੁਦਾ ਮਿਲ ਗਿਆ ਅਤੇ ਉਹ ਇਹ ਮਾਮਲਾ ਚੁੱਕ ਕੇ 'ਆਪ' ਸਰਕਾਰ ਦੁਆਲੇ ਹੋ ਗਏ ਹਨ | ਕੁੰਵਰ ਵਿਜੈ ਪ੍ਰਤਾਪ ਨੇ ਫੇਸਬੁੱਕ ਪੋਸਟ ਰਾਹੀਂ 1998 ਬੈਚ ਦੇ ਸੀਨੀਅਰ ਅਧਿਕਾਰੀ ਪ੍ਰਬੋਧ ਕੁਮਾਰ ਨੂੰ ਡੀ.ਜੀ.ਪੀ. ਇੰਟੈਲੀਜੈਂਸ ਅਤੇ 1997 ਬੈਚ ਦੇ ਅਰੁਨਪਾਲ ਸਿੰਘ ਨੂੰ ਅੰਮਿ੍ਤਸਰ ਦਾ ਕਮਿਸ਼ਨਰ ਲਾਏ ਜਾਣ 'ਤੇ ਇਤਰਾਜ਼ ਪ੍ਰਗਟ ਕਰਦਿਆਂ ਸਰਕਾਰ ਤੋਂ ਇਨ੍ਹਾਂ ਤੈਨਾਤੀਆਂ ਉਪਰ ਮੁੜ ਵਿਚਾਰ ਦੀ ਮੰਗ ਕੀਤੀ ਹੈ ਤਾਂ ਜੋ ਅੱਗੇ ਕੋਈ ਸਵਾਲ ਨਾ ਉਠਣ |
ਜ਼ਿਕਰਯੋਗ ਹੈ ਕਿ ਪ੍ਰਬੋਧ ਕੁਮਾਰ ਬਹਿਬਲ ਗੋਲੀ ਕਾਂਡ ਦੀ ਜਾਂਚ ਵਾਲੀ ਉਸ ਐਸ.ਆਈ.ਟੀ. ਦੇ ਮੁਖੀ ਸਨ ਜਿਸ ਵਿਚ ਉਸ ਵੇਲੇ ਕੁੰਵਰ ਵਿਜੈ ਵੀ ਸਨ ਪਰ ਪ੍ਰਬੋਧ ਕੁਮਾਰ ਵਿਚਾਲੇ ਹੀ ਕੰਮ ਛੱਡ ਕੇ ਚਲੇ ਗਏ ਸਨ |
ਇਸੇ ਤਰ੍ਹਾਂ ਅਰੁਨਪਾਲ ਵੀ ਐਸ.ਆਈ.ਟੀ. ਦਾ ਹਿੱਸਾ ਸਨ | ਕੁੰਵਰ ਵਿਜੈ ਪ੍ਰਤਾਪ ਇਨ੍ਹਾਂ ਅਧਿਕਾਰੀਆਂ ਦੀ ਜਾਂਚ ਸਮੇਂ ਭੂਮਿਕਾ ਨੂੰ ਆਧਾਰ ਬਣਾ ਕੇ ਇਤਰਾਜ਼ ਪ੍ਰਗਟਾ ਰਹੇ ਹਨ |