ਕਾਂਗਰਸ ਤੇ ਅਕਾਲੀ ਦਲ ਦਾ ਖ਼ਤਮ ਹੋਣਾ ਵੀ ਪੰਜਾਬ ਲਈ ਖ਼ਤਰਨਾਕ ਹੋਵੇਗਾ - ਸੁਖਜਿੰਦਰ ਸਿੰਘ ਰੰਧਾਵਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

‘ਕੀ ਨਵਜੋਤ ਸਿੱਧੂ ਇਕੱਲਾ ਇਮਾਨਦਾਰ ਤੇ ਬਾਕੀ ਸਾਰੇ ਭਿ੍ਰਸ਼ਟਾਚਾਰੀ?’

Sukhjinder Singh Randhawa

ਚੰਡੀਗੜ੍ਹ (ਨਿਮਰਤ ਕੌਰ): ਪੰਜਾਬ ਕਾਂਗਰਸ ਵਿਚ ਪੰਜਾਬ ਵਿਧਾਨ ਚੋਣਾਂ ਤੋਂ ਪਹਿਲਾਂ ਦਾ ਚਲ ਰਿਹਾ ਕਲੇਸ਼ ਚੋਣਾਂ ਤੋਂ ਬਾਅਦ ਵੀ ਜਿਉਂ ਦਾ ਤਿਉਂ ਹੀ ਹੈ। ਉਪਰੋਂ ਕਾਂਗਰਸ ਨੂੰ ਚੋਣਾਂ ਵਿਚ ਕਰਾਰੀ ਹਾਰ ਮਿਲੀ ਹੈ ਜਿਸ ਕਰ ਕੇ ਕਈ ਵੱਡੇ ਲੀਡਰ ਨਿਰਾਸ਼ ਹਨ। ਪਹਿਲਾਂ ਤਾਂ ਇਹ ਕਲੇਸ਼ ਅੰਦਰੋਂ-ਅੰਦਰੀਂ ਚਲ ਰਿਹਾ ਸੀ ਪਰ ਬੀਤੇ ਦਿਨੀਂ ਜਦੋਂ ਕਾਂਗਰਸ ਮਹਿੰਗਾਈ ਵਿਰੁਧ ਪ੍ਰਦਰਸ਼ਨ ਕਰਨ ਲਈ ਇਕਜੁਟ ਹੋਈ ਸੀ ਤਾਂ ਇਹ ਸੜਕ ’ਤੇ ਵੀ ਦੇਖਣ ਨੂੰ ਮਿਲਿਆ। ਇਸ ਪ੍ਰਦਰਸ਼ਨ ਵਿਚ ਇਕਜੁਟ ਹੋਏ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਸੂਬਾ ਯੂਥ ਪ੍ਰਧਾਨ ਬਰਿੰਦਰ ਢਿੱਲੋਂ ਆਪਸ ਵਿਚ ਹੀ ਭਿੜ ਗਏ ਜਿਸ ਤੋਂ ਬਾਅਦ ਪ੍ਰਦਰਸ਼ਨ ਵਿਚ ਮੌਜੂਦ ਬਾਕੀ ਲੀਡਰ ਕਾਫ਼ੀ ਨਰਾਜ਼ ਨਜ਼ਰ ਆਏ। ਕਾਂਗਰਸ ਦੀ ਇਸ ਲੜਾਈ ਅਤੇ ਪੰਜਾਬ ਵਿਚ ਆਈ ਨਵੀਂ ਸਰਕਾਰ ਨੂੰ ਲੈ ਕੇ ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਨਾਲ ਰੋਜ਼ਾਨਾ ਸਪੋਕਸਮੈਨ ਦੇ ਮੈਨੇਜਿੰਗ ਐਡੀਟਰ ਨਿਮਰਤ ਕੌਰ ਨੇ ਉਨ੍ਹਾਂ ਨਾਲ ਖ਼ਾਸ ਗੱਲਬਾਤ ਕੀਤੀ ਜਿਸ ਦੇ ਕੁੱਝ ਅੰਸ਼ ਇਸ ਪ੍ਰਕਾਰ ਹਨ। 

ਸਵਾਲ: ਮੈਂ ਦੇਖਿਆ ਕਿ ਕਲ ਤੁਸੀਂ ਤਾਂ ਸਿਰ ਨੀਵਾਂ ਕਰ ਕੇ ਬੈਠ ਗਏ ਸੀ ਜਦ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤੀ ਗਈ। ਕੀ ਲਗਦਾ ਹੈ ਕਿ ਜੋ ਕਾਂਗਰਸ ਨੂੰ ਇਸ ਹਾਰ ਤੋਂ ਸਬਕ ਸਿਖਣਾ ਚਾਹੀਦਾ ਸੀ ਉਹ ਇਨ੍ਹਾਂ ਨੇ ਸਿਖ ਲਿਆ? 
ਜਵਾਬ: ਪਹਿਲੀ ਗੱਲ ਤਾਂ ਜੋ ਮੁੱਦਾ ਚੁਕਣ ਅਸੀਂ ਆਏ ਸੀ ਉਹ ਚੁਕਣਾ ਚਾਹੀਦਾ ਸੀ। ਸਿਲੰਡਰ ਸਾਡੇ ਵਿਚਕਾਰ ਪਏ ਸੀ ਤੇ ਤਕਰੀਬਨ 99 ਫ਼ੀ ਸਦੀ ਜੋ ਬੁਲਾਰੇ ਸੀ ਉਹ ਮਹਿੰਗਾਈ ’ਤੇ ਬੋਲੇ ਤੇ ਉਸ ਵਿਚ ਮੈਂ ਵੀ ਇਕ ਸੀ ਤੇ ਇਹ ਪ੍ਰਣ ਲਿਆ ਜਾ ਰਿਹਾ ਸੀ ਕਿ ਸਾਨੂੰ ਤਕੜੇ ਹੋ ਕੇ ਲੜਾਈ ਲੜਨੀ ਪਵੇਗੀ ਅਤੇ ਉਸ ਤੋਂ ਬਾਅਦ ਜੋ ਹੋਇਆ ਸਿਰ ਨੀਵਾਂ ਕਰਨ ਵਾਲੀ ਗੱਲ ਸੀ। ਜਿਹੜੇ ਵਿਅਕਤੀਆਂ ਨੂੰ ਕਾਂਗਰਸ ਦਾ ਕਲਚਰ ਨਹੀਂ ਪਤਾ, ਜੇਕਰ ਉਨ੍ਹਾਂ ਦੇ ਹੱਥ ਵਿਚ ਵਾਂਗਡੋਰ ਦੇ ਦੇਵਾਂਗੇ ਤਾਂ ਫਿਰ ਮੇਰਾ ਖ਼ਿਆਲ ਪਾਰਟੀ ਦੀ ਬਰਬਾਦੀ ਹੀ ਹੋਵੇਗੀ। ਮੇਰੀ ਉਮਰ ਹੁਣ 63 ਸਾਲ ਦੀ ਹੈ ਤੇ ਮੈਂ ਇਹ ਵੀ ਕਹਿ ਸਕਦਾ ਹਾਂ ਕਿ ਮੇਰੀ ਸਾਰੀ ਉਮਰ ਰਾਜਨੀਤੀ ਵਿਚ ਹੀ ਗਈ ਹੈ। ਜਦੋਂ ਤੋਂ ਮੈਂ ਜੰਮਿਆ ਹਾਂ ਉਦੋਂ ਤੋਂ ਹੀ ਮੇਰੇ ਘਰ ਵਿਚ ਰਾਜਨੀਤੀ ਸੀ।

ਪਹਿਲਾਂ ਮੇਰੇ ਪਿਤਾ ਤੇ ਜਾਂ ਫਿਰ ਹੋਰ ਵੀ ਕਈ ਲੀਡਰ ਹੁੰਦੇ ਸੀ। ਉਨ੍ਹਾਂ ਵਿਚ ਬਹੁਤ ਮਤਭੇਦ ਹੁੰਦੇ ਸੀ ਤੇ ਜਦੋਂ ਵੀ ਕਾਂਗਰਸ ਦੇ ਦਫ਼ਤਰ ਵਿਚ ਜਾਂਦੇ ਸੀ ਤੇ ਮੈਂ ਕਹਿ ਸਕਦਾ ਹਾਂ ਕਿ ਕਲ ਵਰਗਾ ਤਮਾਸ਼ਾ ਤੇ ਇਹ ਕਹਿਣਾ ਕਿ ਮੈਂ ਭ੍ਰਿਸ਼ਟ ਬੰਦਿਆਂ ਨਾਲ ਨਹੀਂ। ਮੈਂ ਪਤਾ ਨਹੀਂ ਕਾਂਗਰਸ ਦੀ ਇੱਜ਼ਤ ਕਰ ਕੇ ਬੈਠਾ ਰਿਹਾ ਹਾਂ ਉਥੇ, ਇਸ ਦਾ ਮਤਲਬ ਕਿ ਅਸੀਂ ਸਾਰੇ ਭ੍ਰਿਸ਼ਟਾਚਾਰੀ ਹਾਂ। ਇਹ ਇਕ ਬੰਦਾ ਹੀ ਰਹਿ ਗਿਆ ਇਮਾਨਦਾਰ, ਸਾਡੇ ਪ੍ਰਵਾਰ ਜਿਨ੍ਹਾਂ ਨੇ ਇੰਨੀ ਜ਼ਿੰਦਗੀ ਦੇ ਦਿਤੀ, ਉਨ੍ਹਾਂ ’ਤੇ ਇਕ ਵੀ ਦਾਗ਼ ਨਾ ਲੱਗਾ ਤੇ ਅਸੀਂ ਕਹਿੰਦੇ ਹਾਂ ਕਿ ਅਸੀਂ ਅਪਣੇ ਪਿਉ ਦੀ ਪੱਗ ਸਾਂਭ ਕੇ ਰੱਖੀ ਹੈ ਤੇ ਇਸ ਬੰਦੇ ਨੇ ਸਾਡੀ ਕਾਂਗਰਸ ਦੀ ਪੱਗ ਹੀ ਕਲੰਕਤ ਕਰ ਦਿਤੀ। 

ਸਵਾਲ: ਜਿਵੇਂ ਤੁਸੀਂ ਕਹਿੰਦੇ ਹੋ ਕਿ ਮਤਭੇਦ ਹੁੰਦੇ ਸੀ ਪਰ ਕੋਈ ਪਾਰਟੀ ਵਿਰੁਧ ਨਹੀਂ ਬੋਲਦਾ ਸੀ। ਜਦੋਂ ਤੁਹਾਡਾ ਨਾਮ ਮੁੱਖ ਮੰਤਰੀ ਦੀ ਦੌੜ ਵਿਚ ਸੀ ਤੇ ਉਸ ਸਮੇਂ ਮਠਿਆਈਆਂ ਵੀ ਵੰਡਣੀਆਂ ਸ਼ੁਰੂ ਹੋ ਗਈਆਂ ਸਨ ਤੇ ਅਸੀਂ ਵੀ ਸਾਰੇ ਉੱਥੇ ਮੌਜੂਦ ਸੀ। ਇਕ ਹੁਕਮ ਆਇਆ ਤੇ ਅਹੁਦਾ ਬਦਲ ਦਿਤਾ ਗਿਆ ਤੁਸੀਂ ਬਿਲਕੁਲ ਨਹੀਂ ਬੋਲੇ? 
ਜਵਾਬ : ਮੇਰੀ ਗੱਲ ਸੁਣੋ, ਮੈਨੂੰ ਕਿਹਾ ਗਿਆ ਤੇ ਜੇ ਇਨ੍ਹਾਂ ਵਰਗਾ ਮੈਂ ਹੁੰਦਾ ਤਾਂ ਮੈਂ ਉਦੋਂ ਹੀ ਅਸਤੀਫ਼ਾ ਦੇ ਕੇ ਚਲਾ ਜਾਂਦਾ ਤੇ ਮੈਂ ਹਮੇਸ਼ਾ ਕਾਂਗਰਸ ਵਿਚ ਰਿਹਾ ਤੇ ਜਿਸ ਪਾਰਟੀ ਵਿਚ ਅਨੁਸ਼ਾਸਨ ਨਹੀਂ ਤਾਂ ਉਹ ਜ਼ਰੂਰ ਖ਼ਤਮ ਹੋਵੇਗੀ।

ਸਵਾਲ: ਪਰ ਅਨੁਸ਼ਾਸਨ ਕੌਣ ਲੈ ਕੇ ਆਵੇਗਾ? ਸੁਨੀਲ ਜਾਖੜ ਨੇ ਨਵਜੋਤ ਸਿੱਧੂ ਨੇ?
ਜਵਾਬ: ਦੇਖੋ ਮੈਨੂੰ ਤਾਂ ਜਾਖੜ ’ਤੇ ਇੰਨਾ ਅਫ਼ਸੋਸ ਹੋਇਆ ਉਨ੍ਹਾਂ ਦਾ ਇਹ ਕਹਿਣਾ ਕਿ ਪੈਰ ਦੀ ਜੁੱਤੀ ਸਿਰ ’ਤੇ ਰੱਖੀ ਜਾਵੇ, ਸਾਡਾ ਤਾਂ ਪੰਜਾਬ ਜਿਹੜਾ ਗੁਰੂ ਨਾਨਕ ਦੇਵ ਜੀ ਨੇ ਊਚ-ਨੀਚ ਤਾਂ ਖ਼ਤਮ ਹੀ ਕਰ ਦਿਤਾ ਤੇ ਸੰਗਤ ਨੂੰ ਉਨ੍ਹਾਂ ਨੇ ਇਕੋ ਪੰਗਤ ਵਿਚ ਬਿਠਾ ਦਿਤਾ ਤੇ ਗੁਰੂ ਗੋਬਿੰਦ ਸਿੰਘ ਨੇ ਚੁਕ ਕੇ ਹਿੱਕ ਨਾਲ ਲਾ ਲਿਆ ਕੇ ਰੰਗਰੇਟੇ ਗੁਰੂ ਕੇ ਬੇਟੇ। ਮੈਂ ਤਾਂ ਹੈਰਾਨ ਹੈ ਕਿ ਇੰਨਾ ਗੁੱਸਾ ਕਿ ਹਾਏ ਮੈਨੂੰ ਕੁੱਝ ਨਹੀਂ ਬਣਾਇਆ। ਮੈਂ ਤਾਂ ਸੱਚੀ ਹੈਰਾਨ ਸੀ। ਮੈਂ ਕਹਿੰਦਾ ਹਾਂ ਕਿ ਸੁਨੀਲ ਜਾਖੜ ਸਾਨੂੰ ਤਾਂ ਪਾਰਟੀ ਨੇ ਜੋ ਕੁੱਝ ਦੇ ਦਿਤਾ ਅਸੀਂ ਤਾਂ ਪਾਰਟੀ ਦਾ ਦੇਣ ਨਹੀਂ ਦੇ ਸਕਦੇ। 72 ਤੋਂ ਲੈ ਕੇ ਕਾਂਗਰਸ ਪਾਰਟੀ ਨੇ ਉਨ੍ਹਾਂ ਨੂੰ ਉਚੇ ਅਹੁਦਿਆਂ ’ਤੇ ਰਖਿਆ ਤੇ ਜੇ ਮੁੱਖ ਮੰਤਰੀ ਦਾ ਅਹੁਦਾ ਨਹੀਂ ਵੀ ਮਿਲਿਆ ਤਾਂ ਆਪਾ ਕਾਂਗਰਸ ਨੂੰ ਖ਼ਤਮ ਕਰਨ ਵਾਲੀ ਗੱਲ ਤਾਂ ਨਾ ਕਰੀਏ ਤੇ ਇਹੀ ਗੱਲ ਸਿੱਧੂ ਦੀ ਹੈ।

ਜਿਹੜਾ 13 ਸਾਲ ਭਾਜਪਾ ਵਿਚ ਰਹਿ ਕੇ ਥੋੜ੍ਹਾ ਸਮਾਂ ਪਹਿਲਾਂ ਹੀ ਕਾਂਗਰਸ ਵਿਚ ਆਇਆ। ਉਸ ਨੂੰ ਪ੍ਰਧਾਨ ਬਲਾਕ ਕਾਂਗਰਸ ਕਮੇਟੀ ਜਾਂ ਜ਼ਿਲ੍ਹਾ ਕਾਂਗਰਸ ਕਮੇਟੀ ਤੇ ਪੰਜਾਬ ਦਾ ਬਣਾਇਆ ਜਾਂਦਾ ਹੈ ਤੇ ਜੇ ਅਸੀਂ ਇਸ ਤਰ੍ਹਾਂ ਦੇ ਬੰਦਿਆਂ ਨੂੰ ਅਸੀਂ ਲਾਉਣ ਲੱਗ ਪਏ ਤਾਂ ਫਿਰ ਤਾਂ ਕਾਂਗਰਸ ਖ਼ਤਮ ਹੀ ਹੋ ਗਈ ਤੇ ਜਿਸ ਵਿਚ ਕਾਂਗਰਸ ਲਈ ਕੋਈ ਜਜ਼ਬਾ ਹੀ ਨਹੀਂ ਤੇ ਇਹੀ ਕਹਿਣਾ ਹੈ ਕਿ ਮੈਂ-ਮੈਂ-ਮੈਂ , ਪਤਾ ਨਹੀਂ ਕਿਹੜਾ ਜਿੱਤੇਗਾ। ਪੰਜਾਬ ਕਢਿਆ ਤੇ ਬਾਕੀ ਅਸੀਂ ਭਲਾ ਹਰਾਉਂਦੇ ਰਹੇ ਹਾਂ ਪੰਜਾਬ ਨੂੰ? ਅਸੀਂ ਤਾਂ ਕਦੇ ਵੀ ਪੰਜਾਬ ਵਿਰੁਧ ਗੱਲ ਹੀ ਨਹੀਂ ਸੁਣੀ। ਸਾਨੂੰ ਤਾਂ ਪਤਾ ਨਹੀਂ ਕਿਵੇਂ ਰੱਬ ਨੇ ਹੱਥ ਦੇ ਕੇ ਕੱਢ ਲਿਆ ਵਿਚੋਂ। ਇਨ੍ਹਾਂ ਲੀਡਰਾਂ ਨੇ ਤਾਂ ਛਡਿਆ ਹੀ ਨਹੀਂ। ਇਕ ਹਟਦਾ ਸੀ ਦੂਜਾ ਬੋਲਦਾ ਸੀ ਤੇ ਦੂਜਾ ਹਟਦਾ ਸੀ ਤੇ ਤੀਜਾ ਬੋਲਣ ਲੱਗ ਪੈਂਦਾ ਸੀ ਤੇ ਅਸੀਂ ਤਾਂ ਡਰਦੇ ਬੋਲਦੇ ਨਹੀਂ ਸੀ। ਅੱਜ ਵੀ ਮੈਂ ਤਾਂ ਬੋਲਿਆ ਕਿ ਕਲ ਦਾ ਜਲੂਸ ਦੇਖ ਕੇ ਮਨ ਸੋਚਦਾ ਸੀ ਕਿ ਯਾਰ ਕਿਥੇ ਬੈਠੇ ਹਾਂ ਕਿ ਕਿਵੇਂ ਕਰਾਂਗੇ। 

ਸਵਾਲ: ਜਿਹੜੀ ਤੁਹਾਡੇ ਤੋਂ ਅੱਜ ਉਮੀਦ ਹੈ ਕੇਂਦਰ ਤੇ ਪੰਜਾਬ ਵਿਚ ਕੀ ਸਾਨੂੰ ਇਕ ਕੜਕ ਵਿਰੋਧੀ ਧਿਰ ਚਾਹੀਦੀ ਹੈ? 
ਜਵਾਬ: ਜੇ ਇੱਦਾਂ ਹੀ ਰਿਹਾ ਤਾਂ ਵਾਈਬਰੈਟ ਤਾਂ ਅਸੀਂ ਆਪੇ ਹੋ ਜਾਵਾਂਗੇ। ਕਾਂਗਰਸ ਤਾਂ ਆਪ ਅਜੇ ਡਿੱਕ-ਡੋਲੇ ਕਰਦੀ ਫਿਰਦੀ ਹੈ, ਇਹ 440 ਵੋਲਟ ਦਾ ਹਰ ਰੋਜ਼ ਜੋ ਝਟਕਾ ਮਾਰਦੇ ਨੇ ਤੇ ਅਸੀ ਡਿੱਗੇ ਹੁੰਦੇ ਹਾਂ ਪਿਛੇ ਤੇ 5 ਦਿਨ ਸਾਨੂੰ ਗਲੂਕੋਜ਼ ਲਗਦਾ ਰਹਿੰਦਾ। 

ਸਵਾਲ: ਜਦੋਂ ਤੁਸੀਂ ਕੈਪਟਨ ਸਰਕਾਰ ਵਿਚ ਸੀ ਤਾਂ ਤੁਸੀਂ ਨਾਖ਼ੁਸ਼ ਸੀ ਤੇ ਤੁਸੀਂ ਮੰਨਦੇ ਸੀ ਕਿ ਫ਼ੈਸਲੇ ਸਹੀ ਨਹੀਂ ਲਏ ਜਾ ਰਹੇ। ਅੱਜ ਬਹੁਤ ਹੀ ਥੋੜ੍ਹਾ ਸਮਾਂ ਹੋਇਆ ਹੈ ‘ਆਪ’ ਸਰਕਾਰ ਬਣੀ ਨੂੰ ਤੁਸੀਂ ਕੀ ਮੰਨਦੇ ਹੋ ਕਿ ਇਨ੍ਹਾਂ ਵਲੋਂ ਫ਼ੈਸਲੇ ਸਹੀ ਲਏ ਜਾ ਰਹੇ ਨੇ?  
ਜਵਾਬ: ਦੋਖੇ, ਮੈਨੂੰ ਇਹ ਨਹੀਂ ਪਤਾ ਕਿ ਉਨ੍ਹਾਂ ਦਾ ਮੀਡੀਆ ਤੇ ਸੋਸ਼ਲ ਮੀਡੀਆ ’ਤੇ ਪੂਰਾ ਕੰਟਰੋਲ ਹੈ ਕਿ ਨਹੀਂ ਪਰ ਜੋ ਪੰਜਾਬ ਵਿਚ ਹੋ ਰਿਹਾ ਹੈ ਉਹ ਬਹੁਤ ਖ਼ਤਰਨਾਕ ਹੈ। ਮੇਰੇ ਖ਼ਿਆਲ ਨਾਲ 24-25 ਦਿਨ ਹੋਏ ਨੇ ਸਰਕਾਰ ਬਣੀ ਨੂੰ ਤੇ ਕਤਲ ਇੰਨੇ ਹੋ ਗਏ ਨੇ, ਭਗਵੰਤ ਸਰਕਾਰ ਨੂੰ ਬਾਹਰ ਦੀ ਬੱਲੇ-ਬੱਲੇ ਛੱਡ ਕੇ ਪੰਜਾਬ ਵਲ ਧਿਆਨ ਦੇਣਾ ਚਾਹੀਦਾ ਹੈ। ਅਸੀਂ ਮੰਨਦੇ ਹਾਂ ਕਿ ਮਾਨ ਸਾਹਿਬ ਤੁਸੀਂ ਬਹੁਤ ਵਧੀਆ ਕਮੇਡੀਅਨ ਹੋਵੋਗੇ ਤੇ ਸਾਨੂੰ ਅਸੈਂਬਲੀ ਵਿਚ ਪੁੱਠੇ-ਸਿੱਧੇ ਜਵਾਬ ਦੇ ਦਵੋਗੇ ਪਰ ਪੰਜਾਬ ਕਦੇ ਵੀ ਮਾਫ਼ ਨਹੀਂ ਕਰੇਗਾ। ਪੰਜਾਬ ਦੇ ਹਾਲਾਤ ਵਿਗੜ ਰਹੇ ਨੇ ਤੇ ਲੋਕ ਸਹਿਮੇ ਹੋਏ ਨੇ। ਮੈਨੂੰ ਅਫ਼ਸੋਸ ਹੈ ਕਿ ਜੋ ਇੰਨੇ ਕੁ ਦਿਨਾਂ ਵਿਚ ਇੰਨਾ ਕੁੱਝ ਹੋ ਗਿਆ ਪੰਜਾਬ ਕਿਤੇ ਕਾਲੇ ਦੌਰ ਵਿਚ ਨਾ ਚਲਾ ਜਾਵੇ। 

ਸਵਾਲ: ਇਹ ਜਿਹੜੀਆਂ ਅਸੀਂ ਇੰਨੀ ਗੋਲੀਬਾਰੀ ਦੇਖ ਰਹੇ ਹਨ, ਗੈਂਗਵਾਰ ਦੇਖ ਰਹੇ ਹਾਂ ਤੁਸੀਂ ਗ੍ਰਹਿ ਮੰਤਰੀ ਰਹੇ ਹੋ, ਤੁਸੀਂ ਕੰਟਰੋਲ ਕੀਤਾ ਹੋਇਆ ਸੀ, ਇੰਨੀ ਬਗ਼ਾਵਤ ਕਿਤੇ ਨਹੀਂ ਸੀ। ਉਹੀ ਪੁਲਿਸ ਹੈ ਤੇ ਉਹੀ ਡੀਜੀਪੀ ਹੈ। ਇਹ ਇੰਨਾ ਕੁੱਝ ਹੋ ਕਿਉਂ ਰਿਹਾ? 
ਜਵਾਬ : ਮੇਰਾ ਇਹ ਚੈਲੰਜ ਵੀ ਹੈ ਤੇ ਪੰਜਾਬ ਦੀ ਇੰਟੈਲੀਜੈਂਸੀ ਨੂੰ ਵੀ ਤੇ ਮੈਂ ਚੋਣਾਂ ਦੌਰਾਨ ਇਨ੍ਹਾਂ ਸੱਭ ਨੂੰ ਕਹਿੰਦਾ ਰਿਹਾ, ਜਦੋਂ ਮੈਂ ਗ੍ਰਹਿ ਮੰਤਰੀ ਸੀ, ਸਮਾਂ ਰਹਿੰਦੇ ਪਰ ਇਨ੍ਹਾਂ ਨੇ ਕਿਸੇ ਨੇ ਪ੍ਰਵਾਹ ਹੀ ਨਹੀਂ ਕੀਤੀ। ਮੇਰੇ ਅਪਣੇ ਇਲਾਕੇ ਵਿਚ ਜੱਗੂ ਭਗਵਾਨਪੁਰੀਆਂ ਤੇ ਸੁੱਖ ਭਿਖਾਰੇਵਾਲ ਜੋ ਵੱਡੇ ਗੈਂਗਸਟਰ ਨੇ, ਇਨ੍ਹਾਂ ਦੋਹਾਂ ਗੈਂਗਸਟਰਾਂ ਦੇ ਤਿਹਾੜ ਜੇਲ ਵਿਚੋਂ ਕੇਜਰੀਵਾਲ ਦੇ ਅੰਡਰ 24 ਘੰਟੇ ਫ਼ੋਨ ਚਲਦੇ ਰਹੇ ਨੇ ਤੇ ਅੱਜ ਮੇਰੇ ਆਈਬੀ ਤੇ ਪੰਜਾਬ ਪੁਲਿਸ ਨੂੰ ਚੈਲੰਜ ਹੈ ਤੇ ਮੈਂ ਮੈਸੇਜ ਦਿਖਾਵਾਂਗਾ ਜੋ ਮੈਂ ਇਨ੍ਹਾਂ ਨੂੰ ਸਮਾਂ ਰਹਿੰਦੇ ਪਾਉਂਦਾ ਰਿਹਾ ਹਾਂ। ਨਾਲ ਡੀਜੀਪੀ ਭਵਰਾ ਨੂੰ ਵੀ ਤਾਂ ਕਹਿੰਦਾ ਰਿਹਾ ਹਾਂ ਕਿ ਇਨ੍ਹਾਂ ਦੇ ਫ਼ੋਨ ਹੀ ਬੰਦ ਕਰਵਾ ਦਿਉ। ਉਸ ਪਿੰਡ ਵਿਚ ਜੱਗੂ ਭਗਵਾਨਪੁਰੀਆਂ ਨੇ ਮੇਰਾ ਬੂਥ ਨਹੀਂ ਲਗਣ ਦਿਤਾ। ਮੇਰੀ ਅਪਣੀ ਸਰਕਾਰ ਵਿਚ ਜੱਗੂ ਭਗਵਾਨਪੁਰੀਆਂ ਨੇ ਅਪਣੀ ਘਰਵਾਲੀ ਮਰਵਾ ਦਿਤੀ ਤੇ ਉਸ ਦੀ ਮਾਂ ਤੇ ਮਾਮਲਾ ਦਰਜ ਹੋਇਆ ਤੇ ਮੇਰੇ ਹੁੰਦਿਆਂ ਐਸਐਸਪੀ ਨੇ ਉਸ ਔਰਤ ਨੂੰ ਇਕ ਦਿਨ ਨਹੀਂ ਬੁਲਾਇਆ। ਪੁੱਛਗਿੱਛ ਲਈ, ਕੋਈ ਕੀ ਕਰੂ?  ਮੈਂ ਤਾਂ ਕਹਿੰਦਾ ਹਾਂ ਕਿ ਕਰੋ ਪੁਛ ਪੜਤਾਲ। ਮੈਂ ਰਿਕਾਰਡਿੰਗ ਵੀ ਦੇ ਦੇਵਾਂਗਾ ਕਿ ਮੈਂ ਕਿਹਾ ਕਿ ਕੇਜਰੀਵਾਲ ਉੱਥੋਂ ਕਰਵਾਉਂਦਾ ਰਿਹਾ ਫ਼ੋਨ ਗੈਂਗਸਟਰਾਂ ਨੂੰ ਕਿ ਰੰਧਾਵੇ ਨੂੰ ਹਰਾਉ। 

ਸਵਾਲ : ਰਾਜਨੀਤੀ ਇਕ ਬਹੁਤ ਹੀ ਕੋਝੀ ਚੀਜ਼ ਹੋ ਗਈ ਹੈ ਜਿਸ ਵਿਚ ਸਮਝ ਨਹੀਂ ਆਉਂਦਾ ਕੀ ਇੰਨਾ ਕੁੱਝ ਕਿਉਂ?  
ਜਵਾਬ : ਦੇਖੋ ਜਦੋਂ ਦੇਸ਼ ਭਗਤੀ ਖ਼ਤਮ ਹੋ ਜਾਂਦੀ ਹੈ ਤੇ ਆਪਾ ਇਨਕਲਾਬ ਕਹਾਂਗੇ ਕਿ ਇਨਕਲਾਬ ਜ਼ਿੰਦਾਬਾਦ! ਕਮਾਲ ਹੈ ਕਿ ਇਸ ਦਾ ਮਤਲਬ ਅਪਣੇ ਪ੍ਰਵਾਰਾਂ ਨੇ ਇਨਕਲਾਬ ਲਈ ਕੰਮ ਹੀ ਕੋਈ ਨਹੀਂ ਕੀਤਾ, ਦੇਸ਼ ਦੀ ਆਜ਼ਾਦੀ ਲਈ ਕੰਮ ਹੀ ਨਹੀਂ ਕੀਤਾ। ਕੋਈ ਇਸ ਤਰ੍ਹਾਂ ਕਹਿ ਦੇਵੇ ਕਿ ਕਾਂਗਰਸ ਨੇ 70 ਸਾਲ ਕੁੱਝ ਨਹੀਂ ਕੀਤਾ ਤਾਂ ਲਾਹਨਤ ਹੈ। ਸਾਡੇ ’ਤੇ, ਕੋਈ ਕਹਿੰਦਾ ਕਿ ਇਨ੍ਹਾਂ ਦੀਆਂ ਪੈਨਸ਼ਨਾਂ ਬੰਦ ਕਰ ਦਿਉ, ਅਸੀਂ ਇੰਨੇ ਨੀਵੇਂ ਹੋ ਗਏ ਰਾਜਨੀਤੀ ਵਾਲੇ। 

ਸਵਾਲ : ਪਰ ਪੈਨਸ਼ਨਾਂ ਦਾ ਮੁੱਦਾ ਸਹੀ ਸੀ ਕਿ ਜ਼ਿਆਦਾ ਪੈਨਸ਼ਨਾਂ ਮਿਲ ਰਹੀਆਂ ਸਨ ਇਹ ਕਰਨ ਦੀ ਲੋੜ ਸੀ?  
ਜਵਾਬ - ਮੈਂ ਕਿਹਾ ਜਦੋਂ ਮੇਰੇ ਪਿਤਾ ਪਹਿਲੀ ਵਾਰ ਐਮਐਲਏ ਬਣੇ ਸੀ ਤਾਂ ਉਸ ਸਮੇਂ 300 ਰੁਪਏ ਤਨਖ਼ਾਹ ਸੀ ਤੇ ਕੀ ਉਸ ਸਮੇਂ ਅਸੀਂ ਭੁੱਖੇ ਮਰਦੇ ਸੀ? ਕਰਨਾ ਚਾਹੀਦਾ ਬੰਦ ਕਰ ਦੇਣਾ ਚਾਹੀਦਾ ਸੱਭ। 
ਸਵਾਲ: ਜੋ ਚੀਜ਼ਾਂ ਕਾਂਗਰਸ ਨੇ ਨਹੀਂ ਕੀਤੀਆਂ ਉਹ ਕਿਉਂ ਨਹੀਂ ਹੋਈਆਂ। ਆਖ਼ਰ ਦੇ 4 ਮਹੀਨੇ ਵੀ ਕੀਤੀਆਂ ਜਾ ਸਕਦੀਆਂ ਸਨ, ਤੁਸੀਂ ਨਸ਼ਾ ਤਸਕਰੀ ਦੀ ਗੱਲ ਕਰਦੇ ਹੋ ਪਰ ਅੱਜ ਵੀ ਪਿੰਡਾਂ ਵਿਚ ਨਸ਼ਾ ਵਿਕਦਾ ਹੈ, ਪੂਰੇ 20 ਦਿਨਾਂ ਵਿਚ ਨਸ਼ੇ ਦਾ ਰੇਟ ਉਪਰ ਹੋ ਗਿਆ? 
ਜਵਾਬ -
ਮੈਨੂੰ ਉਸ ਸਮੇਂ ਬਹੁਤ ਅਫ਼ਸੋਸ ਹੋਇਆ ਜਿਸ ਦਿਨ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿਚ ਨਸ਼ਾ ਬਣਦਾ ਹੈ। ਇਸ ਦਾ ਮਤਲਬ ਕਿ ਜਿਹੜਾ ਕਿ ਬੱਦੀ ਤੋਂ 8 ਹਜ਼ਾਰ ਕਰੋੜ ਦਾ ਨਸ਼ਾ ਫੜ ਲਿਆ ਤੇ ਜਿਹੜਾ ਪਾਕਿਸਤਾਨ ਤੋਂ ਆਉਂਦਾ ਤੇ ਜਿਹੜਾ 300 ਕਿਲੋ ਰੇਲ ਗੱਡੀ ਵਿਚ ਹੀ ਆ ਗਿਆ ਸੀ। ਕਦੇ ਡਰੋਨ ਜ਼ਰੀਏ ਆ ਗਿਆ ਤੇ ਕਦੇ ਬਾਰਡਰ ਕੋਲੋਂ ਆ ਗਿਆ ਤੇ 47 ਕਿਲੋ ਤਾਂ ਮੇਰੇ ਅਪਣੇ ਇਲਾਕੇ ਕਲਾਨੌਰ ਵਿਚੋਂ ਹੀ ਫੜਿਆ ਗਿਆ ਸੀ। ਇਸ ਦਾ ਮਤਲਬ ਕਿ ਜਿਹੜਾ ਬਾਹਰਲੀਆਂ ਏਜੰਸੀਆਂ ਤੋਂ ਆਉਂਦਾ ਹੈ ਨਸ਼ਾ ਉਨ੍ਹਾਂ ਨੂੰ ਕੀ ਅਸੀਂ ਕਲੀਨ ਚਿੱਟ ਦੇ ਦਿਤੀ ਹੈ।

ਜੇ ਬਾਹਰੋਂ ਨਹੀਂ ਆ ਰਿਹਾ ਪੰਜਾਬ ਵਿਚੋਂ ਆ ਰਿਹਾ ਤਾਂ ਉਜ ਤਾਂ ਜੇਲ ਅੰਦਰ ਬੈਠਾ ਭੋਲਾ ਤੇ ਬਿਕਰਮ ਤਾਂ ਇਕੋ ਜੇਲ ਵਿਚ ਨੇ। ਜੇ ਪੰਜਾਬ ਵਿਚੋਂ ਹੀ ਮਿਲਦਾ ਹੈ ਤੇ ਇਨ੍ਹਾਂ ਦੋਹਾਂ ਦੇ ਨਾਲਦਿਆਂ ਨੂੰ ਫੜੋ ਤੇ ਪੁੱਛੋ ਕਿ ਕਿਥੋਂ ਆਉਂਦਾ ਹੈ ਤੇ ਇਹ ਤਾਂ ਕਰਨਾ ਹੀ ਪੈਣਾ ਹੈ। ਜਿਹੜੇ ਦਿੱਲੀਂ ਤੋਂ ਆਉਂਦੇ ਨੇ ਬਾਹਰਲੇ ਉਨ੍ਹਾਂ ਤੋਂ ਵੀ ਫੜਿਆ ਹੈ ਪੰਜਾਬ ਪੁਲਿਸ ਨੇ ਨਸ਼ਾ।

ਸਵਾਲ: ਤੁਸੀਂ ਇਹ ਕਹਿੰਦੇ ਹੋ ਕਿ ਪੰਜਾਬ ਵਿਚ ਨਸ਼ਾ ਨਹੀਂ ਬਣਦਾ ਇਹ ਸਾਰਾ ਬਾਹਰੋਂ ਆਉਂਦਾ ਹੈ? 
ਜਵਾਬ - ਮੈਂ ਕਿਹਾ ਦੋ ਨਸ਼ੇ ਨੇ ਇਕ ਹੈਰੋਇਨ ਤੇ ਇਕ ਸੰਥੈਟਿਕ ਡਰੱਗ। ਸੰਥੈਟਿਕ ਡਰੱਗ ਸਾਡੇ ਭਾਰਤ ਵਿਚ ਤਿਆਰ ਹੁੰਦੇ ਨੇ ਤੇ ਹੈਰੋਇਨ ਬਾਹਰੋਂ ਆਉਂਦੀ ਹੈ। ਇਹ ਹੈਰੋਇਨ ਸਿਰਫ਼ ਇਕ ਪਾਸੇ ਤੋਂ ਨਹੀਂ ਦਿੱਲੀ ਤੋਂ ਵੀ ਆਉਂਦੀ ਹੈ, ਗੁਜਰਾਤ ਤੋਂ ਅਤੇ ਮਹਾਰਾਸ਼ਟਰ ਵਾਲੇ ਪਾਸੇ ਤੋਂ ਵੀ ਆਉਂਦੀ ਹੈ। ਸੰਥੈਟਿਕ ਡਰੱਗ ਹੈ ਜੇ ਉਹ ਤੁਹਾਡੀਆਂ ਜੋ ਵੱਖ-ਵੱਖ ਮੈਡੀਸਨ ਨੇ ਉਸ ਜ਼ਰੀਏ ਆਉਂਦੀਆਂ ਨੇ। ਇਹ ਬਹੁਤ ਹੀ ਵੱਡਾ ਜਾਲ ਹੈ ਜਿਸ ਨੂੰ ਹਟਾਉਣਾ ਪਵੇਗਾ ਤੇ ਜੇ ਸੱਭ ਤੋਂ ਜ਼ਿਆਦਾ ਬੰਦ ਕਰਨ ਦੀ ਲੋੜ ਹੈ ਤਾਂ ਉਹ ਪਾਕਿਸਤਾਨ ਦਾ ਬਾਰਡਰ ਸੀਲ ਕਰਨ ਦੀ ਲੋੜ ਹੈ। 

ਸਵਾਲ : ਤੁਸੀਂ ਕੋਸ਼ਿਸ਼ਾਂ ਕਰ ਕੇ ਬਿਕਰਮ ਮਜੀਠੀਆ ’ਤੇ ਪਰਚਾ ਦਰਜ ਕਰਵਾਇਆ ਤੇ ਉਸ ਦੇ ਜੇਲ ਜਾਣ ਤੋਂ ਬਾਅਦ ਵੀ ਨਸ਼ਾ ਤਾਂ ਨਹੀਂ ਘਟਿਆ? 
ਜਵਾਬ: ਦੇਖੋ ਇਸ ਵਿਚ ਮੈਂ ਤੁਹਾਨੂੰ ਇਕ ਗੱਲ ਦਸਣੀ ਚਾਹੁੰਦਾ ਹਾਂ ਕਿ ਜਦੋਂ ਮਜੀਠੀਆ ’ਤੇ ਪਰਚਾ ਦਰਜ ਹੋਇਆ ਸੀ ਤਾਂ ਕੇਜਰੀਵਾਲ ਦਾ ਪਹਿਲਾ ਬਿਆਨ ਇਹ ਸੀ ਕਿ ਬਹੁਤ ਹੀ ਕਮਜ਼ੋਰ ਐਫ਼ਆਈਆਰ ਹੈ ਇਹ ਇਕ ਦਿਨ ਵੀ ਜੇਲ ਵਿਚ ਨਹੀਂ ਰਹਿ ਸਕਦਾ ਤੇ ਉਸ ਵਿਚ ਕੇਜਰੀਵਾਲ ਨੇ ਆਪ ਵੀ ਮਾਫ਼ੀ ਮੰਗੀ ਸੀ ਤੇ ਉਹੀ ਜਿਹੜੀ ਬਹੁਤ ਕਮਜ਼ੋਰ ਐਫ਼ਆਈਆਰ ਸੀ ਉਸ ਦਾ ਸਿੱਟਾ ਇਹ ਹੈ ਕਿ ਅਜੇ ਤਕ ਉਸ ਦੀ ਜ਼ਮਾਨਤ ਨਹੀਂ ਹੋ ਸਕੀ। ਹੁਣ ਇੰਨੀ ਮਜ਼ਬੂਤ ਸਰਕਾਰ ਆਈ ਹੈ ਕਿ ਜਿਹੜੇ ਕਹਿੰਦੇ ਨੇ ਨਸ਼ੇ ਨੂੰ ਜੜ੍ਹਾਂ ਤੋਂ ਪੁੱਟ ਕੇ ਸੁੱਟ ਦੇਵਾਂਗੇ ਤੇ ਮੈਂ ਇਸ ਸਰਕਾਰ ਨੂੰ ਇੰਨੀ ਬੇਨਤੀ ਜ਼ਰੂਰ ਕਰਾਂਗਾ ਕਿ ਰਿਕਵਰੀ ਜ਼ਰੂਰ ਕਰਨ ਜੋ ਸਾਡੇ ਕੋਲੋਂ ਨਹੀਂ ਹੋ ਸਕੀ। ਸਾਡਾ ਤਾਂ ਕਿਸੇ ਨੂੰ ਡਰ ਨਹੀਂ ਸੀ ਤੇ ਨਾ ਹੀ ਮੈਂ ਕਿਸੇ ਦੀ 3 ਮਹੀਨੇ ਵਿਚ ਈਸੀਆਰ ਨਹੀਂ ਲਿਖਣੀ ਸੀ

ਕਿਉਂਕਿ ਉਨ੍ਹਾਂ ਨੂੰ ਤਾਂ ਇਹ ਸੀ ਕਿ ਤਿੰਨ ਮਹੀਨੇ ਦੇ ਪ੍ਰਾਹੁਣੇ ਨੇ ਪਤਾ ਨੀ ਇੰਨਾ ਦਾ ਬਿਸਤਰਾ ਕਦੋਂ ਗੋਲ ਹੋ ਜਾਣਾ ਪਰ ਫਿਰ ਵੀ ਜੋ ਉਸ ਸਮੇਂ ਐਸਆਈਟੀ ਬਣੀ ਸੀ ਤੇ ਉਨ੍ਹਾਂ ਨੇ ਅਪਣੀ ਜਾਨ ਤਲੀ ’ਤੇ ਰਖ ਕੇ ਜੋ ਇੰਨਾ ਕੰਮ ਕੀਤਾ। ਪੰਜਾਬ ਦੇ ਲੋਕਾਂ ਨੂੰ ਅੱਧਾ ਇਨਸਾਫ਼ ਦਿਵਾਇਆ ਮੈਂ ਉਸ ਲਈ ਉਨ੍ਹਾਂ ਦਾ ਧਨਵਾਦ ਕਰਦਾ ਹਾਂ। ਹੁਣ ਭਗਵੰਤ ਮਾਨ ਨੂੰ ਇਹ ਰਿਕਵਰੀ ਜ਼ਰੂਰ ਕਰਨੀ ਚਾਹੀਦੀ ਹੈ ਤੇ ਜੋ ਸੁਖਬੀਰ ਬਾਦਲ ਨੇ ਕਿਹਾ ਸੀ ਕਿ ਉਨ੍ਹਾਂ ਨੇ 8 ਹਜ਼ਾਰ ਕਰੋੜ ਦੇ ਡਰੱਗ ਫੜੇ ਨੇ ਤੇ ਉਹ ਪੈਸਾ ਗਿਆ ਕਿਥੇ ਪ੍ਰਵਾਰ ਵਿਚ ਵੰਡਿਆ ਗਿਆ ਜਾਂ ਫਿਰ ਉਨ੍ਹਾਂ ਤਸਕਰਾਂ ਵਿਚ ਹੀ ਵੰਡਿਆ ਗਿਆ। ਮੈਂ ਅਪੀਲ ਕਰਦਾ ਹਾਂ ਸਰਕਾਰ ਨੂੰ ਕਿ ਜੋ ਉਨ੍ਹਾਂ ਇਨਕਲਾਬ ਦਾ ਨਾਹਰਾ ਲਗਾਇਆ ਹੈ ਤੇ ਇਨ੍ਹਾਂ ਗੈਂਗਸਟਰਾਂ ’ਤੇ ਸ਼ਿਕੰਜਾ ਕੱਸਿਆ ਜਾਵੇ। 
ਸਵਾਲ: ਇਕ ਹੋਰ ਮੁੱਦਾ ਹੈ ਬਰਗਾੜੀ ਦੇ ਇਨਸਾਫ਼ ਦਾ ਜਿਸ ’ਤੇ ਤੁਸੀਂ ਨਿਜੀ ਤੌਰ ’ਤੇ ਪੈਰਵੀ ਦਿੰਦੇ ਰਹੇ ਹੋ ਬਤੌਰ ਇਕ ਸਿੱਖ, ਅੱਜ ਜਿਸ ਹਾਲਾਤ ’ਤੇ ਉਹ ਖੜਾ ਹੈ ਤੁਸੀਂ ਕੀ ਕਹਿੰਦੇ ਹੋ? 
ਜਵਾਬ -
ਪਹਿਲੀ ਗੱਲ ਤਾਂ ਇਹ ਹੈ ਕਿ ਬਰਗਾੜੀ ਦੇ 2 ਕੇਸ ਨੇ ਤੇ ਆਪਾ ਲੋਕਾਂ ਨੂੰ ਉਲਝਾ ਦਿੰਦੇ ਹਾਂ। ਇਕ ਕੇਸ ਸੀ ਬਰਗਾੜੀ ਤੇ ਦੂਜਾ ਸੀ ਬਹਿਬਲ ਕਲਾਂ। ਬਹਿਬਲ ਕਲਾਂ ਕੁੰਵਰ ਵਿਜੈ ਪ੍ਰਤਾਪ ਕੋਲ ਸੀ ਤੇ ਇਧਰ ਖਟੜਾ ਤੇ ਉਸ ਦੀ ਰਿਟਾਇਰਮੈਂਟ ਤੋਂ ਬਾਅਦ ਇਹ ਕੇਸ ਪਰਮਾਰ ਕੋਲ ਚਲਾ ਗਿਆ। ਬਹਿਬਲ ਕਲਾਂ ਵਿਚ 9 ਚਲਾਨ ਪੇਸ਼ ਕੀਤੇ ਗਏ ਤੇ ਉਸ ਸਮੇਂ ਕੁੰਵਰ ਵਿਜੈ ਪ੍ਰਤਾਪ ਦਾ ਬਿਆਨ ਵੀ ਸੀ ਕਿ 10ਵਾਂ ਚਲਾਨ ਅਸੀਂ ਬਹੁਤ ਜਲਦ ਕਰਾਂਗੇ ਜਿਸ ਵਿਚ ਬਹੁਤ ਵੱਡੇ-ਵੱਡੇ ਲੀਡਰਾਂ ਦੇ ਨਾਮ ਆਉਣਗੇ ਤੇ ਪਤਾ ਨਹੀਂ ਕੀ ਹੋਇਆ ਜੋ 10ਵਾਂ ਚਲਾਨ ਅੱਜ ਵੀ ਦਫਨ ਹੋ ਗਿਆ ਤੇ ਆਪ ਹੁਣ ਉਹ ਐਮਐਲਏ ਵੀ ਬਣ ਗਿਆ ਤੇ ਉਨ੍ਹਾਂ ਦੀ ਸਰਕਾਰ ਵੀ ਬਣ ਗਈ ਤੇ ਮੇਰੇ ਖ਼ਿਆਲ ਨਾਲ ਜੋ ਕੁੰਵਰ ਵਿਜੈ ਪ੍ਰਤਾਪ ਕਹਿੰਦਾ ਸੀ ਕਿ ਵੱਡੇ ਲੀਡਰਾਂ ਦੇ ਨਾਮ ਆਉਣਗੇ, ਉਹ ਬਾਹਰ ਆਉਣੇ ਚਾਹੀਦੇ ਹਨ। 
ਦੂਜੀ ਗੱਲ ਇਹ ਹੈ ਕਿ ਉਸ ਸਮੇਂ ਬਹਿਬਲ ਕਲਾਂ ਕੇਸ ਵਿਚ ਕੁੰਵਰ ਵਿਜੈ ਪ੍ਰਤਾਪ ਤੇ ਕੈਪਟਨ ਅਮਰਿੰਦਰ ਸਿੰਘ ਦੋਵੇਂ ਹੀ ਆਪਸ ਵਿਚ ਗੱਲ ਕਰ ਕੇ ਕੰਮ ਕਰਦੇ ਰਹੇ ਨੇ ਕਿਸੇ ਕਾਂਗਰਸ ਦਾ ਮੰਤਰੀ ਉਸ ਵਿਚ ਕੋਈ ਰੋਲ ਨਹੀਂ ਸੀ। ਇਹ ਦੋ ਬੰਦੇ ਨੇ ਚਲਾਨ ਪੇਸ਼ ਕੀਤੇ ਕਿ ਨਹੀਂ ਕੀਤਾ ਇਹ ਦੋਵੇਂ ਜ਼ਿੰਮੇਵਾਰ ਹਨ। ਉਹ ਤਾਂ ਜਦੋਂ ਅਸੀਂ ਮੀਟਿੰਗ ਵਿਚ ਗਏ ਸੀ।

ਮੈਂ, ਸੁੱਖ ਸਰਕਾਰੀਆ, ਤਿ੍ਰਪਤ ਬਾਜਵਾ ਨੇ ਮਨ੍ਹਾ ਕਰ ਦਿਤਾ ਸੀ ਤੇ ਕਿੱਕੀ ਢਿੱਲੋਂ ਮੀਟਿੰਗ ਵਿਚ ਗਏ ਸਨ ਤੇ ਡੀਜੀਪੀ ਦਿਨਕਰ ਗੁਪਤਾ ਸੀ। ਉਸ ਮੀਟਿੰਗ ਵਿਚ ਇਹ ਕਿਹਾ ਗਿਆ ਕਿ ਕੁੰਵਰ ਵਿਜੈ ਪ੍ਰਤਾਪ ਵਲੋਂ ਕਿ ਮੈਂ ਤੁਹਾਡੇ ਨਾਲ ਗੱਲ ਕਰਾਂਗੇ ਤੇ ਇਨ੍ਹਾਂ ਸਾਹਮਣੇ ਤਾਂ ਮੈਂ ਗੱਲ ਵੀ ਨਹੀਂ ਕਰਾਂਗਾ। ਇਨ੍ਹਾਂ ਦੋਹਾਂ ਦੀ ਹੀ ਮਿਲੀਭੁਗਤ ਸੀ ਤੇ ਫਿਰ ਕਾਂਗਰਸ ਨੂੰ ਕਿਉਂ ਬਦਨਾਮ ਕੀਤਾ ਕਿ ਉਨ੍ਹਾਂ ਨੇ ਕੁੱਝ ਨਹੀਂ ਕੀਤਾ ਅਸੀਂ ਕਰਾਂਗੇ। ਮੈਂ ਕਹਿ ਰਿਹਾ ਕਿ ਇਕ ਅਫ਼ਸਰ ਹੋ ਕੇ ਸਾਨੂੰ ਕਿਹਾ ਕਿ ਇਨ੍ਹਾਂ ਨੂੰ ਬਾਹਰ ਕੱਢੋ ਜੀ ਤੇ ਅਸੀਂ ਬੇਸ਼ਰਮ ਹੋ ਕੇ ਬੈਠੇ ਰਹੇ ਤੇ ਅਸੀਂ ਸੋਚਿਆ ਕਿ ਇਸ ਕੇਸ ਦਾ ਕੁੱਝ ਬਣਨਾ ਚਾਹੀਦਾ ਹੈ। ਸਾਡੀ ਬੇਇੱਜ਼ਤੀ ਦੀ ਕੋਈ ਗੱਲ ਨਹੀਂ ਤੇ ਜਦੋਂ ਕੇਸ ਹੱਲ ਹੋ ਗਿਆ ਲੋਕਾਂ ਵਿਚ ਸਾਡੀ ਇੱਜ਼ਤ ਆਪੇ ਹੀ ਬਣ ਜਾਣੀ ਹੈ।

ਦੂਜੀ ਜਿਹੜੀ ਚੀਜ਼ ਹੈ ਬਰਗਾੜੀ ਦੀ ਹੈ ਜਿਸ ਦਿਨ ਮੈਂ ਗ੍ਰਹਿ ਮੰਤਰੀ ਬਣਿਆ ਹਾਂ, ਸੱਭ ਤੋਂ ਪਹਿਲਾਂ 164 ਦੇ ਬਿਆਨ ਦਰਜ ਕਰਵਾਏ ਤੇ ਉਸ ਤੋਂ ਬਾਅਦ ਉਸੇ ਕੋਰਟ ਵਿਚ ਇਨਕੁਆਰੀ ਹੋਈ ਤੇ ਉਹ ਹਾਈ ਕੋਰਟ ਚਲਾ ਗਿਆ ਤੇ ਉਸ ਤੋਂ ਬਾਅਦ ਕਿ ਸੁਨਾਰੀਆ ਜੇਲ ਵਿਚ ਜਾ ਕੇ ਤੁਸੀਂ ਉਸ ਨੂੰ ਇਨਟੈਰੋਗੇਟ ਕਰ ਸਕਦੇ ਹੋ। ਅਸੀਂ ਦੋ ਵਾਰ ਜਾ ਕੇ ਆਏ ਤੇ ਦੋ ਵਾਰ ਹੀ ਸਿਰਸਾ ਜਾ ਕੇ ਆਏ ਤੇ ਉਸ ਤੋਂ ਬਾਅਦ ਚੋਣ ਜ਼ਾਬਤਾ ਲੱਗ ਗਿਆ ਤੇ ਉਸ ਵਿਚ ਵੀ ਜਾ ਕੇ ਆਏ ਤੇ ਉਸ ਤੋਂ ਬਾਅਦ ਸਾਡੀ ਤਾਂ ਕੋਈ ਗੱਲਬਾਤ ਹੀ ਨਹੀਂ ਸੀ ਤੇ ਮੈਂ ਤਾਂ ਪਹਿਲਾਂ ਹੀ ਕਿਹਾ ਕਿ ਸਾਡੇ ਕੋਲ 3 ਮਹੀਨੇ ਸੀ ਤੇ ਸਾਨੂੰ ਕਿਸੇ ਨੇ ਕਿੰਨਾ ਕੁ ਸੁਣਨਾ ਸੀ। ਉਸ ਵਿਚ ਹੀ ਜੋ ਹੁਣ ਚਲਾਨ ਪੇਸ਼ ਕੀਤਾ ਹੈ

ਤੇ ਕੁੰਵਰ ਵਿਜੈ ਪ੍ਰਤਾਪ ਨੇ ਹਾਈ ਕੋਰਟ ਤੋਂ ਆਰਡਰ ਲਏ ਪਰ ਇਹ ਕਦੇ ਵੀ ਸੁਨਾਰੀਆ ਜੇਲ ਵਿਚ ਗਏ ਨਹੀਂ ਇਨਟੈਰੋਗੇਟ ਕਰਨ ਲਈ। ਮੈਂ ਸਰਕਾਰ ਨੂੰ ਪੁਛਣਾ ਚਾਹੁੰਦਾ ਹਾਂ ਕਿ ਅਸੀਂ ਸਾਰੇ ਹੀ ਇਹ ਕਹਿੰਦੇ ਰਹੇ ਹਾਂ ਇਸ ਦਾ ਮਤਲਬ ਕਿ ਬਾਦਲਾਂ ਦਾ ਵਿਚ ਕੋਈ ਨਾਮ ਨਹੀਂ? ਉਸ ਸਮੇਂ ਦੇ ਮੁੱਖ ਮੰਤਰੀ ਦਾ ਉਸ ਸਮੇਂ ਦੇ ਡਿਪਟੀ ਸੀਐਮ ਦਾ ਕੋਈ ਰੋਲ ਨਹੀਂ। ਉੱਥੇ ਜਿਹੜੇ ਇਸ਼ਤਿਹਾਰ ਲੱਗੇ ਮੈਂ ਤਾਂ ਉਸ ਦੀ ਹੱਥ ਲਿਖਤ ਐਕਸਪਰਟ ਨੂੰ ਦੇ ਕੇ ਪਤਾ ਕਰ ਲਿਆ ਕਿ ਕਿਸ ਦੀ ਲਿਖਤ ਹੈ ਤੇ ਕੀ ਗੱਲ ਉਸ ਸਮੇਂ ਦੀ ਸਰਕਾਰ ਨੇ ਇਹ ਪਤਾ ਹੀ ਨਹੀਂ ਕੀਤਾ ਕਿ ਕਿਸ ਨੇ ਇਸ਼ਤਿਹਾਰ ਲਗਾਏ? ਪਿੰਡ ਤਾਂ ਦੋ ਹੀ ਸੀ ਬੁਰਜ ਜਵਾਹਰ ਸਿੰਘ ਵਾਲਾ ਤੇ ਮੱਲ ਕੇ ਬੱਚਿਆਂ ਸਮੇਤ ਸਾਰੇ ਪਿੰਡ ਦੀ ਹੀ ਲਿਖਤ ਲੈ ਲੈਂਦੇ ਤੇ ਪਤਾ ਲੱਗ ਜਾਂਦਾ ਕਿ ਕਿਸੇ ਨੇ ਕੀਤੀ ਹੈ ਬੇਅਦਬੀ। 

ਸਵਾਲ : ਪਤਾ ਨਹੀਂ ਕਰਨਾ ਚਾਹੁੰਦੇ ਸੀ? 
ਜਵਾਬ : ਨਹੀਂ ਬਿਲਕੁਲ ਨਹੀਂ ਕਰਨਾ ਚਾਹੁੰਦੇ ਸੀ ਤੇ ਕੀ ਇਸ ਦਾ ਮਤਲਬ ਜਿਹੜਾ ਚਲਾਨ ਪੇਸ਼ ਕੀਤਾ ਉਨ੍ਹਾਂ ਨੂੰ ਕਲੀਨ ਚਿੱਟ ਦੇ ਦਿਤੀ ਹੈ? ਸਾਡੇ ਸਮੇਂ ਵਿਚ ਤਾਂ ਚਲਾਨ ਪੇਸ਼ ਨਹੀਂ ਹੋਇਆ ਤੇ ਜਦੋਂ ਹੀ ਇਹ ਇਧਰ ਚਲੇ ਗਏ ਚਲਾਨ ਪੇਸ਼ ਹੋ ਗਿਆ। ਇਹ ਤਾਂ ਫਿਰ ਦਾਲ ਵਿਚ ਕੁੱਝ ਕਾਲਾ ਹੈ। 
ਸਵਾਲ : ਲੋਕਾਂ ਨੇ ਵੀ ਇਹ ਉਮੀਦ ਛੱਡ ਦਿਤੀ ਹੈ ਕਿ ਇਸ ਕੇਸ ਦਾ ਨਹੀਂ ਕੁੱਝ ਬਣਨਾ?
ਜਵਾਬ: ਬਿਲਕੁਲ ਜੀ ਮੈਨੂੰ ਨਹੀਂ ਲਗਦਾ ਜਿਸ ਹਿਸਾਬ ਨਾਲ ਇਨ੍ਹਾਂ ਨੇ ਕੇਸ ਨੂੰ ਬਣਾ ਦਿਤਾ ਮੈਨੂੰ ਨਹੀਂ ਲਗਦਾ ਕਿ ਕਦੇ ਵੀ ਇਨਸਾਫ਼ ਮਿਲ ਸਕੇਗਾ। ਹੁਣ ਸਾਡੇ ਪ੍ਰਧਾਨ ਜੀ ਕਹਿੰਦੇ ਕਿ ਫ਼ਾਸਟ ਟਰੈਕ ਬਣਾ ਦਿਉ ਜੀ ਉਸ ਟਰੈਕ ’ਤੇ ਰਹਿਣ ਹੀ ਕੁੱਝ ਨਹੀਂ ਦਿਤਾ ਫ਼ਾਸਟ ਟਰੈਕ ਕੀ ਕਰੂਗਾ? 

ਸਵਾਲ: ਤੁਸੀਂ ਹੁਣ ਗ੍ਰਹਿ ਮੰਤਰੀ ਰਹਿ ਚੁੱਕੇ ਹੋ ਤੇ ਦੇਖ ਲਿਆ ਕਿ ਕਿੰਨੀ ਤਾਕਤ ਹੁੰਦੀ ਹੈ ਜੇ ਉਹ ਚਾਹੁਣ ਤਾਂ ਬਹੁਤ ਜਲਦ ਹੱਲ ਹੋ ਸਕਦਾ ਹੈ? 
ਜਵਾਬ: ਮੈਂ ਤੁਹਾਨੂੰ ਦਸਦਾ ਹਾਂ ਕਿ ਇਹ ਡਰੱਗਜ਼ ਕੇਸ ਵਿਚੋਂ ਤਾਂ ਕਈ ਫ਼ਾਈਲਾਂ ਹੀ ਗੁੰਮ ਹੋ ਗਈਆਂ ਹਨ। ਮੈਂ ਐਫ਼ਆਈਆਰ ਵੀ ਕਰਵਾਈ ਤੇ ਸੱਭ ਤੋਂ ਵੱਡੀ ਗੱਲ ਇਹ ਹੈ ਕੇ ਡੀਜੀਪੀ ਅਪਣੀ ਲਿਖਤ ਸਟੇਟਮੈਂਟ ਦੇ ਰਿਹਾ ਹੈ ਉਹ ਦੋ ਪੇਜ ਵੀ ਦੇ ਰਿਹਾ ਹੈ ਤੇ ਚਾਰ ਘੰਟੇ ਬਾਅਦ ਉਹ ਕਹਿ ਰਿਹਾ ਹੈ ਕਿ ਮੈਂ ਹੋਰ ਭੇਜਣੀ ਹੈ ਤੇ ਉਹ 15 ਪੇਜਾਂ ਦੀ ਭੇਜ ਰਿਹਾ ਹੈ। ਮੈਂ ਕਿਹਾ ਕਿ ਇਸ ’ਤੇ ਐਫ਼ਆਈਆਰ ਦਰਜ ਕਰ ਕੇ ਕੋਈ ਐਕਸ਼ਨ ਲਈਏ ਤੇ ਹੁਣ ਵਾਲੀ ਸਰਕਾਰ ਨੂੰ ਚਾਹੀਦਾ ਹੈ ਕਿ ਉਸ ’ਤੇ ਐਕਸ਼ਨ ਲੈਣ। ਅਸੀਂ ਤਾਂ ਇਨ੍ਹਾਂ ਤਿੰਨ ਮਹੀਨਿਆਂ ਵਿਚ ਜਲਦੀ ਜਲਦੀ ਕਰਦੇ ਰਹੇ ਕਿ ਹੁਣ ਤਾਂ ਕੁੱਝ ਕਰ ਲਈਏ ਕਈ ਵਾਰ ਕੋਈ ਗ਼ਲਤ ਬੰਦੇ ਵੀ ਲੱਗ ਜਾਂਦੇ ਨੇ ਪਰ ਇਨ੍ਹਾਂ ਕੋਲ ਤਾਂ ਹੁਣ 5 ਸਾਲ ਹਨ। ਇਨ੍ਹਾਂ ਨੇ ਤਾਂ ਹਰ 6 ਮਹੀਨੇ ਸਾਲ ਬਾਅਦ ਈਸੀਆਰ ਵੀ ਲਿਖਣੀ ਹੈ। ਇਨ੍ਹਾਂ ਦਾ ਤਾਂ ਡਰ ਹੈ ਸੱਭ ਨੂੰ?

ਸਵਾਲ: ਇਨ੍ਹਾਂ ਨੇ ਆਉਂਦਿਆਂ ਹੀ ਦੁਧ ਦਾ ਮੁੱਲ ਵੀ ਵਧਾ ਦਿਤਾ ਤੇ ਉਹ ਤੁਹਾਡੇ ਵਲੋਂ ਕਿਉਂ ਨਹੀਂ ਕੀਤਾ ਗਿਆ ਮਤਲਬ ਇਸ ਵਿਚ ਕੀ ਕੁੱਝ ਰਿਹਾ? 
ਜਵਾਬ : ਇਹ ਜੋ ਰੇਟ ਮੇਰੇ ਸਮੇਂ ਵਿਚ ਵਧਦੇ ਰਹੇ ਨੇ ਉਹ ਕਦੇ ਵੀ ਨਹੀਂ ਵਧੇ। ਪੁਰਾਣਾ ਰਿਕਾਰਡ ਕੱਢ ਕੇ ਦੇਖ ਲਉ। 16 ਲੱਖ ਲੀਟਰ ਇਕ ਦਿਨ ਦੇ ਪਲਾਂਟਾਂ ਦੀ ਸਮਰੱਥਾ ਸੀ ਤੇ ਮੈਂ ਅਪਣੇ ਇਸ ਸਮੇਂ ਵਿਚ 28 ਲੱਖ ਲੀਟਰ ਕਰ ਦਿਤੀ ਸੀ ਤੇ ਹਰ ਪਲਾਂਟ ਦੀ ਸਮਰੱਥਾ ਮੈਂ ਡਬਲ ਵੀ ਨਹੀਂ ਤਿੰਨ ਗੁਣਾਂ ਕਰ ਦਿਤੀ ਸੀ। ਕੀਮਤਾਂ ਮੇਰੇ ਸਮੇਂ ਵਿਚ ਵੀ ਵਧਦੀਆਂ ਰਹੀਆਂ ਨੇ ਤੇ ਇਹ ਹੁਣ ਇਨ੍ਹਾਂ 2 ਮਹੀਨਿਆਂ ’ਚ ਹੀ ਚੋਣ ਜ਼ਾਬਤੇ ਦੌਰਾਨ ਹੀ ਵਧਾ ਦਿਤੇ 2 ਰੁਪਏ। 

ਸਵਾਲ : ਤੁਹਾਨੂੰ ਪ੍ਰਚਾਰ ਕਰਨਾ ਹੀ ਨਹੀਂ ਆਇਆ ਮਤਲਬ? 
ਜਵਾਬ: ਹਾਂ ਹੋ ਸਕਦਾ ਮੈਨੂੰ ਹੀ ਨਹੀਂ ਪ੍ਰਚਾਰ ਕਰਨਾ ਆਇਆ। ਲਉ ਪ੍ਰਚਾਰ ਦੀ ਗੱਲ ਕਰ ਲੈਂਦੇ ਹਾਂ। ਮਾਰਕਫ਼ੈੱਡ 64 ਸਾਲਾਂ ਵਿਚ ਡੈੱਡਫਰੀ ਕਰ ਦਿਤਾ, ਜਿੰਨਾ ਕਰਜ਼ਾ ਸੀ ਮੈਂ ਸਾਰਾ ਹੀ ਉਤਾਰ ਦਿਤਾ, 1200 ਕਰੋੜ ਕਰਜ਼ਾ ਸੀ। 

ਸਵਾਲ: ਇਹ ਸ਼ਾਇਦ ਕਿਸੇ ਨੂੰ ਹੀ ਪਤਾ ਹੋਵੇਗਾ? 
ਜਵਾਬ - ਕਿਸ ਲਈ ਤੇ ਕਿਉਂ ਦਸਣਾ? ਕੰਮ ਕੀਤਾ ਇਸ ਦਾ ਮਤਲਬ ਕਿ ਅਸੀਂ ਕਰੈਡਿਟ ਹੀ ਲੈਂਦੇ ਰਹਾਂਗੇ। ਫ਼ਾਈਲਾਂ ਪਈਆਂ ਨੇ ਦੇਖ ਲਉ। ਇਹ ਹੁਣ ਸ਼ੂਗਰਫ਼ੈੱਡ ਹੈ ਇਸ ਦੀ ਕਾਇਆ ਕਲਪ ਕੀਤੀ। ਕੋਆਪ੍ਰੇਟਿਵ ਬੈਂਕ 31 ਮਾਰਚ ਤਕ ਦਾ ਹੈ ਜੋ 70 ਕਰੋੜ ਦੇ ਲਾਭ ਤਕ ਲੈ ਕੇ ਆਏ ਹਾਂ। ਇਹ ਸੱਭ ਮੇਰੇ ਸਮੇਂ ਦਾ ਹੀ ਹੈ। 
ਸਵਾਲ: ਇਕ ਪੰਜਾਬ ਵਿਚ ਹੋਰ ਮੁੱਦਾ ਭਖਿਆ ਹੋਇਆ ਹੈ ਕਿ ਜਦੋਂ ਤੋਂ ਪੀਟੀਸੀ ’ਤੇ ਕੇਸ ਦਰਜ ਹੋਇਆ ਹੈ। ਗੁਰਬਾਣੀ ਪ੍ਰਸਾਰਣ ਸਾਰੇ ਚੈਨਲਾਂ ਨੂੰ ਕਰਨ ਲਈ ਦੇਣਾ ਚਾਹੀਦਾ ਹੈ। ਤੁਾਹਨੂੰ ਕੀ ਲਗਦਾ ਹੈ? 
ਜਵਾਬ - ਮੇਰੇ ਖ਼ਿਆਲ ਨਾਲ ਇਸ ਵਿਚ ਇਹ ਕਰਨਾ ਚਾਹੀਦਾ ਹੈ ਕਿ ਜਿਵੇਂ ਏਐਨਆਈ ਸਾਰੇ ਚੈਨਲਾਂ ਨੂੰ ਦਿੰਦਾ ਹੈ ਅਪਣੀ ਫ਼ੀਡ ਉਸੇ ਤਰ੍ਹਾਂ ਇਨ੍ਹਾਂ ਨੂੰ ਵੀ ਕਰਨਾ ਚਾਹੀਦਾ ਹੈ ਕਿ ਲਉ ਸਾਰੇ ਗੁਰਬਾਣੀ ਚਲਾਉ। ਗੁਰਬਾਣੀ ਨੂੰ ਕੋਈ ਬੰਨ੍ਹ ਕੇ ਨਹੀਂ ਰੱਖ ਸਕਦਾ ਤੇ ਅਸੀਂ ਕੀ ਗੁਰਬਾਣੀ ਉਸ ਵਿਅਕਤੀ ਨੂੰ ਦੇਵਾਂਗੇ ਜਿਸ ਦਾ ਬੰਦਾ ਕਿਹੜੇ ਕੇਸ ਵਿਚ ਜੇਲ ਵਿਚ ਬੈਠਾ ਹੈ। ਸ਼ਰਮ ਆਉਣੀ ਚਾਹੀਦੀ ਹੈ ਇਹੋ ਜਿਹੇ ਬੰਦਿਆਂ ਨੂੰ। ਇਹ ਦੇਖ ਲਉ ਹੁਣ ਸੁੱਚਾ ਸਿੰਘ ਲੰਗਾਹ ਹੈ, ਸ਼੍ਰੋਮਣੀ ਕਮੇਟੀ ਦਾ ਮੈਂਬਰ ਸੀ ਜਿਸ ਨੂੰ ਹੁਣ ਅੰਦਰ ਦਿਤਾ ਹੈ ਤੇ ਉਹੀ ਬਰਾਬਰ ਦਾ ਕੇਸ ਹੈ। ਇਨ੍ਹਾਂ ਨੂੰ ਤਾਂ ਪਹਿਲੇ ਦਿਨ ਹੀ ਕਰ ਦੇਣਾ ਚਾਹੀਦਾ ਸੀ। ਪੀਟੀਸੀ ਨੂੰ ਤਾਂ ਪਾਬੰਦ ਕਰ ਦੇਣਾ ਚਾਹੀਦਾ ਹੈ। ਮੇਰੇ ਖ਼ਿਆਲ ਨਾਲ ਇਕ ਦਿਨ ਦੀ 40 ਲੱਖ ਦੀ ਤਾਂ ਇਨ੍ਹਾਂ ਨੂੰ ਐਡ ਹੀ ਮਿਲਦੀ ਹੋਣੀ ਹੈ। ਬਸ ਕਰੋ ਕਿ ਹੁਣ ਇਕੋ ਪ੍ਰਵਾਰ ਦਾ ਹੀ ਢਿੱਡ ਭਰੀ ਜਾਣਾ ਹੈ? 

ਸਵਾਲ : ਤੁਹਾਨੂੰ ਲਗਦਾ ਹੈ ਕਿ ਜਿਸ ਤਰ੍ਹਾਂ ਦਾ ਮਾਹੌਲ ਹੈ ਉਹ ਮੰਨਣਗੇ ਕਿਉਂਕਿ ਉਹੀ ਕੰਟਰੋਲ ਹੈ?
ਜਵਾਬ - ਦੇਖੋ ਇਹ ਜਿਹੜੇ ਬੈਠੇ ਨੇ ਜੋ ਕੁੱਝ ਬਾਦਲ ਕਹਿਣਗੇ ਉਹੀ ਹੋਵੇਗਾ। ਇਹ ਜ਼ਰੂਰ ਹੈ ਕਿ ਮਾਨ ਸਾਹਿਬ ਨੇ ਕਹਿ ਦਿਤਾ ਕਿ ਸੱਭ ਨੂੰ ਗੁਰਬਾਣੀ ਦਾ ਹੱਕ ਦਿਉ ਪਰ ਚਿੱਠੀਆਂ ਤਾਂ ਮੈਂ ਵੀ ‘ਜਥੇਦਾਰ’ ਨੂੰ ਬਹੁਤ ਲਿਖੀਆਂ ਨੇ ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿਤਾ ਚਲ ਜਵਾਬ ਤਾਂ ਉਨ੍ਹਾਂ ਨੇ ਆਪ ਤਾਂ ਨਹੀਂ ਦੇਣਾ ਹੁੰਦਾ ਉਨ੍ਹਾਂ ਦੇ ਪੀਏ ਨੇ ਹੀ ਦੇਣਾ ਹੁੰਦਾ ਹੈ। ਮੈਨੂੰ ਕਦੇ ਨਹੀਂ ਜਵਾਬ ਦਿਤਾ। ਕੀ ਕਰੀਏ ਮਜਬੂਰ ਹਾਂ। ਇਨ੍ਹਾਂ ਨੇ ਸਿੱਖੀ ਨੂੰ ਡੱਬੀ ਵਿਚ ਪਾ ਕੇ ਸਿੱਖੀ ਨੂੰ ਛੋਟਾ ਕਰ ਦਿਤਾ। ਜੇ ਹੁਣ ਆਪਾ ਗੱਲ ਕਰਦੇ ਹਾਂ ਕਿ ਚੰਡੀਗੜ੍ਹ ਪੰਜਾਬ ਦਾ ਹੈ ਜਾਂ ਹਰਿਆਣਾ ਦਾ। ਮੈਨੂੰ ਅੱਜ ਵੀ ਯਾਦ ਹੈ ਕਿ ਜੇ ਪ੍ਰਤਾਪ ਸਿੰਘ ਕੈਰੋ ਦੀ ਲਿਖਤ ਪੜ੍ਹੋ ਉਸ ਪੰਜਾਬ ਦੀ ਤਾਂ ਉਹ ਕਹਿੰਦੇ ਸੀ ਕਿ ਮਹਾਪੰਜਾਬ ਦੀ ਗੱਲ ਕਰੋ ਮੈਂ ਤਾਂ ਗੰਗਾਨਗਰ ਨੂੰ ਲੈਣ ਨੂੰ ਫਿਰਦਾ ਹਾਂ ਕਿ ਗੰਗਾਨਗਰ ਵੀ ਸਾਡੇ ਪੰਜਾਬ ਵਿਚ ਹੋਵੇ। ਇਨ੍ਹਾਂ ਅਕਾਲੀਆਂ ਨੇ ਤਾਂ ਬੇੜਾ ਗਰਕ ਕਰ ਕੇ ਰੱਖ ਦਿਤਾ। ਉਸ ਸਮੇਂ ਤਾਂ ਇਹ ਸਾਰੇ ਇਕੱਠੇ ਹੀ ਸੀ ਕਿ ਉਹ ਕਹਿੰਦੇ ਸੀ ਕਿ ਮੇਰਠ ਵੀ ਵਿਚ ਲਉ ਤੇ ਸਹਾਰਨਪੁਰ ਵੀ ਲਉ ਤੇ ਮਹਾਪੰਜਾਬ ਬਣਾਉ ਤੇ ਇਹ ਹੁਣ ਚੰਡੀਗੜ੍ਹ ਪਿੱਛੇ ਹੀ ਲੜੀ ਜਾਂਦੇ ਹਨ। 

ਸਵਾਲ: ਮੈਂ ਇਕ ਵੀਡੀਉ ਦੇਖ ਰਹੀ ਸੀ ਕਿ ਸਿੱਖਜ਼ ਫ਼ਾਰ ਜਸਟਿਸ ਵਲੋਂ ਜਿਸ ਵਿਚ ਤੁਹਾਨੂੰ ਤੇ ਭਗਵੰਤ ਮਾਨ ਨੂੰ ਟਾਰਗੇਟ ਕੀਤਾ ਗਿਆ ਹੈ ਕਿ ਅਸੀਂ ਖ਼ਾਲਿਸਤਾਨ ਨੂੰ ਮੰਗਣ ਵਾਲੇ ਹਾਂ ਅਸੀਂ ਲੋਕਾਂ ਨੇ ‘ਆਪ’ ਨੂੰ ਵੋਟ ਪਾਈ ਤੇ ਜੇ ਤੁਸੀਂ ਠੀਕ ਤਰ੍ਹਾਂ ਕੰਮ ਨਹੀਂ ਕਰੋਗੇ, ਤੁਹਾਨੂੰ ਵੀ ਟਾਰਗੇਟ ਬਣਾਇਆ ਗਿਆ ਹੈ? 
ਜਵਾਬ: ਮੈਨੂੰ ਤਾਂ ਇਹ ਵੀ ਕਿਹਾ ਗਿਆ ਹੈ ਕਿ ਰੰਧਾਵਾ ਖ਼ੂਨੀ ਪਾਰਟੀ ਦਾ ਹੈ ਤੇ ਇਹ ਅਪਣੀ ਜ਼ੁਬਾਨ ਨੂੰ ਲਗਾਮ ਦੇਵੇ ਜੇ ਆਪਾ ਪੰਜਾਬ ਲਈ ਗੱਲ ਕਰਾਂਗੇ ਤਾਂ ਇਨ੍ਹਾਂ ਕੋਲੋਂ ਸਾਨੂੰ ਕੀ ਡਰ ਹੈ। ਇਹ ਤਾਂ ਇਕ ਟਾਊਟ ਹੈ। 

ਸਵਾਲ: ਇਸ ਟਾਊਟ ਨੂੰ ਇੰਨੀ ਇਜਾਜ਼ਤ ਕਿਸ ਤਰ੍ਹਾਂ ਹੈ ਉਹ ਵੀ ਖ਼ਾਲਿਸਤਾਨ ਦੀ ਗੱਲ ਕਰਦੇ ਹਨ। ਕੀ ਸਾਡੀ ਕੇਂਦਰ ਸਰਕਾਰ ਨੇ ਵੀ ਕਦੇ ਨਹੀਂ ਲਗਾਮ ਲਗਾਉਣ ਬਾਰੇ ਸੋਚਿਆ? 
ਜਵਾਬ : ਇਹ ਤਾਂ ਹੁਣ ਪੰਜਾਬ ਸਰਕਾਰ ਦਾ ਕੰਮ ਹੈ। ਸੋਚਣਾ ਕਿ ਇਨ੍ਹਾਂ ਨੂੰ ਕਿਸ ਤਰ੍ਹਾਂ ਲਗਾਮ ਲਗਾਉਣੀ ਹੈ। ਅਸੀਂ ਵੀ ਬਹੁਤ ਵਾਰ ਲਿਖ ਕੇ ਭੇਜਿਆ ਹੈ ਪਰ ਹੁਣ ਇਸ ਬਾਰੇ ਕੁੱਝ ਕਹਿ ਨਹੀਂ ਸਕਦੇ ਕਿ ਇਨ੍ਹਾਂ ਦਾ ਪਿਛਲਾ ਬੈਕਗ੍ਰਾਊਂਡ ਕੀ ਹੈ ਤੇ ਇਨ੍ਹਾਂ ਨੂੰ ਕੌਣ ਹੈਂਡਲ ਕਰ ਰਿਹਾ ਹੈ ਪਰ ਇਹ ਜੋ ਪੰਜਾਬ ਵਿਚ ਗੈਂਗਵਾਰ ਹੋ ਰਹੀ ਹੈ ਮੈਨੂੰ ਨਹੀਂ ਲਗਦਾ ਕਿ ਇਹ ਬਹੁਤ ਵਧੀਆ ਹੈ, ਇਹ ਪੰਜਾਬ ਲਈ ਖ਼ਤਰਨਾਕ ਹੈ। 

ਸਵਾਲ: ਚਲੋਂ ਅਸੀਂ ਵੀ ਉਮੀਦ ਕਰਾਂਗੇ ਕਿ ਵਿਰੋਧੀ ਧਿਰ ਵੀ ਅਪਣੇ ਆਪ ਨੂੰ ਥੋੜ੍ਹਾ ਉਧਰ ਧਿਆਨ ਦੇਵੇ। 
ਜਵਾਬ:  ਨਹੀਂ ਵਿਰੋਧੀ ਧਿਰ ਕੀ ਕਰ ਲਵੇਗੀ ਉਹ ਵੀ ਤਾਂ ਹੀ ਕੱੁਝ ਕਰੇਗੀ ਜੇ ਸਾਡੇ ਹੀ ਲੀਡਰ ਸਾਨੂੰ ਝੱਲਣਗੇ, ਸਾਡਾ ਤਾਂ ਆਪ ਵਿਰੋਧ ਹੁੰਦਾ ਰਹਿੰਦਾ ਹੈ। ਉਹ ਲੀਡਰ ਤਾਂ ਕਾਂਗਰਸ ਦੇ ਹੀ ਵਿਰੋਧੀ ਹੋ ਗਏ ਤੇ ਅਸੀਂ ਵਿਰੋਧ ਕਿਸ ਦਾ ਕਰ ਲਵਾਂਗੇ ਸਾਡਾ ਤਾਂ ਆਪ ਮਜ਼ਾਕ ਬਣਿਆ ਰਹਿੰਦਾ ਹੈ। ਅਸੀਂ ਤਾਂ ਆਪ ਡਰਦੇ ਹਾਂ ਤੇ ਮੀਟਿੰਗ ਵਿਚ ਵੀ ਸਿਰ ਥੱਲੇ ਸੁੱਟ ਕੇ ਬੈਠੇ ਰਹਿੰਦੇ ਹਾਂ ਤੇ ਸੋਚੀ ਜਾਈਦਾ ਕਿ ਕੀ ਬਣੇਗਾ। ਜਿਹੜੇ ਪ੍ਰਵਾਰਾਂ ਨੂੰ ਕਂਗਰਸ ਅੱਗੇ ਲੈ ਕੇ ਗਈ ਸੀ ਅੱਜ ਉਹ ਬੇਸ਼ਰਮਾਂ ਵਾਂਗ ਬੈਠੇ ਗੱਲਾਂ ਸੁਣ ਰਹੇ ਨੇ, ਮਜ਼ਾਕ ਬਣਾ ਰਹੇ ਹਨ। ਅਪਣੇ ਆਪ ਨੂੰ ਕਰੱਪਟ ਅਖਵਾਈ ਜਾ ਰਹੇ ਹਨ। 

ਸਵਾਲ: ਹਾਂ ਸਾਨੂੰ ਤਾਂ ਪਤਾ ਵੀ ਨਹੀਂ ਸੀ ਕਿ 70-75 ਦੀ ਸਾਂਝ ਹੈ। 
ਜਵਾਬ:
ਪਤਾ ਨਹੀਂ ਜਾਂ ਤਾਂ ਉਹ ਨਾਮ ਦਸਣ ਕਿ ਕਿਹੜੇ ਲੀਡਰ ਕੁਰੱਪਟ ਨੇ ਤੇ ਅਸੀਂ ਆਪ ਹੀ ਛੱਡ ਕੇ ਚਲੇ ਜਾਵਾਂਗੇ। ਪਤਾ ਨਹੀਂ ਕਿਸ ਨੂੰ ਕਹਿੰਦੇ ਨੇ ਜਾਂ ਫਿਰ ਕਾਂਗਰਸ ਨੂੰ ਹੀ ਬਦਨਾਮ ਕਰਨ ਲਈ 70-75 ਦੀ ਰੇਸ਼ੋ ਰਹੀ ਜਾਂਦੇ ਨੇ। 

ਸਵਾਲ: ਤੁਸੀਂ ਨਿਰਾਸ਼ ਹੋ?
ਜਵਾਬ:
 ਨਹੀਂ ਮੈਂ ਨਿਰਾਸ਼ ਨਹੀਂ ਹਾਂ। ਰਾਜਨੀਤੀ ਪੱਖੋਂ ਨਿਰਾਸ਼ ਨਹੀਂ ਹਾਂ ਪਰ ਮੈਂ ਪਾਰਟੀ ਵਜੋਂ ਨਿਰਾਸ਼ ਹਾਂ ਕਿ ਜਿਹੜੇ ਬੰਦਿਆਂ ਦਾ ਪਾਰਟੀ ਨਾਲ ਕੋਈ ਜ਼ਿਆਦਾ ਲੈਣ-ਦੇਣ ਵੀ ਨਹੀਂ ਸੀ ਉਹ ਬੰਦੇ ਪਾਰਟੀ ਨੂੰ ਬਰਬਾਦ ਕਰ ਰਹੇ ਨੇ। ਮੈਂ ਉਸ ਕਰ ਕੇ ਨਿਰਾਸ਼ ਹਾਂ। ਇਹ ਉਹ ਬੰਦੇ ਨੇ ਜਿਨ੍ਹਾਂ ਨੇ ਸੱਭ ਲੈ ਕੇ ਵੀ ਕਾਂਗਰਸ ਦੀ ਪਿੱਠ ਵਿਚ ਛੁਰਾ ਮਾਰਿਆ ਤੇ ਸਾਡੀ ਹਾਈਕਮਾਂਡ ਅੱਖਾਂ ਬੰਦ ਕਰ ਕੇ ਦੇਖ ਰਹੀ ਹੈ ਉਸ ਗੱਲ ਤੋਂ ਮੈਂ ਜ਼ਰੂਰ ਨਿਰਾਸ਼ ਹਾਂ। 

ਸਵਾਲ: ਹੁਣ ਤਾਂ ਭਾਜਪਾ ਵੀ ਕਹਿੰਦੀ ਹੋਣੀ ਕਿ ਹੁਣ ਤਾਂ ਕਾਂਗਰਸ ਜਾਗ ਜਾਵੇ। 
ਜਵਾਬ:
ਇਕ ਗੱਲ ਹੋਰ ਕਹਿੰਦਾ ਹਾਂ ਕਿ ਕਾਂਗਰਸ ਤੇ ਅਕਾਲੀ ਦਲ ਦਾ ਖ਼ਤਮ ਹੋਣਾ ਵੀ ਪੰਜਾਬ ਲਈ ਖ਼ਤਰਨਾਕ ਹੋਵੇਗਾ। ਇਹ ਗੱਲ ਹੈ ਕਿ ਪੁਰਾਣੇ ਲੀਡਰ ਕਦੇ ਵੀ ਅਕਾਲੀ ਦਲ ਨੂੰ ਖ਼ਤਮ ਹੋਣ ਦੇ ਰਸਤੇ ਵਲ ਨਹੀਂ ਲੈ ਕੇ ਗਏ ਬਾਦਲ ਸਾਹਿਬ ਆਪ ਹੀ ਪਾਰਟੀ ਦਾ ਸਸਕਾਰ ਕਰ ਕੇ ਚਲੇ ਹਨ। ਮੈਂ ਇਹ ਵੀ ਕਹਿੰਦਾ ਹਾਂ ਕਿ ਬਾਦਲਾਂ ਨੇ ਕੁਰਬਾਨੀਆਂ ਵੀ ਬਹੁਤ ਦਿਤੀਆਂ ਨੇ ਤੇ ਜੇਲਾਂ ਵਿਚ ਵੀ ਗਏ ਨੇ ਪਰ ਜੇ ਪੰਜਾਬ ਦੀ ਸਿੱਖੀ ਤੇ ਪੰਜਾਬ ਦੀ ਬਰਬਾਦੀ ਵਿਚ ਕਿਸੇ ਦਾ ਨਾਮ ਆਇਆ ਹੈ ਤਾਂ ਉਹ ਬਾਦਲ ਦਾ ਪਹਿਲੇ ਨੰਬਰ ’ਤੇ ਆਵੇਗਾ। ਬਾਦਲ ਦਲ ਦੀ ਨਹੀਂ ਅਕਾਲੀ ਦਲ ਦੀ ਪੰਜਾਬ ਨੂੰ ਬਹੁਤ ਵੱਡੀ ਦੇਣ ਹੈ।