ਕਣਕ ਦੀ ਖ਼ਰੀਦ ਨੇ ਤੋੜਿਆ ਪੰਜ ਸਾਲਾਂ ਦਾ ਰਿਕਾਰਡ, ਹੁਣ ਤੱਕ ਖ਼ਰੀਦੀ ਗਈ 4.3 ਲੱਖ ਮੀਟਰਕ ਟਨ ਕਣਕ
ਪੰਜ ਸਾਲ ਦੇ ਉੱਚ ਪੱਧਰ 'ਤੇ ਭੁਗਤਾਨ, ਰਿਕਾਰਡ ਪ੍ਰਦਰਸ਼ਨ ਸੁਚੱਜੇ ਪ੍ਰਬੰਧਾਂ ਦਾ ਨਤੀਜਾ
ਸਾਲ 2018 'ਚ ਸਭ ਤੋਂ ਵੱਧ 38,019 ਮੀਟਰਕ ਟਨ ਕਣਕ ਦੀ ਹੋਈ ਸੀ ਖ਼ਰੀਦ
ਚੰਡੀਗੜ੍ਹ : ਸੂਬੇ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਕਣਕ ਦੀ ਆਮਦ ਵਧਣ ਦੇ ਨਾਲ, ਖ਼ਰੀਦ ਏਜੰਸੀਆਂ ਨੇ ਇਹ ਯਕੀਨੀ ਬਣਾਉਣ ਲਈ ਆਪਣੇ ਯਤਨ ਤੇਜ਼ ਕਰ ਦਿੱਤੇ ਹਨ ਕਿ ਮੰਡੀ ਦੇ ਕੰਮਕਾਜ ਨੂੰ ਵਧੇਰੇ ਕੁਸ਼ਲਤਾ ਨਾਲ ਨੇਪਰੇ ਚਾੜ੍ਹਿਆ ਜਾਵੇ।
ਇਹ ਪ੍ਰਗਟਾਵਾ ਕਰਦਿਆਂ ਅੱਜ ਸਰਕਾਰੀ ਬੁਲਾਰੇ ਨੇ ਦੱਸਿਆ ਕਿ 10 ਅਪ੍ਰੈਲ ਤੱਕ ਸਰਕਾਰੀ ਏਜੰਸੀਆਂ ਵੱਲੋਂ ਕਣਕ ਦੀ ਕੁੱਲ ਖਰੀਦ ਨੇ ਪਿਛਲੇ ਪੰਜ ਸਾਲਾਂ ਵਿੱਚ ਇਸ ਮਿਤੀ ਤੱਕ ਕਣਕ ਦੀ ਖ਼ਰੀਦ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਸ ਸਾਲ ਸਰਕਾਰੀ ਏਜੰਸੀਆਂ ਨੇ ਹੁਣ ਤੱਕ 4.3 ਲੱਖ ਮੀਟਰਕ ਟਨ ਕਣਕ ਦੀ ਖ਼ਰੀਦ ਕੀਤੀ ਹੈ ਜਦੋਂ ਕਿ ਇਸ ਤੋਂ ਪਹਿਲਾਂ ਸਾਲ 2018 ਵਿੱਚ ਸਭ ਤੋਂ ਵੱਧ 38,019 ਮੀਟਰਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਸੀ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਸਾਲ ਰਾਜ ਸਰਕਾਰ ਨੇ ਹੁਣ ਤਕ ਇਹ ਯਕੀਨੀ ਬਣਾਇਆ ਹੈ ਕਿ ਐਮ ਐਸ ਪੀ ਦੀ 138 ਕਰੋੜ ਰੁਪਏ ਦੀ ਰਾਸ਼ੀ ਸਿੱਧੇ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਟਰਾਂਸਫਰ ਹੋ ਗਈ ਹੈ ਜਦੋਂਕਿ ਪਹਿਲਾਂ ਇਹ ਸਭ ਤੋਂ ਵੱਧ ਸਾਲ 2017 ਵਿੱਚ 6.5 ਕਰੋੜ ਰੁਪਏ ਸੀ। ਇਨ੍ਹਾਂ ਰਿਕਾਰਡ ਤੋੜ ਅੰਕੜਿਆਂ ਨੂੰ ਸੂਬਾ ਸਰਕਾਰ ਵੱਲੋਂ ਕੀਤੇ ਪੁਖਤਾ ਤੇ ਸੁਚੱਜੇ ਪ੍ਰਬੰਧਾਂ ਦਾ ਨਤੀਜਾ ਦੱਸਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਕਿਸਾਨਾਂ ਦੀ ਮਿਹਨਤ ਦੀ ਕਮਾਈ ਦੀ ਨਿਰਵਿਘਨ ਵਿਕਰੀ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਕਦਮ ਚੁੱਕਦੀ ਰਹੇਗੀ।