ਪੰਜਾਬ ਟਰਾਂਸਪੋਰਟ ਵਿਭਾਗ ਨੇ ਆਪਣੇ ਕਰਮਚਾਰੀਆਂ ਦੀ ਹਾਜ਼ਰੀ ਕੀਤੀ ਆਨਲਾਈਨ: ਲਾਲਜੀਤ ਸਿੰਘ ਭੁੱਲਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੱਜ ਤੋਂ ਵੱਖ-ਵੱਖ ਦਫ਼ਤਰਾਂ ਅਤੇ ਖੇਤਰੀ ਦਫ਼ਤਰ ਕਰਮਚਾਰੀਆਂ ਦੀ ਹਾਜ਼ਰੀ ‘ਐਮ ਸੇਵਾ ਐਪ’ ‘ਤੇ ਲੱਗਣੀ ਹੋਈ ਸ਼ੁਰੂ

Punjab Transport Department made attendance of its employees online: Laljit Singh Bhullar

ਚੰਡੀਗੜ੍ਹ: ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਨੇ ਵੱਡਾ ਫੈਸਲਾ ਲੈਦਿਆਂ ਅੱਜ ਤੋਂ ਆਪਣੇ ਵਿਭਾਗ ਦੇ ਮੁਲਾਜ਼ਮਾਂ ਦੀ ਹਾਜ਼ਰੀ ਕੀਤੀ ਆਨਲਾਈਨ ਕਰ ਦਿੱਤੀ ਹੈ। ਹੁਣ ਵਿਭਾਗ ਦੇ ਸਮੁੱਚੇ ਕਰਮਚਾਰੀ ਦਿਨ ‘ਚ ਦੋ ਵਾਰ ਆਪਣੀ ਹਾਜ਼ਰੀ ਆਨਲਾਈਨ ਲਗਾਉਣੀ ਯਕੀਨੀ ਬਣਾਉਣਗੇ।

ਪੰਜਾਬ ਦੇ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੂਲਰ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਇਸ ਤੋਂ ਪਹਿਲਾ ਪੁਰਾਣੀ ਪ੍ਰਣਾਲੀ ਤਹਿਤ ਰਜਿਸਟਰਾਂ ਉਪਰ ਹਾਜ਼ਰੀ ਲੱਗਦੀ ਸੀ। ਉਨ੍ਹਾਂ ਦੱਸਿਆ ਕਿ ਟਰਾਂਪੋਰਟ ਵਿਭਾਗ ਅਧੀਨ ਅਤੇ ਐਸ.ਡੀ.ਐਮਜ਼ ਦਫ਼ਤਰਾਂ ‘ਚ ਕੰਮ ਕਰਦੇ ਰੈਗੂਲਰ, ਆਊਟਸੋਰਸ, ਕੰਟਰੈਕਚੂਅਲ, ਲੈਬ ਅਟੈਡੈਂਟ ਸਮੇਤ ਸਮੁੱਚੇ ਕਰਮਚਾਰੀਆਂ ਨੂੰ ਆਨਲਾਈਨ ਹਾਜ਼ਰੀ ਲਾਉਣ ਦੀ ਸਿਖਲਾਈ ਦਿੱਤੀ ਗਈ ਹੈ ਤਾਂ ਜੋ ਕਿਸੇ ਵੀ ਕਰਮਚਾਰੀ ਨੂੰ ਕੋਈ ਦਿੱਕਤ ਨਾ ਆਵੇ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਵਿਭਾਗ ਦੇ ਸਮੂਹ ਕਰਮਚਾਰੀਆਂ ਦੀ ਹਾਜ਼ਰੀ ਐਮ ਸੇਵਾ ਐਪ ‘ਤੇ ਆਨਲਾਈਨ ਲਗਾਉਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਅੱਜ ਤੋਂ ਵੱਖ-ਵੱਖ ਦਫ਼ਤਰਾਂ ਅਤੇ ਖੇਤਰੀ ਦਫ਼ਤਰ ਕਰਮਚਾਰੀਆਂ ਦੀ ਹਾਜ਼ਰੀ ‘ਐਮ ਸੇਵਾ ਐਪ’ ‘ਤੇ ਲੱਗਣੀ ਸ਼ੁਰੂ ਹੋ ਗਈ ਹੈ।

ਸ. ਭੁੱਲਰ ਨੇ ਅੱਗੇ ਦੱਸਿਆ ਕਿ ਵਿਭਾਗ ਦੇ ਸਮੁੱਚੇ ਕਰਮਚਾਰੀਆਂ ਦੇ ਐਮ ਸੇਵਾ ਲਾਗਇਨ ਬਣਾਉਣ ਅਤੇ ਯੂਜ਼ਰ ਗਾਈਡ ਉਪਲੱਬਧ ਕਰਵਾਉਣ ਮਗਰੋਂ ਹਾਜ਼ਰੀ ਲਾਉਣ ਦੀ ਇਹ ਆਨਲਾਈਨ ਪ੍ਰਣਾਲੀ ਸ਼ੁਰੂ ਕੀਤੀ ਗਈ ਹੈ।

ਟਰਾਂਸਪੋਰਟ ਮੰਤਰੀ ਨੇ ਦੱਸਿਆ ਕਿ ਕੋਈ ਵੀ ਮੁਲਾਜ਼ਮ ਘਰ ਬੈਠ ਕੇ ਆਨਲਾਈਨ ਹਾਜ਼ਰੀ ਨਹੀਂ ਲਾ ਸਕੇਗਾ, ਕਿਉਂਕਿ ਸਬੰਧਤ ਨੂੰ ਜੀਓ ਫੈਂਸਿੰਗ ਦੇ ਨਾਲ-ਨਾਲ ਲਾਟੀਟਿਊਡ ਅਤੇ ਲੌਂਗੀਟਿਊਡ ਸਾਫਟਵੇਅਰ ਦਾ ਇਸਤੇਮਾਲ ਵੀ ਕਰਨਾ ਪਏਗਾ, ਜਿਸ ਨਾਲ ਹਾਜ਼ਰੀ ਲਗਾਉਣ ਸਮੇਂ ਸਬੰਧਤ ਮੁਲਾਜ਼ਮ ਦੀ ਲੋਕੇਸ਼ਨ ਵੀ ਦਫਤਰ ਕੋਲ ਪਹੁੰਚ ਜਾਵੇਗੀ।

ਸ. ਭੁੱਲਰ ਨੇ ਅੱਗੇ ਦੱਸਿਆ ਕਿ ਜੇਕਰ ਕਿਸੇ ਮੁਲਾਜ਼ਮ ਨੇ ਦਫਤਰ ਤੋਂ ਬਾਹਰ ਕਿਸੇ ਕੰਮ ਜਾਣਾ ਹੈ ਤਾਂ ਸਬੰਧਤ ਮੁਲਾਜ਼ਮ ਮੋਬਾਈਲ ਰਾਹੀਂ ਆਪਣੀ ਲੋਕੇਸ਼ਨ ਭੇਜਣੀ ਯਕੀਨੀ ਬਣਾਏਗਾ। ਉਨ੍ਹਾਂ ਦੱਸਿਆ ਕਿ ਇਸ ਕਦਮ ਨਾਲ ਜਿੱਥੇ ਵਿਭਾਗ ਦੀ ਕਾਰਜ ਕੁਸ਼ਲਤਾ ‘ਚ ਵਾਧਾ ਹੋਵੇਗਾ, ਉੱਥੇ ਹੀ ਲੋਕਾਂ ਦੀਆਂ ਸਮੱਸਿਆਵਾਂ ਤੇ ਸ਼ਿਕਾਇਤਾਂ ਦੂਰ ਹੋਣਗੀਆਂ।