ਬ੍ਰਹਮ ਮਹਿੰਦਰਾ ਨੇ ਟੀਕੇ ਬਾਰੇ ਲੋਕਾਂ ਦੇ ਵਹਿਮ ਨਕਾਰੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਰੀਰ 'ਚ ਪਾਣੀ ਦੀ ਘਾਟ ਕਾਰਨ ਹੋਈ ਬਠਿੰਡਾ 'ਚ ਬੱਚੇ ਦੀ ਮੌਤ

Brahm Mahindera

ਚੰਡੀਗੜ੍ਹ, 10 ਮਈ (ਜੀ.ਸੀ. ਭਾਰਦਵਾਜ): ਪੰਜਾਬ ਦੇ 29 ਹਜ਼ਾਰ ਸਕੂਲਾਂ ਵਿਚ 15 ਸਾਲ ਤਕ ਉਮਰ ਦੇ ਬੱਚਿਆਂ ਨੂੰ ਮੀਜ਼ਲਜ ਅਤੇ ਰੋਬੇਲਾ ਬਿਮਾਰੀਆਂ ਤੋਂ ਬਚਾਉਣ ਲਈ ਚਲਾਈ ਜਾ ਰਹੀ ਮੁਹਿੰਮ ਨੂੰ ਕਈ ਤਰ੍ਹਾਂ ਦੇ ਸ਼ੰਕੇ, ਅਫ਼ਵਾਹਾਂ ਅਤੇ ਆ ਰਹੀ ਖੜੋਤ ਨੂੰ ਨਕਾਰਦੇ ਹੋਏ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ 12 ਲੱਖ ਬੱਚਿਆਂ ਨੂੰ ਟੀਕੇ ਲੱਗ ਚੁਕੇ ਹਨ। ਉਨ੍ਹਾਂ ਕਿਹਾ ਕਿ ਡਾਕਟਰਾਂ ਅਤੇ ਨਰਸਾਂ ਦੀਆਂ ਟੀਮਾਂ ਆਉਂਦੇ ਦਿਨਾਂ ਵਿਚ 73 ਲੱਖ ਬੱਚਿਆਂ ਦੇ ਟੀਕਾਕਰਨ ਦਾ ਟੀਚਾ ਪ੍ਰਾਪਤ ਕਰ ਲੈਣਗੀਆਂ। ਅੱਜ ਇਥੇ ਸੈਕਟਰ 34 ਦੇ ਸਿਹਤ ਵਿਭਾਗ ਦੇ ਦਫ਼ਤਰ ਵਿਚ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਵਿਸ਼ਵ ਸਿਹਤ ਸੰਸਥਾ ਤੋਂ ਆਈ ਡਾ. ਸ੍ਰੀਨਿਵਾਸਨ ਅਤੇ ਪੀਜੀਆਈ ਦੇ ਡਾਕਟਰ ਸੰਜੇ ਵਰਮਾ ਦੀ ਮਦਦ ਨਾਲ ਕਈ ਗ਼ਲਤ ਫ਼ਹਿਮੀਆਂ ਦੂਰ ਕੀਤੀਆਂ ਤੇ ਕਿਹਾ ਕਿ ਇਨ੍ਹਾਂ ਬਿਮਾਰੀਆਂ ਤੋਂ ਬੱਚਿਆਂ ਨੂੰ ਬਚਾਉਣ ਲਈ ਅਤੇ ਭੁਲੇਖੇ ਦੂਰ ਕਰਨ ਲਈ ਸਕੂਲ ਅਧਿਆਪਕਾਂ, ਬੱਚਿਆਂ ਦੇ ਮਾਪਿਆਂ, ਡਾਕਟਰਾਂ ਅਤੇ ਸਮਾਜਕ ਵਰਕਰਾਂ ਦੀਆਂ ਬੈਠਕਾਂ ਸ਼ੁਰੂ ਕਰ ਦਿਤੀਆਂ ਹਨ ਅਤੇ ਟੀਕਾਕਰਨ ਮੁਹਿੰਮ ਨੂੰ ਹਰ ਹਾਲ ਵਿਚ ਕਾਮਯਾਬ ਕਰਨ ਲਈ ਪੂਰਾ ਯਤਨ ਚਲਦਾ ਰਹੇਗਾ। ਬਠਿੰਡਾ ਤੇ ਇਕ-ਦੋ ਹੋਰ ਥਾਵਾਂ 'ਤੇ ਬੱਚਿਆਂ ਦੇ ਹਸਪਤਾਲ ਵਿਚ ਪਹੁੰਚਣ, ਇਕ ਦੀ ਮੌਤ ਹੋਣ ਅਤੇ ਉਲਟੇ ਦੋਸ਼ ਲੱਗਣ ਬਾਰੇ ਪੁਛੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਸਪੱਸ਼ਟ ਕੀਤਾ ਕਿ ਬਠਿੰਡਾ ਵਿਚ ਬੱਚੇ ਦੀ ਮੌਤ ਪਾਣੀ ਦੀ ਘਾਟ ਯਾਨੀ ਡੀ-ਹਾਈਡ੍ਰੇਸ਼ਨ ਕਾਰਨ ਹੋਈ ਹੈ ਨਾ ਕਿ ਟੀਕੇ ਦੇ ਮਾੜੇ ਅਸਰ ਜਾਂ ਰੀਐਕਸ਼ਨ ਕਾਰਨ। 

ਉਨ੍ਹਾਂ ਅਪੀਲ ਕੀਤੀ ਕਿ ਜੇ ਕਿਸੇ ਮਾਪੇ ਨੂੰ ਟੀਕੇ ਬਾਰੇ ਕੋਈ ਸ਼ੰਕਾ ਹੈ ਤਾਂ ਉਥੇ ਡਾਕਟਰਾਂ ਜਾਂ ਮਾਹਰਾਂ ਨਾਲ ਵਿਚਾਰ ਕੀਤਾ ਜਾ ਸਕਦਾ ਹੈ। ਸਿਹਤ ਮੰਤਰੀ ਨੇ ਸਪੱਸ਼ਟ ਕੀਤਾ ਕਿ ਸਰਕਾਰ ਇਹ 1200 ਰੁਪਏ ਕੀਮਤ ਵਾਲਾ ਟੀਮਾ ਮੁਫ਼ਤ ਲਾ ਰਹੀ ਹੈ। ਉਨ੍ਹਾਂ ਕਿਸੇ ਪ੍ਰਾਈਵੇਟ ਸੰਸਥਾ ਜਾਂ ਸ਼ਰਾਰਤੀ ਜਥੇਬੰਦੀ ਦੇ ਇਸ ਅਫ਼ਵਾਹਾਂ ਨੂੰ ਫੈਲਾਉਣ ਜਾਂ ਟੀਕਾਕਰਨ ਦੀ ਮੁਹਿੰਮ ਵਿਚ ਖੜੋਤ ਲਿਆਉਣ ਲਈ ਨਿਭਾਈ ਜਾ ਰਹੀ ਭੂਮਿਕਾ ਤੋਂ ਇਨਕਾਰ ਨਹੀਂ ਕੀਤਾ। ਬ੍ਰਹਮ ਮਹਿੰਦਰਾ ਨੇ ਦਸਿਆ ਕਿ ਸੋਸ਼ਲ ਮੀਡੀਆ 'ਤੇ ਚਲਾਈ ਗਈ ਨਾਕਾਰਾਤਮਕ ਭੂਮਿਕਾ ਦੀ ਜਾਂਚ ਵੀ ਕਰਵਾਈ ਜਾ ਸਕਦੀ ਹੈ। ਵਿਸ਼ਵ ਸਿਹਤ ਜਥੇਬੰਦੀ ਡਬਲਿਊਐਚਓ ਦੇ ਡਾ. ਸ੍ਰੀ ਨਿਵਾਸਨ ਨੇ ਦਸਿਆ ਕਿ 2014 ਵਿਚ  ਪੋਲੀਉ ਮੁਕਤ ਭਾਰਤ ਦੀ ਮੁਹਿੰਮ ਚਲਾਈ ਗਈ ਸੀ, ਕਾਮਯਾਬੀ ਮਿਲੀ ਅਤੇ ਹੁਣ ਮੀਜ਼ਲ-ਰੁਬੇਲਾ ਮੁਕਤ ਭਾਰਤ ਦੀ ਮੁਹਿੰਮ 2020 ਤਕ ਕਾਮਯਾਬ ਕਰਾਂਗੇ। ਉਨ੍ਹਾਂ ਦਸਿਆ ਕਿ ਐਮਆਰ ਦੀ ਬਿਮਾਰੀ ਨਾਲ ਸਾਰੀ ਦੁਨੀਆਂ ਵਿਚ ਇਕ ਲੱਖ ਮੌਤਾਂ ਹੁੰਦੀਆਂ ਹਨ ਜਿਨ੍ਹਾਂ ਵਿਚੋਂ ਤੀਜਾ ਹਿੱਸਾ ਯਾਨੀ 34000 ਇਕੱਲੇ ਭਾਰਤ 'ਚ ਹੁੰਦੀਆਂ ਹਨ। ਪੀਜੀਆਈ ਦੇ ਡਾਕਟਰ ਸੰਜੇ ਵਰਮਾ ਨੇ ਕਿਹਾ ਕਿ 15 ਸੂਬਿਆਂ ਵਿਚ ਮੁਹਿੰਮ ਸਿਰੇ ਚੜ੍ਹ ਚੁਕੀ ਹੈ ਅਤੇ ਪੰਜਾਬ ਸਮੇਤ ਬਾਕੀ 13 ਰਾਜਾਂ ਵਿਚ ਟੀਕਾਕਰਨ ਜ਼ੋਰਾਂ-ਸ਼ੋਰਾਂ 'ਤੇ ਕੀਤਾ ਜਾ ਰਿਹਾ ਹੈ।