ਗ਼ੈਰਕਾਨੂੰਨੀ ਢੰਗ ਨਾਲ ਅਮਰੀਕਾ 'ਚ ਰਹਿ ਰਹੇ 56 ਪੰਜਾਬੀ ਤੇ 76 ਹਰਿਆਣਵੀ ਆਉਣਗੇ ਵਾਪਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਮਰੀਕੀ ਰਾਸ਼ਟਰਪਤੀ ਟਰੰਪ ਦੀਆਂ ਗ਼ਲਤ ਨੀਤੀਆਂ ਕਾਰਨ ਕੁੱਝ ਭਾਰਤੀਆਂ ਦਾ ਅਮਰੀਕਾ ਅੰਦਰ ਭਵਿੱਖ ਖ਼ਤਰੇ 'ਚ ਪੈ ਗਿਆ ਹੈ। 160 ਗ਼ੈਰ-ਕਾਨੂੰਨੀ ਪ੍ਰਵਾਸੀ ਭਾਰਤੀ ਛੇਤੀ ਹੀ

File Photo

ਚੰਡੀਗੜ੍ਹ, 10 ਮਈ (ਸਪੋਕਸਮੈਨ ਸਮਾਚਾਰ ਸੇਵਾ): ਅਮਰੀਕੀ ਰਾਸ਼ਟਰਪਤੀ ਟਰੰਪ ਦੀਆਂ ਗ਼ਲਤ ਨੀਤੀਆਂ ਕਾਰਨ ਕੁੱਝ ਭਾਰਤੀਆਂ ਦਾ ਅਮਰੀਕਾ ਅੰਦਰ ਭਵਿੱਖ ਖ਼ਤਰੇ 'ਚ ਪੈ ਗਿਆ ਹੈ। 160 ਗ਼ੈਰ-ਕਾਨੂੰਨੀ ਪ੍ਰਵਾਸੀ ਭਾਰਤੀ ਛੇਤੀ ਹੀ ਅਮਰੀਕਾ ਤੋਂ ਡੀਪੋਰਟ ਕੀਤੇ ਜਾਣਗੇ। ਇਨ੍ਹਾਂ ਵਿਚੋਂ 76 ਹਰਿਆਣੇ ਦੇ ਅਤੇ 56 ਪੰਜਾਬ ਤੋਂ ਹਨ। ਇਨ੍ਹਾਂ ਨੂੰ ਅਗਲੇ ਕੁੱਝ ਦਿਨਾਂ 'ਚ ਅਮਰੀਕਾ ਤੋਂ ਭਾਰਤ ਵਾਪਸ ਭੇਜ ਦਿਤਾ ਜਾਵੇਗਾ।

ਦਰਅਸਲ, ਇਸ ਵੇਲੇ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਚਲਦਿਆਂ ਹੋਰਨਾਂ ਦੇਸ਼ਾਂ 'ਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਦੀ ਪ੍ਰਕਿਰਿਆ 'ਵੰਦੇ ਭਾਰਤ' ਮੁਹਿੰਮ ਦੇ ਨਾਂ ਨਾਲ ਚੱਲ ਰਹੀ ਹੈ। ਉਸੇ ਦੌਰਾਨ ਅਮਰੀਕੀ ਅਧਿਕਾਰੀਆਂ ਨੇ ਭਾਰਤ ਦੇ ਵਿਦੇਸ਼ ਮੰਤਰਾਲੇ ਨਾਲ ਇਨ੍ਹਾਂ 161 ਗ਼ੈਰ-ਕਾਨੂੰਨੀ ਭਾਰਤੀਆਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ।

ਇਸ ਬਾਰੇ ਪੰਜਾਬ ਤੇ ਹਰਿਆਣਾ ਦੇ ਉਚ ਅਧਿਕਾਰੀਆਂ ਨੂੰ ਵਿਦੇਸ਼ ਸਕੱਤਰ ਹਰਸ਼ ਵਰਧਨ ਸ਼੍ਰਿੰਗਲਾ ਨੇ ਦਸਿਆ। ਦੋਵੇਂ ਸੂਬਿਆਂ ਦੇ ਅਧਿਕਾਰੀਆਂ ਨੇ ਅਪਣੇ ਨਾਂ ਗੁਪਤ ਰੱਖੇ ਜਾਣ ਦੀ ਸ਼ਰਤ 'ਤੇ ਦਸਿਆ ਕਿ 161 ਗ਼ੈਰ-ਕਾਨੂੰਨੀ ਪ੍ਰਵਾਸੀ ਭਾਰਤੀ ਇਸ ਵੇਲੇ ਅਮਰੀਕੀ ਇਮੀਗ੍ਰੇਸ਼ਨ ਤੇ ਕਸਟਮ ਇਨਫ਼ੋਰਸਮੈਂਟ ਦੀ ਹਿਰਾਸਤ ਵਿਚ ਹਨ ਤੇ ਟੈਕਸਾਸ, ਏਰੀਜ਼ੋਨਾ, ਕੈਲੀਫ਼ੋਰਨੀਆ, ਨਿਊ ਯਾਰਕ ਤੇ ਵਾਸ਼ਿੰਗਟਨ ਦੇ ਹਿਰਾਸਤੀ ਕੇਂਦਰਾਂ ਵਿਚ ਹਨ।

ਇਨ੍ਹਾਂ 161 ਗ਼ੈਰ-ਕਾਨੂੰਨੀ ਪ੍ਰਵਾਸੀਆਂ ਦੀ ਭਾਰਤ ਆਮਦ ਕੋਰੋਨਾ-ਤਾਲਾਬੰਦੀ ਕਾਰਨ ਫਸੇ ਪ੍ਰਵਾਸੀ ਭਾਰਤੀਆਂ ਤੋਂ ਵਖਰੀ ਹੋਵੇਗੀ। ਭਾਰਤੀ ਅਧਿਕਾਰੀਆਂ ਨੇ ਇਨ੍ਹਾਂ ਸਭਨਾਂ ਦੇ ਲੋੜੀਂਦੇ ਰਸਮੀ ਦਸਤਾਵੇਜ਼ ਤਿਆਰ ਕਰਨ ਦਾ ਕੰਮ ਸ਼ੁਰੂ ਕਰ ਦਿਤਾ ਹੈ। ਇਸ ਲਈ ਖ਼ਾਸ ਇੰਤਜ਼ਾਮ ਕੀਤੇ ਜਾ ਰਹੇ ਹਨ। ਭਾਰਤ ਪਰਤਣ 'ਤੇ ਇਨ੍ਹਾਂ ਸਾਰੇ ਵਿਅਕਤੀਆਂ ਨੂੰ 14 ਦਿਨਾਂ ਲਈ ਕੁਆਰੰਟੀਨ ਕੀਤਾ ਜਾਵੇਗਾ। ਚੇਤੇ ਰਹੇ ਕਿ ਬੀਤੀ 10 ਅਪ੍ਰੈਲ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਹੁਕਮ ਜਾਰੀ ਕੀਤਾ ਸੀ, ਜਿਸ ਤੋਂ ਬਾਅਦ ਇਨ੍ਹਾਂ ਗ਼ੈਰ-ਕਾਨੂੰਨੀ ਪ੍ਰਵਾਸੀ ਭਾਰਤੀਆਂ ਨੂੰ ਡੀਪੋਰਟ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿਤੀ ਗਈ ਸੀ।