ਮੰਤਰੀ ਹੁਣ ਕੁੱਝ ਕਰ ਕੇ ਦਿਖਾਉਣ: ਹਰਪਾਲ ਚੀਮਾ
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਾਂਗਰਸੀ ਮੰਤਰੀਆਂ ਅਤੇ ਵਿਧਾਇਕਾਂ ਨੂੰ ਵੰਗਾਰਿਆਂ ਹੈ
ਚੰਡੀਗੜ੍ਹ, 10 ਮਈ (ਗੁਰਉਪਦੇਸ਼ ਭੁੱਲਰ): ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਾਂਗਰਸੀ ਮੰਤਰੀਆਂ ਅਤੇ ਵਿਧਾਇਕਾਂ ਨੂੰ ਵੰਗਾਰਿਆਂ ਹੈ ਕਿ ਜੇਕਰ ਉਨ੍ਹਾਂ ਅੰਦਰ ਪੰਜਾਬ ਪ੍ਰਤੀ ਥੋੜ੍ਹੀ ਬਹੁਤ ਵੀ ਜ਼ਮੀਰ ਜਿੰਦਾ ਹੈ ਤਾਂ ਉਹ ਫਿਰ ਖ਼ੁਦ ਅਜਿਹੀਆਂ ਕਾਗ਼ਜ਼ੀ ਵਜੀਰੀਆਂ, ਵਿਧਾਇਕੀਆਂ ਨੂੰ ਠੋਕਰ ਮਾਰ ਕੇ ਪੰਜਾਬ ਨਾਲ ਖੜਨ ਦੀ ਜੁਰਅਤ ਦਿਖਾਉਣ। ਹਰਪਾਲ ਸਿੰਘ ਚੀਮਾ ਨੇ ਲੰਘੇ ਸ਼ਨੀਵਾਰ ਨੂੰ ਇੱਕ ਅਹਿਮ ਬੈਠਕ ਦੌਰਾਨ ਪੰਜਾਬ ਦੇ ਮੰਤਰੀਆਂ ਅਤੇ ਸਮੂਹ ਅਧਿਕਾਰੀਆਂ ਦਰਮਿਆਨ ਹੋਏ ਖੜਕੇ-ਦੜਕੇ 'ਤੇ ਤਿੱਖੀ ਪ੍ਰਤੀਕਿਰਿਆ ਦਰਜ਼ ਕਰਾਈ।
ਹਰਪਾਲ ਸਿੰਘ ਚੀਮਾ ਨੇ ਪੰਜਾਬ ਦੇ ਮੰਤਰੀਆਂ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਅਫ਼ਸਰਸ਼ਾਹੀ ਨਾਲ ਖੜਕਾ-ਦੜਕਾ ਹੋਣ ਪਿੱਛੋਂ ਜੋ ਮੰਤਰੀ ਅਫ਼ਸਰਸ਼ਾਹੀ 'ਤੇ ਪੰਜਾਬ ਨੂੰ ਲੁੱਟਣ ਦੇ ਬੇਬਾਕ ਦੋਸ਼ ਲਗਾ ਰਹੇ ਹਨ, ਉਹ ਇਹ ਵੀ ਦੱਸਣ ਕਿ ਪੰਜਾਬ ਅਤੇ ਪੰਜਾਬੀਆਂ ਨੂੰ ਲੁੱਟਣ ਵਾਲੇ ਚੋਰਾਂ ਦਾ 'ਅਲੀਬਾਬਾ' ਕੌਣ ਹੈ, ਕਿਉਂਕਿ ਸਿਆਸੀ ਸਰਪ੍ਰਸਤੀ ਬਗੈਰ ਕੋਈ ਵੀ ਅਜਿਹੀ ਹਮਾਕਤ ਨਹੀਂ ਕਰ ਸਕਦਾ।
ਹਰਪਾਲ ਸਿੰਘ ਚੀਮਾ ਨੇ ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ, ਸੁਖਜਿੰਦਰ ਸਿੰਘ ਰੰਧਾਵਾ ਅਤੇ ਚਰਨਜੀਤ ਸਿੰਘ ਚੰਨੀ ਨੂੰ ਕਿਹਾ ਕਿ ਉਹ ਤਮਾਸ਼ਬੀਨਾਂ ਵਜੋਂ ਸਿਰਫ਼ ਵਾਕਆਊਟ ਜਾਂ ਬਿਆਨਬਾਜ਼ੀ ਕਰਕੇ ਹੀ ਆਪਣੀ ਪੰਜਾਬ ਅਤੇ ਪੰਜਾਬੀਆਂ ਪ੍ਰਤੀ ਜ਼ਿੰਮੇਵਾਰੀ ਤੋਂ ਮੁਕਤ ਨਹੀਂ ਹੋ ਸਕਦੇ। ਜਨਤਕ ਤੌਰ 'ਤੇ ਹੁਣ ਪੱਤੇ ਖੁੱਲ ਚੁੱਕੇ ਹਨ, ਇਸ ਲਈ ਜਾਂ ਤਾਂ ਉਹ ਪੰਜਾਬ ਨਾਲ ਖੜੇ ਹੋ ਕੇ ਪੰਜਾਬੀਆਂ ਦੇ ਹਿੱਤ ਬਚਾਉਣ ਲਈ ਅੱਗੇ ਆਉਣ ਜਾਂ ਫਿਰ 'ਚੋਰਾਂ' ਨਾਲ ਮਿਲ ਕੇ 'ਅਲੀਬਾਬਾ' ਦੀ ਕੁਰਸੀ ਬਚਾਈ ਰੱਖਣ।