ਝੀਲ 'ਚ ਪੁਰਕਸ਼ਿਸ਼ ਪੰਛੀ 'ਪੇਂਟਿਡ ਸਟਾਰਕ' ਦੀ ਵਧ ਰਹੀ ਆਮਦ ਦਰਸ਼ਕਾਂ ਦਾ ਮੋਹ ਰਹੀ ਮਨ

ਏਜੰਸੀ

ਖ਼ਬਰਾਂ, ਪੰਜਾਬ

ਅਨੋਖੀ ਅਦਾ-ਮਾਦਾ ਨੂੰ ਲੁਭਾਉਣ ਲਈ ਇਹ ਪੰਛੀ ਬਦਲ ਲੈਂਦਾ ਹੈ ਰੰਗ

ਦਰਿਆ ਕਿਨਾਰੇ ਬਰੇਤੀ 'ਤੇ ਅਠਖੇਲੀਆਂ ਕਰਦੇ ਪੇਂਟਿਡ ਸਟਾਰਕ ਤੇ ਹਾਸ਼ੀਏ 'ਚ ਨੇੜਿਉਂ ਲਈ ਗਈ ਤਸਵੀਰ।

ਫ਼ਿਰੋਜ਼ਪੁਰ, 11 ਮਈ (ਜਗਵੰਤ ਸਿੰਘ ਮੱਲ੍ਹੀ): ਦੇਸ਼ ਭਰ 'ਚ ਚੱਲ ਰਹੇ ਕਰਫ਼ਿਊ ਕਾਰਨ ਬੰਦ ਪਏ ਉਦਯੋਗਾਂ 'ਚੋਂ ਸਤਲੁਜ ਦਰਿਆ 'ਚ ਰਲ ਕੇ ਆ ਰਹੇ ਜ਼ਹਿਰੀਲੇ ਕੈਮੀਕਲ ਕੌਮਾਂਤਰੀ ਪੰਛੀ ਰੱਖ 'ਤੇ ਨਾ ਆਉਣ ਕਾਰਨ ਸ਼ੁੱਧ ਹੋਏ ਪਾਣੀ ਵਿਚ ਅਠਖੇਲੀਆਂ ਕਰਦੇ ਪੰਛੀਆਂ ਦੇ ਝੁੰਡ ਦਰਸ਼ਕਾਂ ਦਾ ਮਨ ਮੋਹ ਰਹੇ ਹਨ। ਇਨ੍ਹਾਂ ਵਿਚ ਪੁਰਕਸ਼ਿਸ਼ 'ਪੇਂਟਿਡ ਸਟਾਰਕ' ਪੰਛੀਆਂ ਦੇ ਝੁੰਡ ਸਭ ਦਾ ਧਿਆਨ ਖਿੱਚ ਰਹੇ ਹਨ। ਅਪਣੀ ਵਿਲੱਖਣ ਪਹਿਚਾਣ ਅਤੇ ਕੁਦਰਤੀ ਖੂਬਸੂਰਤੀ ਦੇ ਮਾਲਕ ਇਸ ਪੰਛੀ ਦੇ ਗੁਲਾਬੀ ਖੰਭ ਤੇ ਮਜ਼ਬੂਤ ਲੰਬੀ ਅਤੇ ਹਲਕੇ ਪੀਲੇ ਰੰਗ ਦੀ ਚੁੰਝ ਨੂੰ ਇਕ ਵਾਰ ਵੇਖਣ 'ਤੇ ਹੀ ਮਨ ਨਹੀ ਭਰਦਾ ਸਗੋਂ ਸੌ ਸੈਂਟੀਮੀਟਰ ਤਕ ਕੱਦ ਅਤੇ 2 ਤੋਂ 5 ਕਿਲੋ ਭਾਰ ਵਾਲੇ ਇਸ ਪੰਛੀ ਨੂੰ ਵਾਰ-ਵਾਰ ਦੇਖਣ ਲਈ ਦਿਲ ਕਰਦਾ ਹੈ।

ਦਰਿਆ ਕਿਨਾਰੇ ਬਰੇਤੀ 'ਤੇ ਅਠਖੇਲੀਆਂ ਕਰਦੇ ਪੇਂਟਿਡ ਸਟਾਰਕ ਤੇ ਹਾਸ਼ੀਏ 'ਚ ਨੇੜਿਉਂ ਲਈ ਗਈ ਤਸਵੀਰ।
ਦੱਸਣਯੋਗ ਹੈ ਕਿ 'ਪੇਂਟਿਡ ਸਟਾਰਕ' ਭਾਵੇਂ ਸਰਦ ਰੁੱਤ ਦੌਰਾਨ ਹਰੀਕੇ ਝੀਲ ਵਿਚ ਆਉਣ ਵਾਲੇ ਵਿਦੇਸ਼ੀ ਪੰਛੀਆਂ ਦੇ ਸਮੂਹ ਦਾ ਹਿੱਸਾ ਨਹੀਂ ਹੈ ਪਰ ਫਿਰ ਵੀ ਇਹ ਪੰਛੀ ਦੱਖਣੀ ਹਿਮਾਲਿਆ, ਭਾਰਤ ਦੀਆਂ ਨਮਧਰਤੀਆਂ, ਸ਼੍ਰੀ ਲੰਕਾ, ਦੱਖਣੀ ਚੀਨ ਆਦਿ ਦੇਸ਼ਾਂ ਦੀਆਂ ਹੜ੍ਹਾਂ ਨਾਲ ਪ੍ਰਭਾਵਤ ਵਾਹੀਯੋਗ ਜ਼ਮੀਨਾਂ ਦੇ ਕੰਢਿਆਂ ਦੇ ਨਾਲ-ਨਾਲ ਵਿਸ਼ਵ ਪ੍ਰਸਿੱਧ ਹਰੀਕੇ ਪੰਛੀ ਰੱਖ ਦੇ 91 ਵਰਗ ਕਿਲੋਮੀਟਰ ਦਾਇਰੇ ਅਤੇ ਹੈੱਡ ਵਰਕਸ ਦੇ ਡਾਊਨਸਟਰੀਮ ਵਾਲੇ ਪਾਸੇ ਵੱਡੇ ਝੁੰਡਾਂ ਦੇ ਰੂਪ 'ਚ ਨਜ਼ਰ ਆ ਰਹੇ ਹਨ। ਸੁੰਦਰਤਾ ਪੱਖੋਂ ਅਨੋਖੇ ਇਹ ਪੰਛੀ ਅਕਸਰ ਹੀ ਅਪਣਾ ਰੈਣ ਬਸੇਰਾ ਖਰਾਬ ਮੌਸਮ, ਮਨਪਸੰਦ ਖਾਣੇ ਦੀ ਕਮੀ ਅਤੇ ਪ੍ਰਜਣਨ ਸਮੇਂ ਦੌਰਾਨ ਬਦਲ ਲੈਂਦੇ ਹਨ। ਜਿਆਦਾਤਰ ਬਰਸਾਤੀ ਇਲਾਕਿਆਂ 'ਚ ਝੁੰਡ ਬਣਾ ਕੇ  ਰਹਿਣ ਵਾਲੇ ਇਹ ਪੰਛੀ ਅਪਣੀ ਮੱਧਮ ਅਤੇ ਸੁਰੀਲੀ ਅਵਾਜ਼ ਨਾਲ ਜਦੋਂ ਹਵਾ ਵਿਚ ਮਿੱਠਾ-ਮਿੱਠਾ ਸੰਗੀਤ ਘੋਲਦੇ ਹਨ ਤਾਂ ਸੁਣਨ ਵਾਲੇ ਮੰਤਰ ਮੁਗਧ ਹੋ ਜਾਂਦੇ ਹਨ। ਪਹਿਲੀ ਨਜ਼ਰੇ ਨਰ ਅਤੇ ਮਾਦਾ ਦੀ ਪਹਿਚਾਣ ਦੀ ਗੱਲ ਕਰੀਏ ਤਾਂ ਮਾਦਾ ਦੀ ਬਣਤਰ ਨਰ ਦੇ ਮੁਕਾਬਲੇ ਕੁਝ ਛੋਟੀ ਦਿਖਾਈ ਦਿੰਦੀ ਹੈ ਜਦਕਿ ਨਰ ਮਾਦਾ ਨੂੰ ਅਪਣੇ ਵਲ ਖਿੱਚਣ ਲਈ ਅਪਣਾ ਰੰਗ ਜ਼ਰੂਰ ਬਦਲਦਾ ਹੈ। ਘੱਟ ਡੂੰਘਾਈ ਵਾਲੇ ਪਾਣੀ ਅਤੇ ਦਰਿਆਵਾਂ ਦੇ ਕੰਢੇ ਬਰੇਤਿਆਂ 'ਤੇ ਚਹਿਲ ਪਹਿਲ ਕਰਨ ਵਾਲੇ ਪੇਂਟਿਡ ਸਟਾਰਕ ਛੋਟੀਆਂ ਮੱਛੀਆਂ ਅਤੇ ਪਾਣੀ ਵਾਲੇ ਜੀਵ ਜੰਤੂਆਂ ਨੂੰ ਹੀ ਅਪਣਾ ਸ਼ਿਕਾਰ ਬਣਾਉਦੇ ਹਨ। ਪ੍ਰਦੂਸ਼ਿਤ ਹਵਾ ਪਾਣੀ ਕਾਰਨ ਘਟ ਰਹੀ ਇਨ੍ਹਾਂ ਦੀ ਗਿਣਤੀ ਵਿਚ ਹੁਣ ਭਾਵੇਂ ਹੀ ਵੱਡਾ ਇਜ਼ਾਫ਼ਾ ਤਾਂ ਦਰਜ ਕੀਤਾ ਜਾ ਰਿਹਾ ਹੈ ਪਰ ਕਰਫ਼ਿਊ ਖ਼ਤਮ ਹੋਣ ਤੋਂ ਬਾਅਦ ਜੇ ਪਾਣੀ ਮੁੜ ਗੰਧਲਾ ਹੁੰਦਾ ਹੈ ਤਾਂ ਇਹ ਪੰਛੀ ਕੁਦਰਤੀ ਸਰੋਤਾਂ ਦੀ ਘਾਟ  ਕਾਰਨ ਕਿਧਰ ਉਡਾਰੀ ਮਾਰ ਜਾਣ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।


ਇਸ ਸਬੰਧੀ ਫ਼ਿਰੋਜ਼ਪੁਰ ਡਿਵੀਜ਼ਨ ਨਾਲ ਸਬੰਧਤ ਜੰਗਲੀ ਜੀਵ ਅਤੇ ਵਣ ਸੁਰੱਖਿਆ ਵਿਭਾਗ ਹਰੀਕੇ ਦੇ ਰੇਂਜ ਅਫ਼ਸਰ ਕਮਲਜੀਤ ਸਿੰਘ ਸਿੱਧੂ ਨਾਲ ਗੱਲ ਕੀਤੀ ਤਾਂ ਉਨ੍ਹਾਂ ਆਖਿਆ ਕਿ ਝੀਲ ਵਿਚ ਪਾਏ ਆਉਣ ਜਾਣ ਵਾਲੇ ਭਾਰਤੀ ਪੰਛੀਆਂ ਦੀ ਦੇਖਭਾਲ ਲਈ ਵਖਰੇ ਤੌਰ 'ਤੇ ਯਤਨ ਕਰਨੇ ਜ਼ਰੂਰੀ ਨਹੀਂ ਪਰ ਫਿਰ ਵੀ ਵਿਭਾਗ ਵਲੋਂ ਇਨ੍ਹਾਂ ਦੀ ਨਿਗਰਾਨੀ ਕਰਨ ਕਰ ਕੇ ਜੀਭ ਦੇ ਚਸਕੇ ਕਾਰਨ ਹੁੰਦੇ ਨਾਜਾਇਜ਼ ਸ਼ਿਕਾਰ ਨੂੰ ਪੂਰੀ ਨੱਥ ਪਾਈ ਹੋਈ ਹੈ।