ਧੂਰੀ ਤੋਂ ਆਪ ਆਗੂ ਸੰਦੀਪ ਸਿੰਗਲਾ ਦੀ ਸੜਕ ਹਾਦਸੇ ’ਚ ਮੌਤ, ਪਾਰਟੀ ’ਚ ਸੋਗ ਦੀ ਲਹਿਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਾਰਟੀ ਆਗੂਆਂ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ

AAP leader Sandeep Singla

ਖਮਾਣੋਂ: ਬੀਤੀ ਰਾਤ ਮੁੱਖ ਮਾਰਗ 'ਤੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਧੂਰੀ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੰਦੀਪ ਸਿੰਗਲਾ ਅਤੇ ਓੁਸ ਦੇ ਦੋ ਸਾਥੀਆਂ ਦੀ ਮੌਤ ਹੋ ਗਈ। ਇਸ ਦੁਖਦਾਈ ਖ਼ਬਰ ਤੋਂ ਬਾਅਦ ਪਾਰਟੀ ਵਿਚ ਸੋਗ ਦੀ ਲਹਿਰ ਹੈ।

ਸੰਦੀਪ ਸਿੰਗਲਾ ਦੀ ਮੌਤ ’ਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਦੁੱਖ ਪ੍ਰਗਟਾਇਆ ਹੈ। ਉਹਨਾਂ ਨੇ ਸੋਸ਼ਲ ਮੀਡੀਆ ’ਤੇ ਲ਼ਿਖਿਆ, ‘ਮੇਰੇ ਪਿਆਰੇ ਦੋਸਤ ਅਤੇ ਸਾਡੀ ਟੀਮ ਦੇ ਨੌਜਵਾਨ ਮੈਂਬਰ ਸੰਦੀਪ ਸਿੰਗਲਾ ਇਕ ਦਰਦਨਾਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ...ਰੂਹ ਦੀ ਸ਼ਾਂਤੀ ਦੀ ਅਰਦਾਸ ..ਬੇਵਕਤੀ ਅਲਵਿਦਾ ਦੋਸਤ...’।

ਇਸ ਤੋਂ ਇਲਾਵਾ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ, ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਅਤੇ ਹੋਰਨਾਂ ਨੇ ਵੀ ਸੰਦੀਪ ਸਿੰਗਲਾ ਦੀ ਮੌਤ ਨੂੰ ਪਾਰਟੀ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਹੈ।

ਦੱਸ ਦਈਏ ਕਿ ਇਹ ਹਾਦਸਾ ਖਮਾਣੋਂ ਦੇ ਪਿੰਡ ਰਾਣਵਾਂ ਨੇੜੇ ਵਾਪਰਿਆ। ਇਸ ਦੌਰਾਨ ਇਕ ਟਰੱਕ ਅਤੇ ਕਾਰ ਵਿਚਾਲੇ ਭਿਆਨਕ ਟੱਕਰ ਹੋਈ, ਜਿਸ ਵਿਚ ਸੰਦੀਪ ਸਿੰਗਲਾ ਸਮੇਤ ਵਿਜੇ ਅਗਨੀਹੋਤਰੀ ਅਤੇ ਮਨਦੀਪ ਸਿੰਘ ਵਾਸੀ ਧੂਰੀ ਦੀ ਮੌਤ ਹੋ ਗਈ।