ਰਾਣਾ ਮਾਈਨਰ ਦੇ ਨਿਰਮਾਣ ਕਾਰਜ ਦੇ ਵਿਰੋਧ ’ਚ ਕੀਤਾ ਨੈਸ਼ਨਲ ਹਾਈਵੇ ਜਾਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੰਤਰੀ ਨਾਲ ਹੋਈ ਮੀਟਿੰਗ ਤੋਂ ਬਾਅਦ ਵੀ ਰਾਣਾ ਮਾਈਨਰ ਦਾ ਕੰਮ ਜਾਰੀ ਰਹਿਣ ਕਰਕੇ ਸਰਕਾਰ ਤੇ ਨਹਿਰੀ ਵਿਭਾਗ ਵਿਰੁੱਧ ਕੀਤੀ ਗਈ ਨਾਅਰੇਬਾਜੀ

File Photo

ਜਲੰਧਰ (ਹਰਪ੍ਰੀਤ ਮਹਿੰਮੀ) - ਰਾਣਾ ਮਾਈਨਰ ਦੇ ਚੱਲ ਰਹੇ ਨਿਰਮਾਣ ਦੇ ਵਿਰੋਧ ’ਚ ਅੱਜ ਨਹਿਰੀ ਪਾਣੀ ਬਚਾਓ ਸੰਘਰਸ਼ ਕਮੇਟੀ ਵਲੋਂ ਨੈਸ਼ਨਲ ਹਾਈਵੇ ਬੀ.ਐਸ.ਐਫ. ਕੈਂਪਸ ਦੇ ਸਾਹਮਣੇ ਚੱਕਾ ਜਾਮ ਕੀਤਾ ਗਿਆ ਅਤੇ ਸਰਕਾਰ ਤੇ ਨਹਿਰੀ ਵਿਭਾਗ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਇਸ ਰੋਸ ਧਰਨੇ ਦੀ ਅਗਵਾਈ ਸੰਘਰਸ਼ ਕਮੇਟੀ ਦੇ ਆਗੂ ਗੁਰਵਿੰਦਰ ਸਿੰਘ ਮੰਨੇਵਾਲਾ ਨੇ ਕੀਤੀ।

ਰੋਸ ਧਰਨੇ ਦੌਰਾਨ ਕਿਸਾਨ ਆਗੂ ਗੁਰਵਿੰਦਰ ਸਿੰਘ ਮੰਨੇਵਾਲਾ ਨੇ ਦੱਸਿਆ ਕਿ ਰਾਣਾ ਮਾਈਨਰ ਦੇ ਨਿਰਮਾਣ ਨੂੰ ਲੈ ਕੇ ਉਹ ਲਗਾਤਾਰ ਸੰਘਰਸ਼ ਕਰ ਰਹੇ ਹਨ ਅਤੇ ਇਸ ਨੂੰ ਬੰਦ ਕਰਵਾਉਣ ਲਈ ਵਿਧਾਇਕ ਰਮਿੰਦਰ ਆਵਲਾ ਵੱਲੋਂ ਉਨ੍ਹਾਂ ਦੀ ਮੰਤਰੀ ਸੁੱਖ ਸਰਕਾਰੀਆ ਨਾਲ ਮੀਟਿੰਗ ਕਰਵਾਈ ਗਈ,ਜਿਸ 'ਚ ਰਾਣਾ ਮਾਈਨਰ ਦੇ ਨਿਰਮਾਣ ਕਾਰਜ ਨੂੰ ਬੰਦ ਕੀਤੇ ਜਾਣ ਦਾ ਭਰੋਸਾ ਦਿੱਤਾ ਗਿਆ, ਪਰ ਨਹਿਰੀ ਵਿਭਾਗ ਨੇ ਉਨਾਂ ਦੀਆਂ ਗੱਲਾਂ ਨੂੰ ਅਣਗੋਲਿਆਂ ਕਰਕੇ ਰਾਣਾ ਮਾਈਨਰ ਦਾ ਕੰਮ ਜਾਰੀ ਰੱਖਿਆ। ਇਸ ਦੇ ਰੋਸ ਵਜੋਂ ਅੱਜ ਉਨਾਂ ਵਲੋਂ ਨੈਸ਼ਨਲ ਹਾਈਵੇ ਜਾਮ ਕਰਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ ਹੈ।

ਧਰਨਾਕਾਰੀਆਂ ਨੂੰ ਸ਼ਾਂਤ ਕਰਵਾਉਣ ਲਈ ਐੱਸ ਡੀ ਓ ਨਹਿਰੀ ਵਿਭਾਗ ਮੌਕੇ 'ਤੇ ਪਹੁੰਚੇ ਪਰ ਕਿਸਾਨਾਂ ਵੱਲੋਂ ਐਕਸ ਦੇ ਵਿਸ਼ਵਾਸ ਤੋਂ ਬਿਨ੍ਹਾਂ ਧਰਨਾ ਨਾ ਉਠਾਉਣ ਦੀ ਗੱਲ ਕੀਤੀ। ਜਿਸ ਤੇ ਰਵਿੰਦਰ ਆਵਲਾ ਵਿਧਾਇਕ ਖ਼ੁਦ ਮੌਕੇ 'ਤੇ ਪਹੁੰਚ ਕੇ ਧਰਨਾਕਾਰੀਆਂ ਨੂੰ ਸ਼ਾਂਤ ਕਰਵਾਉਣ ਪਹੁੰਚੇ ਅਤੇ ਮੌਕੇ ਤੇ ਹੀ ਐਕਸੀਅਨ ਜਗਤਾਰ ਸਿੰਘ ਨੂੰ ਬੁਲਾ ਕੇ ਆਦੇਸ਼ ਜਾਰੀ ਕੀਤੇ ਗਏ ਕਿ ਨਹਿਰੀ ਕੰਮਾਂ ਨੂੰ ਤੁਰੰਤ ਰੋਕਿਆ ਜਾਵੇ ਅਤੇ ਠੇਕੇਦਾਰ ਦਾ ਪਿਆ ਸਾਮਾਨ ਚੁਕਵਾਇਆ ਜਾਵੇ।

ਐਮਐਲਏ ਵਲੋਂ ਐਕਸ਼ਨ ਨੂੰ ਮੌਕੇ 'ਤੇ ਕਿਸਾਨਾਂ ਦੇ ਸਾਹਮਣੇ ਦਿੱਤੇ ਗਏ ਆਦੇਸ਼ ਤੋਂ ਬਾਅਦ ਕਿਸਾਨਾਂ ਵੱਲੋਂ ਇੱਕ ਵਾਰ ਧਰਨਾ ਮੁਲਤਵੀ ਕਰ ਦਿੱਤਾ ਗਿਆ ਹੈ ਜਿਸ ਨਾਲ ਟ੍ਰੈਫਿਕ ਫਿਰ ਤੋਂ ਸੁਚਾਰੂ ਰੂਪ ਨਾਲ ਚੱਲ ਪਿਆ ਹੈ। ਹੁਣ ਦੇਖਣਾ ਹੋਵੇਗਾ ਕਿ ਪਹਿਲਾਂ ਤੋਂ ਐਮ ਐਲ ਏ ਵੱਲੋਂ ਮੰਤਰੀ ਨਾਲ ਕਰਵਾਈ ਗਈ ਮੀਟਿੰਗ ਦੇ ਬਾਵਜੂਦ ਨਹਿਰ ਨਿਰਮਾਣ ਦਾ ਕੰਮ ਜਾਰੀ ਰਿਹਾ ਕੀ ਅੱਜ ਨਹਿਰੀ ਵਿਭਾਗ ਦੇ ਐਕਸੀਅਨ ਨੂੰ ਕਿਸਾਨਾਂ ਸਾਹਮਣੇ ਦਿੱਤੇ ਗਏ ਆਦੇਸ਼ਾਂ ਤੇ ਕੰਮ ਰੁਕੇਗਾ ਜਾਂ ਨਹੀਂ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।