ਕਿਸਾਨੀ ਸ਼ੰਘਰਸ਼: ਹੱਥ 'ਚ ਬੈਨਰ ਫੜ ਕੇ 42 ਸ਼ਹਿਰਾਂ ਦੀ ਪੈਦਲ ਯਾਤਰਾ ਕਰ ਚੁੱਕਿਐ ਸੰਜੇ ਸਿੰਘ ਕਰਹਾਲੀ
ਦੁਸ਼ਮਣ ਨਾਲ ਲੜਨਾ ਸੌਖਾ ਹੈ ਪਰ ਭੇਡਾਂ ਨੂੰ ਸਮਝਾਉਣਾ ਔਖਾ ਹੈ
ਸੰਗਰੂਰ (ਬਲਵਿੰਦਰ ਸਿੰਘ ਭੁੱਲਰ) : ਨੌਜਵਾਨ ਸੰਜੇ ਸਿੰਘ, ਪਿੰਡ ਕਰਹਾਲੀ ਸਾਹਿਬ ਜ਼ਿਲ੍ਹਾ ਪਟਿਆਲਾ ਦਾ ਵਸਨੀਕ ਹੈ ਤੇ ਸਮੁੱਚੇ ਦੇਸ਼ ਦੇ ਕਿਸਾਨਾਂ ਵਲੋਂ ਸੰਯੁਕਤ ਕਿਸਾਨ ਮੋਰਚੇ ਦੇ ਨਾਂਅ ’ਤੇ ਦਿੱਲੀ ਦੀਆਂ ਸਰਹੱਦਾਂ ’ਤੇ ਪਿਛਲੇ ਨਵੰਬਰ ਮਹੀਨੇ ਤੋਂ ਚੱਲ ਰਹੇ ਕਿਸਾਨੀ ਸ਼ੰਘਰਸ਼ ਨਾਲ ਅਥਾਹ ਮੁਹੱਬਤ ਅਤੇ ਗਹਿਰੀ ਜ਼ਜਬਾਤੀ ਸਾਂਝ ਰਖਦਾ ਹੈ। ਹੱਥ ਵਿਚ ਵੱਡਾ ਬੈਨਰ ਚੁੱਕ ਕੇ ਉਹ ਹੁਣ ਤਕ ਪੰਜਾਬ ਅਤੇ ਹਰਿਆਣਾ ਦੇ ਵੱਡੇ-ਛੋਟੇ 42 ਸ਼ਹਿਰਾਂ ਦਾ ਪੈਦਲ ਚੱਕਰ ਲਗਾ ਚੁੱਕਿਆ ਹੈ ਅਤੇ ਹੱਥ ਵਿਚ ਫੜੇ ਛੋਟੇ ਲਾਊਡ ਸਪੀਕਰ ਰਾਹੀਂ ਲੋਕਾਂ ਨੂੰ ਕਿਸਾਨੀ ਸੰਘਰਸ਼ ਵਿਚ ਹਿੱਸਾ ਪਾਉਣ ਲਈ ਲਗਾਤਾਰ ਪਰੇਰ ਰਿਹਾ ਹੈ। ਉਸ ਦੇ ਬੈਨਰ ’ਤੇ ਲਿਖਿਆ ਗਿਆ ਹੈ ਕਿ ਦੁਸ਼ਮਣ ਨਾਲ ਲੜਨਾ ਸੌਖਾ ਹੈ ਪਰ ਭੇਡਾਂ ਨੂੰ ਸਮਝਾਉਣਾ ਔਖਾ ਹੈ।
ਉਸ ਨੇ ਇਸੇ ਬੈਨਰ ਦੇ ਇਕ ਕਿਨਾਰੇ ’ਤੇ ਕਿਸਾਨੀ ਲਈ ਇਹ ਵੀ ਲਿਖਿਆ ਹੈ ਕਿ ਅਗਰ ਗਹਿਰੀ ਨੀਂਦ ਤੋਂ ਨਾ ਜਾਗੇ ਅਤੇ ਬਿੱਲ ਰੱਦ ਨਾ ਹੋਏ ਤਾਂ ਤੁਹਾਨੂੰ ਅਪਣੇ ਹੀ ਖੇਤਾਂ ਵਿਚ ਮਜਦੂਰ ਬਣਨਾ ਪਵੇਗਾ। ਬੈਨਰ ’ਤੇ ਇਹ ਸੁਨੇਹਾ ਵੀ ਪ੍ਰਮੁੱਖਤਾ ਨਾਲ ਛਾਪਿਆ ਗਿਆ ਹੈ ਕਿ ਦਿੱਲੀ ਸਰਕਾਰ ਵਿਰੁਧ ਇਹ ਲੜਾਈ ਇਕੱਲੇ ਕਿਸਾਨਾਂ ਦੀ ਨਹੀਂ ਬਲਕਿ ਸਮੁੱਚੀ ਪਬਲਿਕ ਦੀ ਹੈ ਇਸ ਲਈ ਅਪਣੇ ਫ਼ਰਜ਼ ਪਛਾਣੋ ਕਿਉਂਕਿ ਅਗਰ ਕਿਸਾਨ ਦਾ ਵਜੂਦ ਨਾ ਰਿਹਾ ਤਾਂ ਕਾਰਪੋਰੇਟ ਘਰਾਣੇ ਤੁਹਾਨੂੰ ਖਾਣ ਲਈ ਕਣਕ ਚਾਵਲ ਕਦੇ ਨਹੀਂ ਦੇਣਗੇ।
ਜਦੋਂ ਸਪੋਕਸਮੈਨ ਵਲੋਂ ਸੰਜੇ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦੌਰਾਨ ਮੈਨੂੰ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਭਾਈਚਾਰੇ ਤੇ ਆਮ ਲੋਕਾਂ ਵਲੋਂ ਬਹੁਤ ਆਦਰ ਸਤਿਕਾਰ ਮਿਲਿਆਂ ਹੈ। ਉਨ੍ਹਾਂ ਪਟਿਆਲਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਸਮਾਣਾ ਦੇ ਪਿੰਡ ਫ਼ਤਹਿਮਾਜਰੀ ਦੇ ਵਸਨੀਕ ਸ. ਨਾਹਰ ਸਿੰਘ ਸਾਬਕਾ ਡੀ.ਐਸ.ਪੀ. ਦਾ ਵਿਸ਼ੇਸ਼ ਧਨਵਾਦ ਵੀ ਕੀਤਾ ਜਿਨ੍ਹਾਂ 42 ਸ਼ਹਿਰਾਂ ਦੇ ਇਸ ਟੂਰ ਲਈ ਉਸ ਨੂੰ ਬਹੁਤ ਜ਼ਿਆਦਾ ਉਤਸ਼ਾਹਤ ਕੀਤਾ ਅਤੇ ਭਰਵਾਂ ਸਹਿਯੋਗ ਵੀ ਦਿਤਾ।