‘ਕੋਰੋਨਾ-ਮਾਈ’ ਨੂੰ ਜਲ ਚੜ੍ਹਾ ਰਹੀਆਂ ਔਰਤਾਂ ਦਾ ਮੰਨਣਾ ਕਿ ਇਸ ਨਾਲ ਕੋਰੋਨਾ ਤੋਂ ਮਿਲੇਗੀ ਮੁਕਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੇਵੀ ਦੀ ਪੂਜਾ ਨਾਲ ਇਸ ਬੀਮਾਰੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਪਿੰਡਾਂ ਤੋਂ ਸ਼ੁਰੂ ਹੋਇਆ ਇਹ ਸਿਲਸਿਲਾ ਸ਼ਹਿਰਾਂ ਤਕ ਪਹੁੰਚ ਗਿਆ ਹੈ। 

File Photo

ਲੁਧਿਆਣਾ (ਪ੍ਰਮੋਦ ਕੌਸ਼ਲ) : ਖ਼ਬਰ ਗੋਰਖਪੁਰ ਤੋਂ ਹੈ ਜਿਥੇ ਕੋਰੋਨਾ ਵੀ ਅੰਧਵਿਸ਼ਵਾਸ ਨਾਲ ਜੁੜ ਗਿਆ ਹੈ ਅਤੇ ਉਥੇ ਦੀਆਂ ਔਰਤਾਂ ਕੋਰੋਨਾ ਨੂੰ ਰੱਬੀ ਕਰੋਪੀ ਮੰਨ ਕੇ ਸਵੇਰ-ਸ਼ਾਮ ‘ਕੋਰੋਨਾ ਮਾਈ’ ਨੂੰ ਜਲ ਚੜ੍ਹਾ ਕੇ ਪੂਜਾ ਕਰ ਰਹੀਆਂ ਹਨ। ਤਰਕ ਇਹ ਦਿਤਾ ਜਾ ਰਿਹਾ ਹੈ ਕਿ ਦੇਵੀ ਦੀ ਪੂਜਾ ਨਾਲ ਇਸ ਬੀਮਾਰੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਪਿੰਡਾਂ ਤੋਂ ਸ਼ੁਰੂ ਹੋਇਆ ਇਹ ਸਿਲਸਿਲਾ ਸ਼ਹਿਰਾਂ ਤਕ ਪਹੁੰਚ ਗਿਆ ਹੈ। 

ਮੀਡੀਆ ਰਿਪੋਰਟਾਂ ਮੁਤਾਬਕ ਇਹ ਨਜ਼ਾਰਾ ਸ਼ਹਿਰ ਦੇ ਸਾਰੇ ਮੁਹੱਲਿਆਂ ਅਤੇ ਪਿੰਡਾਂ ਦੇ ਕਾਲੀ ਮੰਦਰ, ਡੀਹ ਬਾਬਾ ਸਥਾਨ, ਡਿਵਹਾਰੀ ਮਾਈ, ਸਤੀ 
ਮਾਤਾ ਮੰਦਰਾਂ ਵਿਚ ਦੇਖਣ ਨੂੰ ਮਿਲ ਰਿਹਾ ਹੈ ਅਤੇ ਔਰਤਾਂ ਸਵੇਰੇ 5 ਵਜੇ ਤੋਂ ਜਲ ਅਤੇ ਨਿੰਮ ਵਿਚ ਪੱਤੇ ਪਾ ਕੇ ਦੇਵੀ ਨੂੰ ਚੜ੍ਹਾਅ ਰਹੀਆਂ ਹਨ ਅਤੇ ਐਤਵਾਰ ਨੂੰ ਇਸ ਦਾ ਪੰਜਵਾਂ ਦਿਨ ਸੀ।

ਸੱਤਵੇਂ ਦਿਨ ਪੱਕੀ ਧਾਰ (ਹਲਦੀ, ਨਾਰੀਅਲ ਅਤੇ ਗੁੜ) ਚੜ੍ਹੇਗੀ ਜਿਸ ਤੋਂ ਬਾਅਦ ਕੜ੍ਹਾਈ (ਕੜਾਹ-ਪੂੜੀ) ਚੜ੍ਹਾਈ ਜਾਵੇਗੀ। ਲੋਕਾਂ ਦਾ ਮੰਨਣਾ ਹੈ ਕਿ 7 ਦਿਨ ਬਾਅਦ ਧਾਰ ਚੜ੍ਹਾਉਣ ਨਾਲ ਦੇਵੀ ਖ਼ੁਸ਼ ਹੋ ਜਾਵੇਗੀ ਅਤੇ ਸੱਤਵੇਂ ਦਿਨ ਉਹ ਸਾਰਿਆਂ ਦੀ ਪ੍ਰਾਥਨਾ ਨੂੰ ਸਵੀਕਾਰ ਕਰਦਿਆਂ ਇਸ ਮਹਾਂਮਾਰੀ ਨੂੰ ਅਪਣੇ ਵਿਚ ਲੈ ਕੇ ਦੁਨੀਆਂ ਨੂੰ ਇਸ ਤੋਂ ਮੁਕਤ ਕਰ ਦੇਵੇਗੀ। 

ਦਸਿਆ ਜਾ ਰਿਹਾ ਹੈ ਕਿ ਗੋਰਖ਼ਪੁਰ ਇਲਾਕੇ ਦੇ ਸ਼ਾਸਤਰੀ ਪੁਰਮ ਵਿਚ ਪ੍ਰਸਿੱਧ ਕਾਲੀ ਮੰਦਰ ਵਿਚ ਪੂਜਾ ਕਰਨ ਵਾਲੀ ਇਕ ਔਰਤ ਮੁਤਾਬਕ ਲਕਸ਼ੀਪੁਰ ਸਥਿਤ ਕਾਲੀ ਮੰਦਰ ਦੇ ਪੁਜਾਰੀ ਤੇ ਦੇਵੀ ਆਉਂਦੀ ਹੈ ਅਤੇ ਉਸ ਨੂੰ ਭਵਿੱਖ ਵਿਚ ਹੋਣ ਵਾਲੀਆਂ ਘਟਨਾਵਾਂ ਅਤੇ ਉਨ੍ਹਾਂ ਨੂੰ ਕਿਵੇਂ ਟਾਲਿਆਂ ਜਾ ਸਕੇ, ਇਸ ਦੇ ਉਪਾਅ ਵੀ ਦਸਦੀ ਹੈ। ਉਧਰ, ਜੋਤਿਸ਼ ਵਿਗਿਆਨੀਆਂ ਦੀ ਮੰਨੀਏ ਤਾਂ ਉਹ ਕਹਿੰਦੇ ਹਨ ਕਿ ਆਸਥਾ ਉਹ ਹੁੰਦੀ ਹੈ ਜਿਸ ਵਿਚ ਵਿਸ਼ਵਾਸ ਹੋਵੇ ਪਰ ਜਿਥੇ ਆਸਥਾ ਅਗਿਆਨਤਾ ਦਾ ਪਰਦਾ ਪਾ ਲੈਂਦੀ ਹੈ ਉਹ ਅੰਧਵਿਸ਼ਵਾਸ ਹੁੰਦਾ ਹੈ ਕਿਉਂਕਿ ਆਸਥਾ ਵਿਅਕਤੀ ਨੂੰ ਮਜ਼ਬੂਤ ਬਣਾਉਂਦੀ ਹੈ ਜਦਕਿ ਅੰਧਵਿਸ਼ਵਾਸ ਵਿਅਕਤੀ ਨੂੰ ਕਮਜ਼ੋਰ ਬਣਾ ਦਿੰਦਾ ਹੈ।

ਅਦਾਰਾ ‘ਰੋਜ਼ਾਨਾ ਸਪੋਕਮੈਨ’ ਵੀ ਅਪੀਲ ਕਰਦਾ ਹੈ ਕਿ ਆਸਥਾ ਨੂੰ ਅੰਧਵਿਸ਼ਵਾਸ ਨਾਲ ਨਾ ਜੋੜਦੇ ਹੋਏ ਕੋਰੋਨਾ ਮਹਾਂਮਾਰੀ ਤੋਂ ਬਚਣ ਲਈ ਵੈਕਸੀਨੇਸ਼ਨ ਦੇ ਨਾਲ-ਨਾਲ ਮਾਸਕ ਜ਼ਰੂਰ ਪਾਉ, ਸਮਾਜਕ ਦੂਰੀ ਅਤੇ ਹੋਰ ਗਾਈਡਲਾਈਨਜ਼ ਦਾ ਪਾਲਣ ਕਰਦੇ ਹੋਏ ਖ਼ੁਦ ਅਤੇ ਸਮਾਜ ਨੂੰ ਸੁਰੱਖਿਅਤ ਰੱਖ ਕੇ ਕੋਰੋਨਾ ਵਿਰੁਧ ਚਲ ਰਹੀ ਜੰਗ ਜਿੱਤਣ ਵਿਚ ਅਪਣਾ ਬਣਦਾ ਯੋਗਦਾਨ ਪਾਇਆ ਜਾਵੇ।