ਬਹਾਦਰੀ ਅਤੇ ਦਲੇਰੀ ਦਾ ਨਾਮ ਵਿੰਗ ਕਮਾਂਡਰ ਬਾਬਾ ਮੇਹਰ ਸਿੰਘ

ਏਜੰਸੀ

ਖ਼ਬਰਾਂ, ਪੰਜਾਬ

ਬਹਾਦਰੀ ਅਤੇ ਦਲੇਰੀ ਦਾ ਨਾਮ ਵਿੰਗ ਕਮਾਂਡਰ ਬਾਬਾ ਮੇਹਰ ਸਿੰਘ

image


ਅੰਗਰੇਜ਼ ਅਫ਼ਸਰ ਵੀ ਮੇਹਰ ਸਿੰਘ ਨੂੰ  ਕਰਦੇ ਸੀ ਸਲਾਮ

ਚੰਡੀਗੜ੍ਹ, 10 ਮਈ (ਚਰਨਜੀਤ ਸਿੰਘ ਸੁਰਖ਼ਾਬ): ਸਿੱਖਾਂ ਦਾ ਇਤਿਹਾਸ ਬਹਾਦਰੀ ਨਾਲ ਲਬਰੇਜ਼ ਹੈ | ਹੌਂਸਲੇ ਤੇ ਦਲੇਰੀ ਨਾਲ ਭਰੇ ਅਜਿਹੇ ਅਨੇਕਾਂ ਕਿੱਸੇ ਹਨ ਜੋ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਹਨ | ਇਨ੍ਹਾਂ ਕਿੱਸਿਆਂ ਵਿਚੋਂ ਇਕ ਪੰਨੇ 'ਤੇ ਏਅਰ ਕਮਾਂਡਰ ਮੇਹਰ ਸਿੰਘ ਦਾ ਨਾਂਅ ਵੀ ਦਰਜ ਹੈ ਜਿਸ ਦੀ ਬਹਾਦਰੀ ਨੂੰ  ਗੋਰੇ ਅਫ਼ਸਰ ਵੀ ਸਲਾਮ ਕਰਦੇ ਸਨ | ਮੇਹਰ ਸਿੰਘ, ਦੇਸ਼ ਦੀ ਆਜ਼ਾਦੀ ਮਗਰੋਂ ਜੰਮੂ ਕਸ਼ਮੀਰ ਦੀ ਧਰਤੀ 'ਤੇ ਉਤਰਣ ਵਾਲੇ ਭਾਰਤੀ ਹਵਾਈ ਸੈਨਾ ਦੇ ਪਹਿਲੇ ਵਿੰਗ ਕਮਾਂਡਰ ਸਨ |
ਮੇਹਰ ਸਿੰਘ ਨੂੰ  ਮੇਹਰ ਬਾਬਾ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ | ਮੇਹਰ ਬਾਬਾ ਦਾ ਜਨਮ 20 ਮਾਰਚ, 1915 ਨੂੰ  ਪਾਕਿਸਤਾਨ ਵਿਖੇ ਲਾਇਲਪੁਰ ਵਿਚ ਹੋਇਆ | 1933 ਵਿਚ ਜਦੋਂ ਉਹ ਬੀਐਸਸੀ ਦੀ ਪੜ੍ਹਾਈ ਕਰ ਰਹੇ ਸਨ ਤਾਂ ਉਨ੍ਹਾਂ ਦੀ ਚੋਣ ਰਾਇਲ ਏਅਰ ਫ਼ੋਰਸ ਕਾਲਜ ਕ੍ਰਾਨਵੈਲ ਇੰਗਲੈਂਡ ਵਿਖੇ ਹੋ ਗਈ ਅਤੇ 1934 'ਚ ਉਨ੍ਹਾਂ ਨੇ ਉਥੇ ਦਾਖ਼ਲਾ ਲਿਆ | ਕ੍ਰਾਨਵੈਲ ਕਾਲਜ ਵਿਚ ਉਨ੍ਹਾਂ ਦਾ ਪ੍ਰਦਰਸ਼ਨ ਬਹੁਤ ਵਧੀਆ ਰਿਹਾ, ਜਿਸ ਕਰ ਕੇ ਕਾਲਜ ਦੇ ਅਧਿਕਾਰੀ ਉਨ੍ਹਾਂ ਤੋਂ ਪ੍ਰਭਾਵਤ ਸਨ | ਏਅਰ ਵਾਈਸ ਮਾਰਸ਼ਲ ਐਚਐਮ ਗਰੇਵ ਨੇ ਮੇਹਰ ਸਿੰਘ ਬਾਰੇ ਲਿਖਿਆ ਕਿ ਉਹ ਬਹੁਤ ਹੀ ਦਿਲਚਸਪ, ਹਸਮੁੱਖ, ਮਿਹਨਤੀ ਅਤੇ ਹਰਮਨ ਪਿਆਰੇ ਹਨ | ਉਨ੍ਹਾਂ ਦੇ ਕੰਮ ਦੀ ਤੁਲਨਾ ਅੰਗਰੇਜ਼ੀ ਕੈਡਿਟਾਂ ਨਾਲ ਕੀਤੀ ਜਾਂਦੀ ਹੈ | ਇਕ ਵਧੀਆ ਪਾਇਲਟ ਦੇ ਨਾਲ-ਨਾਲ ਉਹ ਇਕ ਸ਼ਾਨਦਾਰ ਖਿਡਾਰੀ ਵੀ ਹਨ |
ਮੇਹਰ ਸਿੰਘ ਨੂੰ  ਅਗੱਸਤ 1936 ਵਿਚ ਪਾਇਲਟ ਅਫ਼ਸਰ ਨਿਯੁਕਤ ਕਰ  ਸਕੁਆਡਰਨ ਨੰਬਰ 1 ਵਿਚ ਤੈਨਾਤ ਕੀਤਾ ਗਿਆ | ਉਹ ਉਸ ਸਮੇਂ ਰਾਇਲ ਏਅਰ ਫ਼ੋਰਸ ਵਿਚ ਇਕਲੌਤੇ ਸਕੁਆਡਰਨ ਸਨ | 1 ਅਪ੍ਰੈਲ 1933 ਵਿਚ ਉਨ੍ਹਾਂ ਨੂੰ  ਚਾਰ ਵੈਸਟਲੈਂਡ ਵਾਪਿਤੀ ਏਅਰਕ੍ਰਾਫਟ ਦੇ ਨਾਲ ਕਰਾਚੀ ਭੇਜਿਆ ਗਿਆ | ਭਾਰਤੀ ਟੁਕੜੀ ਵਿਚ ਛੇ ਅਫ਼ਸਰ ਅਤੇ 9 ਟੈਕਨੀਸ਼ੀਅਨ ਸਨ | ਮੇਹਰ ਸਿੰਘ ਸਕੁਆਡਰਨ ਵਿਚ ਭਰਤੀ ਹੋਣ ਵਾਲੇ ਪਹਿਲੇ 6 ਅਫ਼ਸਰਾਂ ਵਿਚੋਂ ਇਕ ਸਨ |

ਭਾਰਤੀ ਹਵਾਈ ਸੈਨਾ ਦਾ ਪਹਿਲਾ ਜਹਾਜ਼ ਬਾਬਾ ਮੇਹਰ ਨੇ ਪੁੰਛ ਹਵਾਈ ਅੱਡੇ 'ਤੇ ਉਤਾਰਿਆ | ਆਜ਼ਾਦੀ ਪਿਛੋਂ ਨਵੇਂ ਬਣੇ ਭਾਰਤ ਸਾਹਮਣੇ ਪਹਿਲੀ ਚੁਣੌਤੀ ਕੁੱਝ ਹੀ ਮਹੀਨਿਆਂ ਵਿਚ ਪਾਕਿਸਤਾਨੀ ਆਦਿਵਾਸੀਆਂ ਵਲੋਂ ਕਸ਼ਮੀਰ ਉੱਤੇ ਕੀਤੀ ਗਈ ਹਮਲੇ ਦੀ ਕੋਸ਼ਿਸ਼ ਸੀ | ਇਸ ਹਮਲੇ ਨੂੰ  ਨਾਕਾਮ ਕਰਨ ਵਿਚ ਸੱਭ ਤੋਂ ਵੱਡਾ ਹੱਥ ਭਾਰਤੀ ਹਵਾਈ ਸੈਨਾ ਦਾ ਸੀ | ਹਵਾਈ ਸੈਨਾ ਦਾ ਇਤਿਹਾਸ ਮੇਹਰ ਸਿੰਘ ਦੀ ਅਗਵਾਈ ਨੂੰ  ਹੀ ਇਸ ਪ੍ਰਾਪਤੀ ਦਾ ਜ਼ਿੰਮੇਵਾਰ ਦੱਸਦਾ ਹੈ |
27 ਸਤੰਬਰ 1948 ਵਿਚ ਮੇਹਰ ਸਿੰਘ ਨੇ ਹਵਾਈ ਸੈਨਾ ਦੇ ਕੁੱਝ ਉਚ ਅਧਿਕਾਰੀਆਂ ਨਾਲ ਵਿਵਾਦ ਅਤੇ ਮਤਭੇਦ ਦੇ ਚਲਦਿਆਂ ਭਾਰਤੀ ਹਵਾਈ ਸੈਨਾ ਤੋਂ ਅਸਤੀਫ਼ਾ ਦੇ ਦਿਤਾ | ਸੇਵਾ-ਮੁਕਤ ਹੋਣ ਤੋਂ ਬਾਅਦ ਉਨ੍ਹਾਂ ਨੇ ਪਟਿਆਲਾ ਦੇ ਮਹਾਰਾਜਾ ਯਾਦਵਿੰਦਰ ਸਿੰਘ ਦੇ ਨਿਜੀ ਸਲਾਹਕਾਰ ਵਜੋਂ ਸੇਵਾ ਨਿਭਾਈ | ਮੇਹਰ ਬਾਬਾ ਨੂੰ  ਮਹਾਂ ਵੀਰ ਚੱਕਰ ਐਵਾਰਡ ਨਾਲ ਵੀ ਸਨਮਾਨਤ ਕੀਤਾ ਗਿਆ | 16 ਮਾਰਚ 1952 ਨੂੰ  ਮੇਹਰ ਸਿੰਘ ਇਕ ਜਹਾਜ਼ ਨੂੰ  ਜੰਮੂ ਤੋਂ ਦਿੱਲੀ ਲਿਜਾ ਰਹੇ ਸਨ ਤਾਂ ਉਨ੍ਹਾਂ ਦਾ ਜਹਾਜ਼ ਤੂਫਾਨ ਵਿਚ ਘਿਰ ਗਿਆ ਅਤੇ ਹਾਦਸਾਗ੍ਰਸਤ ਹੋ ਗਿਆ | ਇਹ ਉਡਾਨ ਉਨ੍ਹਾਂ ਦੀ ਆਖ਼ਰੀ ਉਡਾਨ ਹੋ ਨਿਬੜੀ | ਭਾਰਤੀ ਹਵਾਈ ਸੈਨਾ ਦੇ ਇਤਿਹਾਸ ਦਾ ਇਹ ਸੂਰਮਾ ਅਪਣੇ 37ਵੇਂ ਜਨਮ ਦਿਨ ਤੋਂ 4 ਦਿਨ ਪਹਿਲਾਂ ਹੀ ਇਸ ਦੁਨੀਆ ਨੂੰ  ਅਲਵਿਦਾ ਕਹਿ ਗਿਆ |
37 ਸਾਲ ਦੀ ਭਰ ਜਵਾਨੀ ਵਿਚ ਇਸ ਦੁਨੀਆਂ ਨੂੰ  ਅਲਵਿਦਾ ਕਹਿਣ ਵਾਲੇ ਮੇਹਰ ਬਾਬਾ ਨੇ ਥੋੜ੍ਹੇ ਸਮੇਂ ਵਿਚ ਹੀ ਅਜਿਹੇ ਕਾਰਨਾਮੇ ਕੀਤੇ ਕਿ ਭਾਰਤੀ ਹਵਾਈ ਸੈਨਾ ਅੱਜ ਵੀ ਉਨ੍ਹਾਂ ਨੂੰ  ਇਕ ਮਿਸਾਲ ਮੰਨਦੀ ਹੈ | ਭਾਰਤੀ ਹਵਾਈ ਸੈਨਾ ਦੇ ਹਰ ਛੋਟੇ ਤੋਂ ਵੱਡੇ ਅਫ਼ਸਰ ਨੂੰ  ਮੇਹਰ ਬਾਬਾ ਦੀਆਂ ਪ੍ਰਾਪਤੀਆਂ ਬਾਰੇ ਪਤਾ ਹੈ | ਉਨ੍ਹਾਂ ਬਾਰੇ ਗੱਲ ਕਰਦਿਆਂ ਇੱਜ਼ਤ ਅਤੇ ਮਾਣ ਵੱਡੇ ਵੱਡੇ ਅਫ਼ਸਰਾਂ ਦੇ ਸ਼ਬਦਾਂ ਅਤੇ ਚਿਹਰਿਆਂ ਉਤੇ ਸਾਫ਼ ਝਲਕਦਾ ਹੈ | ਕਿਹਾ ਜਾਂਦਾ ਹੈ ਕਿ ਹਵਾਈ ਸੈਨਾ ਵਿਚ ਭਰਤੀ ਹੋਣ 'ਤੇ ਹਰ ਪਾਇਲਟ ਨੂੰ  ਮੇਹਰ ਬਾਬਾ ਬਾਰੇ ਦਸਿਆ ਜਾਂਦਾ ਹੈ | ਲੋੜ ਹੈ ਆਉਣ ਵਾਲੀ ਪੀੜ੍ਹੀ ਨੂੰ  ਇਸ ਮਾਣ-ਮੱਤੇ ਸਿੱਖ ਬਾਰੇ ਜਾਣੂ ਕਰਾਉਣ ਦੀ |