Himachal ਵਿਧਾਨ ਸਭਾ ਦੇ ਮੇਨ ਗੇਟ 'ਤੇ ਖ਼ਾਲਿਸਤਾਨੀ ਝੰਡੇ ਲਗਾਉਣ ਦੇ ਮਾਮਲੇ 'ਚ ਇਕ ਗ੍ਰਿਫ਼ਤਾਰ

ਏਜੰਸੀ

ਖ਼ਬਰਾਂ, ਪੰਜਾਬ

ਦੂਜਾ ਦੋਸ਼ੀ ਪਰਮਜੀਤ ਸਿੰਘ ਅਜੇ ਫ਼ਰਾਰ ਹੈ

One arrested for planting Khalistani flags at Himachal Assembly main gate

 

ਮੋਰਿੰਡਾ : ਹਿਮਾਚਲ ਵਿਧਾਨ ਸਭਾ (Himachal Assembly) ਦੇ ਮੇਨ ਗੇਟ 'ਤੇ ਖ਼ਾਲਿਸਤਾਨੀ ਝੰਡੇ ਲਾਉਣ ਦੇ ਮਾਮਲੇ 'ਚ ਪੁਲਿਸ ਹੱਥ ਵੱਡੀ ਸਫ਼ਲਤਾ ਲੱਗੀ ਹੈ। ਮਿਲੀ ਜਾਣਕਾਰੀ ਅਨੁਸਾਰ ਹਿਮਾਚਲ ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਸ਼ੀ ਦੀ ਪਛਾਣ ਹਰਬੀਰ ਸਿੰਘ ਉਰਫ਼ ਰਾਜੂ ਨਾਂ 'ਤੇ ਹੋਈ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਉਹ ਪੰਜਾਬ ਦੇ ਮੋਰਿੰਡਾ ਸ਼ਹਿਰ ਤੋਂ ਹੈ। ਦੂਜਾ ਦੋਸ਼ੀ ਪਰਮਜੀਤ ਸਿੰਘ ਅਜੇ ਫ਼ਰਾਰ ਹੈ। ਗ੍ਰਿਫ਼ਤਾਰ ਕੀਤੇ ਦੋਸ਼ੀ ਨੂੰ ਹਿਮਾਚਲ ਪੁਲਿਸ ਦੀ ਐੱਸ. ਆਈ. ਟੀ. ਕਾਂਗੜਾ ਲਿਜਾ ਰਹੀ ਹੈ, ਜਿੱਥੇ ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ।

ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦੇ ਘਰ ਵਿਚ ਵੀ ਛਾਪੇਮਾਰੀ ਕੀਤੀ ਗਈ ਹੈ ਤੇ ਉਸ ਦੀ ਮਾਤਾ ਤੋਂ ਵੀ ਸਵਾਲ-ਜਵਾਬ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਧਰਮਸ਼ਾਲਾ 'ਚ ਵਿਧਾਨ ਸਭਾ ਦੇ ਬਾਹਰ ਮੇਨ ਗੇਟ 'ਤੇ ਖ਼ਾਲਿਸਤਾਨੀ ਝੰਡੇ ਲਾਏ ਗਏ ਸਨ। ਇਸ ਮਾਮਲੇ ਨਾਲ ਜੁੜਿਆ ਇਕ ਵੀਡੀਓ ਵੀ ਵਾਇਰਲ ਹੋ ਰਿਹਾ ਸੀ। ਇਹ ਝੰਡੇ ਕਿਸ ਨੇ ਲਾਏ ਸਨ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਖ਼ੁਫੀਆ ਵਿਭਾਗ ਨੇ 26 ਮਾਰਚ ਨੂੰ ਹੀ ਇਸ ਦਾ ਅਲਰਟ ਜਾਰੀ ਕੀਤਾ ਸੀ।