ਨੰਗਲ ’ਚ ਗੈਸ ਲੀਕ : 35 ਸਕੂਲੀ ਵਿਦਿਆਰਥੀਆਂ ਸਮੇਤ ਕਈ ਲੋਕ ਹੋਏ ਬਿਮਾਰ

ਏਜੰਸੀ

ਖ਼ਬਰਾਂ, ਪੰਜਾਬ

ਪ੍ਰਸ਼ਾਸਨ ਨੇ ਇਲਾਕੇ ਨੂੰ ਸੀਲ ਕਰ ਦਿਤਾ

photo

 

ਰੋਪੜ : ਪੰਜਾਬ ਦੇ ਰੋਪੜ ਜ਼ਿਲ੍ਹੇ ਦੇ ਨੰਗਲ ਸ਼ਹਿਰ ਵਿਚ ਇੱਕ ਫੈਕਟਰੀ ਵਿਚੋਂ ਗੈਸ ਲੀਕ ਹੋ ਗਈ। ਜਿਸ ਕਾਰਨ ਪ੍ਰਾਈਵੇਟ ਸਕੂਲ ਦੇ 30 ਤੋਂ 35 ਛੋਟੇ ਬੱਚਿਆਂ ਸਮੇਤ ਕਈ ਲੋਕ ਇਸ ਦੀ ਲਪੇਟ ਵਿਚ ਆ ਗਏ। ਇਨ੍ਹਾਂ ਸਾਰਿਆਂ ਨੂੰ ਗਲੇ 'ਚ ਖਰਾਸ਼, ਸਿਰਦਰਦ ਅਤੇ ਸਾਹ ਲੈਣ 'ਚ ਤਕਲੀਫ ਹੋਣ ਕਾਰਨ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਇਸ ਦੇ ਨਾਲ ਹੀ ਪ੍ਰਸ਼ਾਸਨ ਨੇ ਪੂਰੇ ਇਲਾਕੇ ਨੂੰ ਸੀਲ ਕਰ ਦਿਤਾ ਹੈ। ਪ੍ਰਾਈਵੇਟ ਸਕੂਲ ਬੰਦ ਕਰਕੇ ਬੱਚਿਆਂ ਨੂੰ ਘਰ ਭੇਜ ਦਿੱਤਾ ਗਿਆ ਹੈ।

ਹਾਦਸੇ ਤੋਂ ਬਾਅਦ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਸਮੇਤ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ। ਉਨ੍ਹਾਂ ਸਕੂਲੀ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ।
ਨੰਗਲ ਵਿਚ ਦੋ ਵੱਡੀਆਂ ਫੈਕਟਰੀਆਂ ਹਨ ਪਹਿਲੀ ਪੀਏਸੀਐਲ ਅਤੇ ਦੂਜੀ ਐਨਐਫਐਲ। ਫਿਲਹਾਲ ਇਸ ਗਲ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਗੈਸ ਕਿਥੋਂ ਲੀਕ ਹੋਈ। ਹਾਦਸੇ ਤੋਂ ਬਾਅਦ ਆਸ-ਪਾਸ ਦੇ ਪਿੰਡਾਂ ਦੇ ਲੋਕ ਇਕੱਠੇ ਹੋ ਗਏ ਅਤੇ ਫ਼ੈਕਟਰੀ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿਤੀ। ਦੋਵੇਂ ਫੈਕਟਰੀਆਂ ਦੇ ਪ੍ਰਬੰਧਕ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਸਾਡੀ ਜਗ੍ਹਾ ਤੋਂ ਗੈਸ ਲੀਕ ਨਹੀਂ ਹੋਈ ਹੈ।

ਇਹ ਹਾਦਸਾ ਰੋਪੜ ਜ਼ਿਲ੍ਹਾ ਹੈੱਡਕੁਆਰਟਰ ਤੋਂ 25 ਕਿਲੋਮੀਟਰ ਦੂਰ ਨੰਗਲ ਵਿਖੇ ਵਾਪਰਿਆ। ਇਥੇ ਸਵੇਰੇ ਅਚਾਨਕ ਫੈਕਟਰੀ ਵਿਚੋਂ ਗੈਸ ਲੀਕ ਹੋ ਗਈ। ਇਸ ਕਾਰਨ ਫੈਕਟਰੀ ਦੇ ਨਾਲ ਲਗਦੇ ਪ੍ਰਾਈਵੇਟ ਸਕੂਲ ਦੇ ਬੱਚੇ ਬਿਮਾਰ ਹੋ ਗਏ। ਉਹਨਾਂ ਨੂੰ ਸਾਹ ਲੈਣ ਵਿਚ ਤਕਲੀਫ਼ ਹੋਣ ਲੱਗੀ। ਤੁਰੰਤ ਐਂਬੂਲੈਂਸ ਬੁਲਾਈ ਗਈ। ਬੱਚਿਆਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ। ਦਸਿਆ ਜਾ ਰਿਹਾ ਹੈ ਕਿ ਬੱਚਿਆਂ ਦੀ ਹਾਲਤ ਹੁਣ ਸਥਿਰ ਹੈ।

ਇਸ ਸਬੰਧੀ ਜਾਣਕਾਰੀ ਮਿਲਦਿਆਂ ਹੀ ਸਿੱਖਿਆ ਮੰਤਰੀ ਖੁਦ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਮੰਤਰੀ ਬੈਂਸ ਸਕੂਲ ਪਹੁੰਚੇ। ਉਨ੍ਹਾਂ ਨੇ ਬੱਚਿਆਂ ਨੂੰ ਘਰ ਭੇਜ ਦਿਤਾ। ਹਾਲਾਂਕਿ ਅਜੇ ਤੱਕ ਇਹ ਪਤਾ ਨਹੀਂ ਲਗ ਸਕਿਆ ਹੈ ਕਿ ਗੈਸ ਲੀਕ ਕਿਵੇਂ ਹੋਈ। ਇਸ ਦੀ ਜਾਂਚ ਕੀਤੀ ਜਾ ਰਹੀ ਹੈ।

ਜਾਣਕਾਰੀ ਮੁਤਾਬਕ ਗੈਸ ਲੀਕ ਹੋਣ ਵਾਲੀ ਥਾਂ 'ਤੇ 300 ਤੋਂ 400 ਲੋਕ ਹਮੇਸ਼ਾ ਮੌਜੂਦ ਰਹਿੰਦੇ ਹਨ। ਆਲੇ-ਦੁਆਲੇ ਕਈ ਕਲੋਨੀਆਂ ਸਮੇਤ 15 ਤੋਂ 20 ਪਿੰਡ ਹਨ। ਨੰਗਲ ਨਗਰ ਕੌਂਸਲ ਦੇ ਪ੍ਰਧਾਨ ਅਤੇ ਕਾਂਗਰਸੀ ਆਗੂ ਸੰਜੇ ਸਾਹਨੀ ਨੇ ਕਿਹਾ ਕਿ ਇਹ ਜਾਂਚ ਦਾ ਵਿਸ਼ਾ ਹੈ ਕਿ ਫੈਕਟਰੀ ਦੇ ਨੇੜੇ ਸਕੂਲ ਦੀ ਮਨਜ਼ੂਰੀ ਕਿਸ ਨੇ ਦਿਤੀ। ਸ਼ਿਵਾਲਿਕ ਕਾਲਜ ਨੰਗਲ ਵੀ ਫੈਕਟਰੀ ਤੋਂ ਕਰੀਬ 2 ਕਿਲੋਮੀਟਰ ਦੂਰ ਹੈ।

ਹਾਦਸੇ ਦੀ ਜਾਣਕਾਰੀ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਟਵੀਟ ਕਰ ਕੇ ਦਿਤੀ। ਉਨ੍ਹਾਂ ਲਿਖਿਆ ਕਿ ਸਥਿਤੀ ਨੂੰ ਦੇਖਦੇ ਹੋਏ ਇਲਾਕੇ ਦੀਆਂ ਸਾਰੀਆਂ ਐਂਬੂਲੈਂਸਾਂ ਨੂੰ ਮੌਕੇ 'ਤੇ ਰਵਾਨਾ ਕਰ ਦਿਤਾ ਗਿਆ ਹੈ। ਉਹ ਖੁਦ ਵੀ ਉਥੇ ਪਹੁੰਚ ਰਿਹਾ ਹੈ। ਮੁੱਢਲੀ ਜਾਣਕਾਰੀ ਅਨੁਸਾਰ ਗੈਸ ਲੀਕ ਹੋਣ ਕਾਰਨ ਛੋਟੇ ਬੱਚਿਆਂ ਅਤੇ ਕੁਝ ਲੋਕਾਂ ਨੂੰ ਗਲੇ 'ਚ ਦਰਦ, ਸਿਰ ਦਰਦ ਆਦਿ ਦੀ ਸ਼ਿਕਾਇਤ ਹੋਈ ਹੈ, ਜਿਨ੍ਹਾਂ ਨੂੰ ਨਜ਼ਦੀਕੀ ਹਸਪਤਾਲ 'ਚ ਰੈਫਰ ਕਰ ਦਿਤਾ ਗਿਆ |