Punjab News: ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਉੱਘੇ ਪੰਜਾਬੀ ਕਵੀ ਸੁਰਜੀਤ ਪਾਤਰ ਦੇ ਦੇਹਾਂਤ 'ਤੇ ਦੁੱਖ ਪ੍ਰਗਟਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੰਧਵਾਂ ਨੇ ਕਿਹਾ ਕਿ ਸ. ਪਾਤਰ ਦਾ ਵਿਛੋੜਾ ਪੰਜਾਬੀ ਭਾਈਚਾਰੇ ਲਈ ਬਹੁਤ ਵੱਡਾ ਘਾਟਾ ਹੈ।

Punjab speaker Kultar Singh Sandhwan condoles demise of Surjit Patar

Punjab News: ਪੰਜਾਬ ਵਿਧਾਨ ਸਭਾ ਦੇ ਸਪੀਕਰ ਸ: ਕੁਲਤਾਰ ਸਿੰਘ ਸੰਧਵਾਂ ਨੇ ਪੰਜਾਬੀ ਕਵੀ ਅਤੇ ਉੱਘੇ ਲੇਖਕ ਪਦਮ ਸ੍ਰੀ ਸ. ਸੁਰਜੀਤ ਸਿੰਘ ਪਾਤਰ ਦੇ ਮੰਦਭਾਗੇ ਅਕਾਲ ਚਲਾਣੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ, ਜਿਨ੍ਹਾਂ ਦਾ 11 ਮਈ ਨੂੰ ਸਵੇਰੇ ਲੁਧਿਆਣਾ ਦੇ ਆਸ਼ਾਪੁਰੀ ਇਲਾਕੇ 'ਚ ਉਨ੍ਹਾਂ ਦੇ ਗ੍ਰਹਿ ਵਿਖੇ ਦੇਹਾਂਤ ਹੋ ਗਿਆ ਹੈ।

ਇੱਥੋਂ ਜਾਰੀ ਪ੍ਰੈਸ ਬਿਆਨ ਵਿੱਚ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸ. ਪਾਤਰ ਨੇ ਪੰਜਾਬੀ ਭਾਸ਼ਾ ਦੇ ਪ੍ਰਚਾਰ ਨੂੰ ਵਿਸ਼ਵ ਭਰ ਵਿੱਚ ਫੈਲਾਉਣ ਵਿੱਚ ਅਹਿਮ ਯੋਗਦਾਨ ਪਾਇਆ ਹੈ। ਉਨ੍ਹਾਂ ਦੀਆਂ ਮਹੱਤਵਪੂਰਨ ਪ੍ਰਾਪਤੀਆਂ ਵਿੱਚ ਪੰਜਾਬੀ ਭਾਸ਼ਾ ਵਿੱਚ ਲਿਖਣ ਦੇ ਕੰਮ ਲਈ ਪਦਮ ਸ੍ਰੀ ਅਤੇ ਸਾਹਿਤ ਅਕਾਦਮੀ ਐਵਾਕਡ ਵਰਗੇ ਚੋਟੀ ਦੇ ਸਨਮਾਨ ਪ੍ਰਾਪਤ ਕਰਨਾ ਸ਼ਾਮਲ ਹੈ।

ਉਨ੍ਹਾਂ ਕਿਹਾ ਕਿ ਸ. ਪਾਤਰ ਜਲੰਧਰ ਦੇ ਪਿੰਡ ਪਾਤੜ ਕਲਾਂ ਦੇ ਰਹਿਣ ਵਾਲੇ ਸਨ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਪੰਜਾਬੀ ਦੇ ਪ੍ਰੋਫੈਸਰ ਵਜੋਂ ਸੇਵਾਮੁਕਤ ਹੋਏ ਸਨ। ਉਨ੍ਹਾਂ ਨੇ 2012 ਵਿੱਚ ਪਦਮ ਸ੍ਰੀ ਪ੍ਰਾਪਤ ਕੀਤਾ ਅਤੇ ਪੰਜਾਬ ਕਲਾ ਪ੍ਰੀਸ਼ਦ ਦੇ ਪ੍ਰਧਾਨ ਵਜੋਂ ਸੇਵਾ ਕੀਤੀ।

ਸ. ਸੰਧਵਾਂ ਨੇ ਕਿਹਾ ਕਿ ਸ. ਪਾਤਰ ਦਾ ਵਿਛੋੜਾ ਪੰਜਾਬੀ ਭਾਈਚਾਰੇ ਲਈ ਬਹੁਤ ਵੱਡਾ ਘਾਟਾ ਹੈ। ਉਨ੍ਹਾਂ ਕਿਹਾ ਕਿ ਸ. ਪਾਤਰ ਨੂੰ ਮਾਂ ਬੋਲੀ ਪ੍ਰਤੀ ਪਾਏ ਵਡਮੁੱਲੇ ਯੋਗਦਾਨ ਲਈ ਹਮੇਸ਼ਾ ਸਤਿਕਾਰ ਨਾਲ ਯਾਦ ਕੀਤਾ ਜਾਵੇਗਾ।

ਸਪੀਕਰ ਨੇ ਯਾਦ ਕੀਤਾ ਕਿ ਸ. ਪਾਤਰ ਨੇ ਗੂਗਲ ਦੇ ਜੇਮਿਨੀ ਆਈਐਪ (ਆਰਟੀਫੀਸ਼ੀਅਲ ਇੰਟੈਲੀਜੈਂਸ) ਪਲੇਟਫਾਰਮ 'ਤੇ ਪੰਜਾਬੀ ਭਾਸ਼ਾ ਨੂੰ ਸ਼ਾਮਲ ਨਾ ਕੀਤੇ ਜਾਣ ਦੇ ਮੁੱਦੇ ਨੂੰ ਉਠਾਉਣ ਵਿਚ ਅਹਿਮ ਭੂਮਿਕਾ ਨਿਭਾਈ, ਭਾਵੇਂ ਕਿ ਇਸ ਪਲੇਟਫਾਰਮ ਵਿਚ ਗੁਜਰਾਤੀ ਸਮੇਤ ਕਈ ਹੋਰ ਖੇਤਰੀ ਭਾਸ਼ਾਵਾਂ ਸ਼ਾਮਲ ਸਨ।

ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਸ. ਪਾਤਰ ਅਤੇ ਹੋਰਨਾਂ ਨਾਲ ਮਿਲ ਕੇ ਪੰਜਾਬੀ ਦਾ ਡਾਟਾ ਤੇਜੀ ਨਾਲ ਤਿਆਰ ਕਰਕੇ ਗੂਗਲ ਦੇ ਜੈਮਿਨੀ ਆਈਐਪ 'ਤੇ ਆਨਲਾਈਨ ਅਪਲੋਡ ਕਰਨ ਦਾ ਬੀੜਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਸ.ਪਾਤਰ ਨੂੰ ਅਸਲ ਸ਼ਰਧਾਂਜਲੀ ਉਸ ਮਿਸ਼ਨ ਨੂੰ ਪੂਰਾ ਕਰਨਾ ਹੀ ਹੋਵੇਗੀ। ਸਪੀਕਰ ਨੇ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਅਤੇ ਦੁਖੀ ਪਰਿਵਾਰ ਨੂੰ ਇਹ ਘਾਟਾ ਸਹਿਣ ਦਾ ਬਲ ਬਖਸ਼ਣ ਦੀ ਅਰਦਾਸ ਕੀਤੀ।