Special article : ਕਲਮ ਪੁੱਛਦੀ ਰਹੀ
Special article : ਕਲਮ ਪੁੱਛਦੀ ਰਹੀ
Special article : ਕਲਮ ਪੁੱਛਦੀ ਰਹੀ ਤੇ ਉਹ ਰੋਂਦਾ ਰਿਹਾ-ਉਹ ਲੋਕਾਂ ਲਈ ਬੜਾ ਵੱਡਾ ਲੇਖਕ ਸੀ ਤੇ ਅੱਜ ਤਕ ਉਸ ਨੇ ਲੋਕਾਂ ਬਾਰੇ ਹੀ ਲਿਖਿਆ ਸੀ। ਅੱਜ ਉਹ ਅਪਣੇ ਬਾਰੇ ਲਿਖ ਰਿਹਾ ਸੀ ਇਸ ਲਈ ਉਸ ਨੂੰ ਕੁੱਝ ਵੀ ਔੜ ਨਹੀਂ ਰਿਹਾ ਸੀ।
ਕਿਸੇ ਨੂੰ ਕੀ ਪਤਾ ਸੀ ਕਿ ਹੱਸੂੰ-ਹੱਸੂੰ ਕਰਦੇ ਚਿਹਰੇ ਪਿਛੇ ਕਿੰਨੇ ਕੁ ਦਰਦ ਲੁਕੇ ਹੋਏ ਹਨ-ਇੰਨਾ ਵੱਡਾ ਜਿਗਰਾ ਕੋਈ ਕਿਵੇਂ ਕਰ ਸਕਦਾ ਹੈ। ਇਹ ਤਾਂ ਲੋਕਾਂ ਦਾ ਵਹਿਮ ਸੀ ਪਰ ਅੱਜ ਉਸ ਦਾ ਜਿਗਰਾ ਛੋਟਾ ਪੈ ਰਿਹਾ ਸੀ, ਇਕ ਪੰਕਤੀ ਵੀ ਨਹੀਂ ਸੀ ਸੁਝ ਰਹੀ--ਕਲਮ ਵਾਰ-ਵਾਰ ਪੁੱਛ ਰਹੀ, ਕੀ ਲਿਖਾਂ--ਉਹ ਹੰਝੂ ਕੇਰ ਛੱਡਦਾ ਸੀ।
ਉਮਰ ਦੇ ਢਲਦੇ ਪੜਾਅ ’ਚ ਉਸ ਨੂੰ ਕਾਲਜ ਦੇ ਉਹ ਦਿਨ ਯਾਦ ਆਏ ਜਦੋਂ ਦੋ ਨੈਣ ਉਸ ਦੀ ਹਮੇਸ਼ਾ ਉਡੀਕ ਕਰਦੇ ਹੁੰਦੇ ਸੀ-ਇਕੱਠੇ ਜਿਉਣ-ਮਰਨ ਦੀਆਂ ਕਸਮਾਂ--ਇਕ-ਦੂਜੇ ਦੇ ਸਾਹਾਂ ਵਿਚ ਸਾਹ ਲੈਣੇ--‘ਮੈਂ ਮਜ਼ਬੂਰ ਸੋਹਣਿਆ ਹੋਗੀ’-ਕਹਿ ਕੇ ਉਸ ਐਸੀ ਉਡਾਰੀ ਮਾਰੀ ਕਿ ਉਹ ਮੁੜ ਵਤਨੀ ਨਾ ਆਈ-ਰਹਿ ਗਈ ਉਸ ਅੰਦਰ ਇਕ ਟੀਸ-।
ਸਮੇਂ ਦੇ ਨਾਲ ਜ਼ਖ਼ਮ ਤਾਂ ਭਰ ਗਏ ਪਰ ਅੰਦਰ ਰੜਕ ਪੈਂਦੀ ਰਹੀ। ਫਿਰ ਤਾਂ ਜਿਵੇਂ ਉਸ ਦੀ ਜ਼ਿੰਦਗੀ ਵਿਚ ਤੂਫ਼ਾਨ ਹੀ ਆ ਗਿਆ--ਹੌਲੀ-ਹੌਲੀ ਨੇੜਲੇ ਦੂਰ ਹੁੰਦੇ ਗਏ--ਗੋਦੀ ਚੁੱਕ ਕੇ ਖਿਡਾਏ ਵੀ ਦੁਸ਼ਮਣ ਬਣ ਗਏ--ਪਹਿਲਾਂ ਮਾਂ ਗਈ-ਭਰਾ ਗਏ--ਭਰਜਾਈਆਂ ਗਈਆਂ-ਬਾਪ ਗਿਆ।
ਬੇਸ਼ੱਕ ਉਸ ਦੀ ਪਤਨੀ ਤੇ ਬੱਚੇ ਉਸ ਦੇ ਨਾਲ ਸਨ ਪਰ ਨਾ ਹੀ ਉਸ ਨਾਲ ਕੋਈ ਵੱਡਾ ਸੀ ਤੇ ਨਾ ਹੀ ਜੱਦੀ ਪਿੰਡ ਤੇ ਨਾ ਹੀ ਜੱਦੀ ਘਰ--। ਜਿਨ੍ਹਾਂ ਭੈਣਾਂ ਨੇ ਉਸ ਨੂੰ ਉਂਗਲੀ ਫੜ੍ਹ ਕੇ ਤੁਰਨ ਸਿਖਾਇਆ ਸੀ-ਉਹ ਵੀ ਗੱਲ ਕਰਨੋਂ ਹਟ ਗਈਆਂ ਸਨ। ਅੱਜ ਉਸ ਨੂੰ ਅਪਣਾ ਆਪਾ ‘ਇਕੱਲਾ’ ਜਾਪ ਰਿਹਾ ਸੀ।
ਅੱਜ ਉਸ ਨੇ ਸੋਚਿਆ ਸੀ ਕਿ ਉਹ ਅਪਣੇ ਬਾਰੇ ਕੁੱਝ ਲਿਖਿਆ ਜਾਵੇ ਪਰ ਉਸ ਦੀ ਕਲਮ ’ਚੋਂ ਕੁੱਝ ਵੀ ਨਹੀਂ ਨਿਕਲ ਰਿਹਾ ਸੀ--ਉਸ ਦੇ ਸ਼ਬਦ ਹੰਝੂਆਂ ਰਾਹੀਂ ਬਾਹਰ ਆ ਰਹੇ ਸਨ। ਕਲਮ ਵਾਰ-ਵਾਰ ਪੁੱਛ ਰਹੀ ਸੀ ਤੇ ਉਹ---!
ਉਸ ਦਾ ਮੋਢਾ ਹਿਲਿਆ--ਸਿਰਹਾਣੇ ਉਸ ਦੀ ਪਤਨੀ ਖੜ੍ਹੀ ਸੀ-‘ਮੈਂ ਕਿੰਨੇ ਸਮੇਂ ਤੋਂ ਦੇਖੀ ਜਾ ਰਹੀ ਹਾਂ--ਤੁਸੀਂ ਰੋਜ਼ ਛੱਡ ਗਿਆਂ ਨੂੰ ਯਾਦ ਕਰ ਕੇ ਹੰਝੂ ਵਹਾਉਣ ਲੱਗ ਜਾਂਦੇ ਹੋ--ਛੱਡੋ ਪੁਰਾਣੀਆਂ ਗੱਲਾਂ--ਮਾਰਕੀਟ ਚਲਦੇ ਆਂ--’ ਉਹ ਉਠ ਕੇ ਨਾਲ ਤੁਰ ਪਿਆ--ਹੁਣ ਉਹ ਭੂਤ ’ਚੋਂ ਨਿਕਲ ਕੇ ਵਰਤਮਾਨ ’ਚ ਆ ਗਿਆ।
ਭੋਲਾ ਸਿੰਘ ‘ਪ੍ਰੀਤ’
(For more news apart from kalam Puchhdi rahi Special article News in Punjabi, stay tuned to Rozana Spokesman)