Punjab government: ਪੰਜਾਬ ਸਰਕਾਰ ਵੱਲੋਂ ਰਾਜਸਥਾਨ ਨੂੰ ਵਾਧੂ ਪਾਣੀ ਛੱਡਣ ਦਾ ਐਲਾਨ
ਦੇਸ਼ ਦੀ ਬਹਾਦਰ ਫੌਜ ਲਈ ਪੰਜਾਬ ਦਾ ਪਾਣੀ ਤਾਂ ਕੀ ਸਾਡਾ ਖੂਨ ਵੀ ਹਾਜ਼ਰ ਹੈ - ਭਗਵੰਤ ਮਾਨ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਆਪਣੇ ਐਕਸ ਅਕਾਊਂਟ ਤੇ ਪੋਸਟ ਪਾ ਕੇ ਜਾਣਕਾਰੀ ਦਿੱਤੀ ਕਿ ਪੰਜਾਬ ਸਰਕਾਰ ਵੱਲੋਂ ਰਾਜਸਥਾਨ ਨੂੰ ਵਾਧੂ ਪਾਣੀ ਛੱਡਣ ਦਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਫੈਸਲਾ ਰਾਜਸਥਾਨ ਸਰਕਾਰ ਵੱਲੋਂ ਕੀਤੀ ਗਈ ਮੰਗ ਮਗਰੋਂ ਲਿਆ ਗਿਆ ਹੈ।
ਉਨ੍ਹਾਂ ਲਿਖਿਆ ਕਿ “ਅੱਜ ਰਾਜਸਥਾਨ ਸਰਕਾਰ ਵੱਲੋਂ ਪੰਜਾਬ ਦੇ ਕੋਟੇ ਵਿੱਚੋਂ ਹੋਰ ਪਾਣੀ ਦੇਣ ਦੀ ਮੰਗ ਕੀਤੀ ਗਈ। ਦੇਸ਼ ਦੀ ਸੁਰੱਖਿਆ ‘ਚ ਰਾਜਸਥਾਨ ਬਾਰਡਰ ‘ਤੇ ਤਾਇਨਾਤ ਫੌਜ ਨੂੰ ਵਾਧੂ ਪਾਣੀ ਦੀ ਲੋੜ ਹੈ। ਜਦੋਂ ਵੀ ਦੇਸ਼ ਹਿੱਤ ਦੀ ਗੱਲ ਆਉਂਦੀ ਹੈ ਤਾਂ ਪੰਜਾਬ ਕਦੇ ਵੀ ਪਿੱਛੇ ਨਹੀਂ ਹੱਟਦਾ। ਦੇਸ਼ ਦੀ ਬਹਾਦਰ ਫੌਜ ਲਈ ਪੰਜਾਬ ਦਾ ਪਾਣੀ ਤਾਂ ਕੀ ਸਾਡਾ ਖੂਨ ਵੀ ਹਾਜ਼ਰ ਹੈ। ਫੌਜ ਦੇ ਜਵਾਨਾਂ ਦੀ ਜ਼ਰੂਰਤ ਨੂੰ ਧਿਆਨ ਵਿੱਚ ਰੱਖਦੇ ਹੋਏ ਮੈਂ ਰਾਜਸਥਾਨ ਨੂੰ ਵਾਧੂ ਪਾਣੀ ਤੁਰੰਤ ਦੇਣ ਦਾ ਨਿਰਦੇਸ਼ ਦਿੱਤਾ ਹੈ।”
ਦੱਸ ਦਈਏ ਕਿ ਪਿਛਲੇ ਦਿਨੀਂ ਬੀਬੀਐਮਬੀ ਵੱਲੋਂ ਹਰਿਆਣਾ ਨੂੰ ਉਸਦੇ ਬਣਦੇ ਹਿੱਸੇ ਨਾਲੋਂ ਜ਼ਿਆਦਾ ਪਾਣੀ ਛੱਡਣ ਨੂੰ ਲੈ ਕੇ ਕਾਫੀ ਜ਼ਿਆਦਾ ਵਿਵਾਦ ਹੋਇਆ ਹੈ। ਇਸ ਦੇ ਨਾਲ ਹੀ ਬੀਬੀਐਮਬੀ ਵੱਲੋਂ ਹਾਈਕੋਰਟ ਤੱਕ ਪਹੁੰਚ ਵੀ ਕੀਤੀ ਗਈ ਹੈ।