Punjab Government: ਭਗਵੰਤ ਮਾਨ ਸਰਕਾਰ ਨੇ ਚੱਪੜਚਿੜੀ ਖੁਰਦ ਤੋਂ ਚੱਪੜਚਿੜੀ ਕਲਾਂ ਸੜਕ ਦੇ ਨਵੀਨੀਕਰਨ ਨੂੰ ਦਿੱਤੀ ਪ੍ਰਵਾਨਗੀ
ਪ੍ਰੋਜੈਕਟ ਲਈ 3.77 ਕਰੋੜ ਰੁਪਏ ਕੀਤੇ ਮਨਜ਼ੂਰ
ਐਸ.ਏ.ਐਸ. ਨਗਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਚੱਪੜਚਿੜੀ ਖੁਰਦ ਤੋਂ ਚੱਪੜਚਿੜੀ ਕਲਾਂ ਸੜਕ ਦੇ ਨਵੀਨੀਕਰਨ ਲਈ ਪ੍ਰਸ਼ਾਸਕੀ ਪ੍ਰਵਾਨਗੀ ਦੇ ਦਿੱਤੀ ਹੈ, ਜੋ ਕਿ ਇਤਿਹਾਸਕ ਸਥਾਨ ਚੱਪੜਚਿੜੀ ਲਈ ਇੱਕ ਮਹੱਤਵਪੂਰਨ ਪਹੁੰਚ ਮਾਰਗ ਹੈ।
ਐਸ.ਏ.ਐਸ. ਨਗਰ ਦੇ ਵਿਧਾਇਕ ਕੁਲਵੰਤ ਸਿੰਘ ਨੇ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰਾ ਕਰਨ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਸੜਕ ਖਰੜ-ਲਾਂਡਰਾ ਸੜਕ ਦੇ ਇੱਕ ਮਹੱਤਵਪੂਰਨ ਸਮਾਨਾਂਤਰ ਰਸਤੇ ਵਜੋਂ ਕੰਮ ਕਰਦੀ ਹੈ। ਨਵੀਨੀਕਰਨ ਦੇ ਕੰਮ ਦੇ ਮੁਕੰਮਲ ਹੋਣ ਨਾਲ, ਇਹ ਸੜਕ ਖਰੜ-ਲਾਂਡਰਾ ਮਾਰਗ 'ਤੇ ਆਵਾਜਾਈ ਦੀ ਭੀੜ ਨੂੰ ਵੀ ਘਟਾਉਣ ਵਿੱਚ ਮਦਦ ਕਰੇਗੀ।
ਉਨ੍ਹਾਂ ਦੱਸਿਆ ਕਿ ਇਸ ਨਵੀਨੀਕਰਨ ਪ੍ਰੋਜੈਕਟ ਵਿੱਚ 377.45 ਲੱਖ ਰੁਪਏ ਦੀ ਲਾਗਤ ਨਾਲ 2.05 ਕਿਲੋਮੀਟਰ ਲੰਬੀ 18 ਫੁੱਟ ਚੌੜੀ ਸੜਕ ਨੂੰ ਅਪਗ੍ਰੇਡ ਕਰਨਾ ਸ਼ਾਮਲ ਹੈ। ਇਸ ਦੇ ਕੰਮ ਦੇ ਦਾਇਰੇ ਵਿੱਚ 80 ਐਮ ਐਮ ਇੰਟਰਲਾਕਿੰਗ ਪੇਵਰ (ਟਾਇਲ) ਲਾਉਣਾ ਅਤੇ ਉਸ ਤੋਂ ਬਾਅਦ 8.52 ਲੱਖ ਰੁਪਏ ਦੀ ਪੰਜ ਸਾਲਾਂ ਦੀ ਦੇਖਭਾਲ ਦਾ ਪ੍ਰਬੰਧ ਸ਼ਾਮਲ ਹੈ। ਵਿਧਾਇਕ ਦੇ ਅਨੁਸਾਰ ਮੋਹਾਲੀ ਤੋਂ ਖਰੜ-ਲਾਂਡਰਾ ਸੜਕ ਤੱਕ ਇਸਦੇ ਮਹੱਤਵਪੂਰਨ ਸੰਪਰਕ ਕਾਰਨ ਵੱਡੀ ਆਵਾਜਾਈ ਦਾ ਸਾਹਮਣਾ ਕਰਨਾ ਪੈਂਦਾ ਹੋਣ ਕਾਰਨ, ਨਵੀਨੀਕਰਨ ਦੀ ਤੁਰੰਤ ਲੋੜ ਸੀ।
ਵਿਧਾਇਕ ਨੇ ਅੱਗੇ ਕਿਹਾ ਕਿ ਕੱਲ੍ਹ ਨਿਕਲਣ ਵਾਲੇ ਫਤਿਹ ਮਾਰਚ ਦੇ ਸੰਦਰਭ ਵਿੱਚ, ਖ਼ਰਾਬ ਸੜ੍ਹਕ ਨੂੰ ਨਿਰਵਿਘਨ ਚੱਲਣਯੋਗ ਬਣਾਉਣ ਦੇ ਅਰਜ਼ੀ ਉਪਾਅ ਵਜੋਂ, ਸੰਗਤਾਂ ਦੀ ਸਹੂਲਤ ਲਈ, ਲੋਕ ਨਿਰਮਾਣ ਵਿਭਾਗ ਦੁਆਰਾ ਤੁਰੰਤ ਗੈਰ-ਬਿਟੂਮਿਨਸ (ਲੁੱਕ ਤੋਂ ਬਗੈਰ) ਪੈਚਵਰਕ ਸ਼ੁਰੂ ਕਰ ਦਿੱਤਾ ਗਿਆ ਹੈ ਜੋ ਕਿ ਐਤਵਾਰ ਸ਼ਾਮ ਤੱਕ ਪੂਰਾ ਲਿਆ ਜਾਵੇਗਾ।
ਵਿਧਾਇਕ ਕੁਲਵੰਤ ਸਿੰਘ ਨੇ ਵਿਸ਼ਵਾਸ਼ ਦਿਵਾਇਆ ਕਿ ਆਉਣ ਵਾਲੇ ਦਿਨਾਂ ਵਿੱਚ ਸ. ਭਗਵੰਤ ਸਿੰਘ ਮਾਨ ਸਰਕਾਰ ਦੀ ਬੁਨਿਆਦੀ ਢਾਂਚੇ ਦੇ ਵਿਕਾਸ ਪ੍ਰਤੀ ਵਚਨਬੱਧਤਾ ਤਹਿਤ ਮੋਹਾਲੀ ਹਲਕੇ ਦੀਆਂ ਕਈ ਹੋਰ ਲਿੰਕ ਸੜਕਾਂ ਦਾ ਵੀ ਨਵੀਨੀਕਰਨ ਅਤੇ ਮੁਰੰਮਤ ਕੀਤੀ ਜਾਵੇਗੀ।