ਕੋਰੋਨਾ ਵਾਇਰਸ : ਪੰਜਾਬ 'ਚ ਇਕ ਹੋਰ ਮੌਤ, 86 ਨਵੇਂ ਪਾਜ਼ੇਟਿਵ ਮਾਮਲੇ ਆਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਾਜ਼ੇਟਿਵ ਕੇਸਾਂ ਦਾ ਕੁੱਲ ਅੰਕੜਾ ਹੋਇਆ 2800 ਤੋਂ ਪਾਰ, 7 ਕੋਰੋਨਾ ਪੀੜਤ ਆਕਸੀਜਨ 'ਤੇ, 4 ਵੈਂਟੀਲੇਟਰ 'ਤੇ

File Photo

ਚੰਡੀਗੜ੍ਹ, 10 ਜੂਨ (ਗੁਰਉਪਦੇਸ਼ ਭੁੱਲਰ) : ਪੰਜਾਬ 'ਚ ਕੋਰੋਨਾ ਵਾਇਰਸ ਪੀੜਤ ਪਾਜ਼ੇਟਿਵ ਕੇਸਾਂ ਦਾ ਅੰਕੜਾ ਫਿਰ ਤੇਜ਼ੀ ਨਾਲ ਵਧਣ ਲੱਗਾ ਹੈ। ਪਿਛਲੇ 24 ਘੰਟਿਆਂ ਦੌਰਾਨ ਅੱਜ ਸ਼ਾਮ ਤਕ 86 ਨਵੇਂ ਹੋਰ ਪਾਜ਼ੇਟਿਵ ਕੋਰੋਨਾ ਮਾਮਲੇ ਸਾਹਮਣੇ ਆਏ ਹਨ। ਜ਼ਿਕਰਯੋਗ ਹੈ ਕਿ ਸੂਬੇ 'ਚ 14 ਜ਼ਿਲ੍ਹਿਆਂ 'ਚ ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਫ਼ਰੀਦਕੋਟ ਜ਼ਿਲ੍ਹੇ ਦੇ ਕੋਟਕਪੂਰਾ 'ਚ ਇਕੋ ਪ੍ਰਵਾਰ ਦੇ 13 ਜੀਆਂ ਦੀ ਰੀਪੋਰਟ ਪਾਜ਼ੇਟਿਵ ਆਈ ਹੈ ਅਤੇ ਜ਼ਿਲ੍ਹਾ ਗੁਰਦਾਸਪੁਰ, ਜਿੱਥੇ ਪਿਛਲੇ ਦਿਨਾਂ 'ਚ ਕੇਸ ਕਾਫ਼ੀ ਘੱਟ ਗਏ ਸਨ, 13 ਨਵੇਂ ਪਾਜ਼ੇਟਿਵ ਮਾਮਲੇ ਆਏ ਹਨ।

24 ਘੰਟਿਆਂ ਦੌਰਾਨ ਹੀ ਕੋਰੋਨਾ ਨਾਲ ਜ਼ਿਲ੍ਹਾ ਜਲੰਧਰ ਦੇ ਸ਼ਾਹਕੋਟ ਖੇਤਰ 'ਚ ਕੋਰੋਨਾ ਨਾਲ ਇਕ ਹੋਰ ਮੌਤ ਵੀ ਹੋਈ ਜਿਸ ਨਾਲ ਸੂਬੇ 'ਚ ਜਿਥੇ ਮੌਤਾਂ ਦਾ ਅੰਕੜਾ 56 ਹੋ ਗਿਆ ਹੈ, ਉਥੇ ਪਾਜ਼ੇਟਿਵ ਕੇਸਾਂ ਦਾ ਅੰਕੜਾ ਵੀ 2800 ਤੋਂ ਪਾਰ ਹੋ ਗਿਆ ਹੈ। 65 ਹੋਰ ਮਰੀਜ਼ ਅੱਜ ਠੀਕ ਵੀ ਹੋਏ ਹਨ ਜਿਸ ਨਾਲ ਠੀਕ ਹੋਣ ਵਾਲਿਆਂ ਦੀ ਕੁਲ ਗਿਣਤੀ ਵੀ 2232 ਹੋ ਗਈ ਹੈ। ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘਟਣ ਤੋਂ ਬਾਅਦ ਹੁਣ ਮੁੜ ਵਧਣ ਲੱਗੀ ਹੈ।

ਇਸ ਸਮੇਂ 518 ਮਰੀਜ਼ ਇਲਾਜ ਅਧੀਨ ਹਨ। ਇਨ੍ਹਾਂ 'ਚੋਂ 11 ਦੀ ਹਾਲਤ ਗੰਭੀਰ ਹੈ। 7 ਆਕਸੀਜਨ 'ਤੇ ਹਨ ਅਤੇ 4 ਵੈਂਟੀਲੇਟਰ 'ਤੇ ਮੌਤ ਨਾਲ ਜੰਗ ਲੜ ਰਹੇ ਹਨ। ਇਸ ਸਮੇਂ ਸੱਭ ਤੋਂ ਵੱਧ ਪਾਜ਼ੇਟਿਵ ਅੰਕੜਾ ਜ਼ਿਲ੍ਹਾ ਅਮ੍ਰਿਤਸਰ ਦਾ ਹੈ, ਜਿਥੇ ਸ਼ਾਮ ਤਕ ਕੁਲ ਗਿਣਤੀ 515 ਸੀ। ਇਨ੍ਹਾਂ 'ਚੋਂ 356 ਠੀਕ ਹੋ ਚੁੱਕੇ ਹਨ ਅਤੇ 148 ਇਲਾਜ ਅਧੀਨ ਹਨ। ਇਸ ਤੋਂ ਬਾਅਦ ਜਲੰਧਰ, ਲੁਧਿਆਣਾ 'ਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਜ਼ਿਆਦਾ ਹੈ।

ਜਲੰਧਰ 'ਚ ਕੋਰੋਨਾ ਕਾਰਨ ਹੋਈ ਮੌਤ
ਜਲੰਧਰ, 10 ਜੂਨ (ਲੱਕੀ/ਸ਼ਰਮਾ) : ਜਲੰਧਰ 'ਚ ਅੱਜ ਕੋਰੋਨਾ ਪੀੜਤ ਇਕ ਹੋਰ ਮਰੀਜ਼ ਦੀ ਮੌਤ ਹੋ ਜਾਣ ਨਾਲ ਹੁਣ ਤਕ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 10 ਹੋ ਗਈ ਹੈ। ਜਾਣਕਾਰੀ ਅਨੁਸਾਰ ਮੋਤੀ ਨਗਰ, ਮਕਸੂਦਾਂ ਦੇ ਰਹਿਣ ਵਾਲੇ ਦੇਵਦੱਤ ਸ਼ਰਮਾ (86) ਦਾ ਪਠਾਨਕੋਟ ਰੋਡ 'ਤੇ ਸਥਿਤ ਇਕ ਨਿਜੀ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ। ਉਸ ਦੀ ਅੱਜ ਕੋਰੋਨਾ ਰੀਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਉਸ ਨੂੰ ਆਈ.ਐਮ.ਏ. ਦੇ ਸ਼ਾਹਕੋਟ ਵਾਲੇ ਹਸਪਤਾਲ 'ਚ ਭੇਜਿਆ ਗਿਆ ਅਤੇ ਇਸ ਦੌਰਾਨ ਉਸ ਨੇ ਰਸਤੇ 'ਚ ਹੀ ਦਮ ਤੋੜ ਦਿਤਾ। ਇਸ ਦੇ ਨਾਲ ਹੀ ਅੱਜ ਜਲੰਧਰ 'ਚ ਕੋਰੋਨਾ ਦੇ ਚਾਰ ਮਾਮਲੇ ਸਾਹਮਣੇ ਆਏ ਹਨ।

ਜੂਆ ਖੇਡਣ ਦੇ ਦੋਸ਼ 'ਚ ਫੜੇ ਵਿਅਕਤੀ ਦੀ ਰੀਪੋਰਟ ਪਾਜ਼ੇਟਿਵ
ਆਦਮਪੁਰ/ਜਲੰਧਰ, 10 ਜੂਨ (ਪ੍ਰਸ਼ੋਤਮ) : ਪਿਛਲੇ ਦਿਨੀਂ ਪੁਲਿਸ ਦੁਆਰਾ ਜੂਆ ਖੇਡਣ ਦੇ ਦੋਸ਼ ਵਿਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਸੀ। ਦੋਸ਼ੀ ਪ੍ਰਵੀਨ ਮਹਾਜਨ ਵਾਸੀ ਅੰਮ੍ਰਿਤਸਰ ਦਾ ਟੈਸਟ ਹੋਣ ਤੋਂ ਬਾਅਦ ਉਹ ਕੋਰੋਨਾ ਪਾਜ਼ੇਟਿਵ ਪਾਇਆ ਗਿਆ, ਜਿਸ ਤੋਂ ਬਾਅਦ ਸੈਸ਼ਨ ਜੱਜ ਜਲੰਧਰ ਦੇ ਤਿੰਨ ਜੁਡੀਸ਼ੀਅਲ ਮੈਜਿਸਟਰੇਟ, ਮਿਸ ਸ਼ੈਰਲ ਸੋਹੀ, ਸੁਧਰੀ ਕੁਮਾਰ ਅਤੇ ਸ਼ਮਿੰਦਰਪਾਲ ਸਿੰਘ ਸੋਹੀ, ਮੈਂਬਰ ਮਿਸ ਗੀਤਿਕਾ ਸਟੇਨੋ, ਗੁਰਬਿੰਦਰ ਸਿੰਘ, ਲਛਮਣ ਸਿੰਘ, ਪਿਆਰਾ ਸਿੰਘ ਅਤੇ ਪਰਸ਼ੋਤਮ ਸਿੰਘ ਨੂੰ 14 ਦਿਨਾਂ ਤੋਂ ਉਨ੍ਹਾਂ ਦੇ ਘਰ ਵਿਚ ਇਕਾਂਤਵਾਸ ਰਖਿਆ ਗਿਆ ਹੈ। ਇਸ ਤੋਂ ਇਲਾਵਾ ਦੋਸ਼ੀ ਦੇ ਵਕੀਲ ਸੰਜੀਵ ਬਾਂਸਲ ਨੂੰ ਵੀ ਉਸ ਦੇ ਘਰ ਵਿਚ ਇਕਾਂਤਵਾਸ ਵਿਚ ਰਹਿਣ ਦੇ ਆਦੇਸ਼ ਦਿਤੇ ਗਏ ਹਨ।