ਪੰਜਾਬ ਸਰਕਾਰ ਦਾ ਵੱਡਾ ਕਦਮ, ਲੌਕਡਾਊਨ ਫਿਰ ਤੋਂ ਕੀਤਾ ਲਾਗੂ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਅੰਦਰ ਸਨਿੱਚਰਵਾਰ ਅਤੇ ਐਤਵਾਰ ਨੂੰ ਦੁਕਾਨਾਂ ਤੇ ਆਵਾਜਾਈ ਬੰਦ ਰੱਖਣ ਦਾ ਐਲਾਨ

CM Amrinder Singh

ਚੰਡੀਗੜ੍ਹ : ਵਧਦੇ ਕਰੋਨਾ ਮੀਟਰ ਨੇ ਲੋਕਾਂ ਦੇ ਨਾਲ-ਨਾਲ ਸਰਕਾਰ ਦੀ ਚਿੰਤਾ ਵਧਾ ਦਿਤੀ ਹੈ। ਪੰਜਾਬ ਅੰਦਰ ਜਿਸ ਰਫ਼ਤਾਰ ਨਾਲ ਕਰੋਨਾ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ, ਉਸ ਨੂੰ ਵੇਖਦਿਆਂ ਪੰਜਾਬ ਸਰਕਾਰ ਨੇ ਮੁੜ ਸਖ਼ਤ ਕਦਮ ਚੁੱਕਣੇ ਸ਼ੁਰੂ ਕਰ ਦਿਤੇ ਹਨ। ਇਸੇ ਤਹਿਤ ਸਰਕਾਰ ਨੇ ਸੂਬੇ ਅੰਦਰ ਸਨਿੱਚਰਵਾਰ ਅਤੇ ਐਤਵਾਰ ਨੂੰ ਪੂਰਨ ਡੌਕਡਾਊਨ ਦਾ ਐਲਾਨ ਕਰ ਦਿਤਾ ਗਿਆ ਹੈ।

ਸਰਕਾਰ ਵਲੋਂ ਜਾਰੀ ਕੀਤੇ ਗਏ ਨਵੇਂ ਹੁਕਮਾਂ ਮੁਤਾਬਕ ਹੁਣ ਇਨ੍ਹਾਂ ਦੋਵਾਂ ਦਿਨਾਂ ਦੌਰਾਨ ਸੂਬੇ ਅੰਦਰ ਕੋਈ ਵੀ ਦੁਕਾਨ ਖੋਲ੍ਹਣ ਦੀ ਇਜਾਜ਼ਤ ਨਹੀਂ ਹੋਵੇਗੀ। ਇਸ ਦੇ ਨਾਲ ਨਾਲ ਸੁਬੇ ਅੰਦਰ ਆਵਾਜਾਈ 'ਤੇ ਵੀ ਪਾਬੰਦੀ ਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਦਿਨ ਸੂਬੇ ਦੀਆਂ ਸੜਕਾਂ 'ਤੇ ਕੇਵਲ ਉਹੀ ਲੋਕ ਸਫ਼ਰ ਕਰ ਸਕਣਗੇ ਜਿਨ੍ਹਾਂ ਕੋਲ ਈ-ਪਾਸ ਹੋਵੇਗਾ। ਸਰਕਾਰ ਦੇ ਹੁਕਮਾਂ ਮੁਤਾਬਕ ਉਦਯੋਗਿਕ ਇਕਾਈਆਂ ਨੂੰ ਹਫ਼ਤੇ ਦੇ 7 ਦਿਨ ਖੋਲ੍ਹਣ ਦੀ ਇਜਾਜ਼ਤ ਹੋਵੇਗੀ ਜਦਕਿ ਬਾਜ਼ਾਰ ਅਤੇ ਹੋਰ ਦੁਕਾਨਾਂ ਬੰਦ ਰੱਖੀਆਂ ਜਾਣਗੀਆਂ।

ਦਿੱਲੀ ਤੋਂ ਆਉਣ ਵਾਲੇ ਵਾਹਨਾਂ 'ਤੇ ਵਿਸ਼ੇਸ਼ ਰੱਖਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਨਵੇਂ ਹੁਕਮਾਂ ਦੇ ਲਾਗੂ ਹੋਣ ਤੋਂ ਬਾਅਦ ਹੁਣ ਦਿੱਲੀ ਤੋਂ ਆਉਣ ਵਾਲਿਆਂ ਨੂੰ ਸਰਟੀਫ਼ਿਕੇਟ ਦੇਣਾ ਜ਼ਰੂਰੀ ਹੋਵੇਗਾ। ਦਿੱਲੀ ਤੋਂ ਰੋਜ਼ਾਨਾ 500 ਤੋਂ 800 ਵਾਹਨਾਂ ਦੀ ਆਮਦ ਹੋ ਰਹੀ ਹੈ। ਦਿੱਲੀ ਵਿਚ ਵਧਦੇ ਕਰੋਨਾ ਕੇਸਾਂ ਤੋਂ ਬਾਅਦ ਜਿਸ ਤਰ੍ਹਾਂ ਪੰਜਾਬ ਅੰਦਰ ਵੀ ਕਰੋਨਾ ਮੀਟਰ ਨੇ ਰਫ਼ਤਾਰ ਫੜੀ ਹੈ, ਉਸ ਨੇ ਦਿੱਲੀ ਤੋਂ ਵਾਹਨਾਂ ਦੀ ਆਮਦ 'ਤੇ ਵੀ ਸਵਾਲੀਆਂ ਚਿੰਨ੍ਹ ਲਗਾ ਦਿਤਾ ਹੈ। ਪੰਜਾਬ ਅੰਦਰ ਕਰੋਨਾ ਕੇਸਾਂ 'ਚ ਇਕਦਮ ਵਾਧਾ ਦਰਜ ਕੀਤਾ ਗਿਆ ਹੈ।

ਪੰਜਾਬ ਦੇ ਅੰਮ੍ਰਿਤਸਰ, ਜਲੰਧਰ ਅਤੇ ਪਠਾਨਕੋਟ ਜ਼ਿਲ੍ਹਿਆਂ ਅੰਦਰ ਕਰੋਨਾ ਮੀਟਰ ਨੇ ਤੇਜ਼ ਰਫ਼ਤਾਰ ਨਾਲ ਦੌੜਨਾ ਸ਼ੁਰੂ ਹੋ ਗਿਆ ਹੈ। ਇਕੱਲੇ ਅੰਮ੍ਰਿਤਸਰ ਵਿਚ ਹੀ ਪਿਛਲੇ 24 ਘੰਟਿਆਂ ਦੌਰਾਨ 3 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਕਰੋਨਾ ਦੇ 30 ਤੋਂ ਵਧੇਰੇ ਪਾਜ਼ੇਟਿਵ ਕੇਸ ਵੀ ਸਾਹਮਣੇ ਆ ਚੁੱਕੇ ਹਨ।

ਸੂਬੇ ਅੰਦਰ ਕਰੋਨਾ ਪੀੜਤ ਮਰੀਜ਼ਾਂ ਦਾ ਅੰਕੜਾ 2900 ਤੋਂ ਪਾਰ ਪਹੁੰਚ ਚੁੱਕਾ ਹੈ ਜਿਸ ਨੇ ਸਰਕਾਰ ਤੋਂ ਇਲਾਵਾ ਲੋਕਾਂ ਅੰਦਰ ਚਿੰਤਾ ਦਾ ਮਾਹੌਲ ਪੈਦਾ ਕਰ ਦਿਤਾ ਹੈ। ਇਸ ਦੇ ਮੱਦੇਨਜ਼ਰ ਸਰਕਾਰ ਨੇ ਇਤਿਆਦੀ ਕਦਮ ਚੁਕਣੇ ਸ਼ੁਰੂ ਕਰ ਦਿਤੇ ਹਨ। ਕਰੋਨਾ ਕੇਸਾਂ 'ਚ ਤੇਜ਼ੀ ਰਹਿਣ ਦੀ ਸੂਰਤ 'ਚ ਆਉਂਦੇ ਦਿਨਾਂ 'ਚ ਸਰਕਾਰ ਹੋਰ ਸਖ਼ਤ ਫ਼ੈਸਲੇ ਵੀ ਲੈ ਸਕਦੀ ਹੈ।