ਪ੍ਰਵਾਸੀ ਮਜ਼ਦੂਰਾਂ ਦੀ ਘਾਟ ਸਥਾਨਕ ਲੇਬਰ ਨੇ ਵਧਾਏ ਰੇਟ, ਖ਼ੁਦ ਹੀ ਝੋਨਾ ਲਗਾਉਣ ਲੱਗੇ ਕਿਸਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਿਦੇਸ਼ਾਂ ਵਿਚ ਪੰਜਾਬੀ ਮੁੰਡੇ ਮਜ਼ਦੂਰੀ ਕਰ ਸਕਦੇ ਨੇ ਤਾਂ ਅਪਣੇ ਖੇਤਾਂ 'ਚ ਕਾਹਦੀ ਸੰਗ : ਪੀਰ ਮੁਹੰਮਦ

1

ਫ਼ਿਰੋਜ਼ਪੁਰ, 11 ਜੂਨ (ਜਗਵੰਤ ਸਿੰਘ ਮੱਲ੍ਹੀ) : ਕੌਮਾਂਤਰੀ ਮਹਾਮਾਰੀ ਕੋਵਿਡ-19 ਨੇ ਬੰਦੇ ਨੂੰ ਜ਼ਮੀਨੀ ਹਕੀਕਤਾਂ ਨਾਲ ਦੋ-ਚਾਰ ਹੋਣ ਦਾ ਵੱਲ ਵੀ ਸਿਖਾ ਦਿੱਤਾ ਲੱਗਦਾ ਹੈ। ਹੁਣ ਜਿੱਥੇ ਬੰਦਾ ਬੰਦੇ ਤੋਂ ਕਰੋਨਾ ਦੇ ਭੈਅ ਦੇ ਚਲਦਿਆਂ ਡਰਦਾ ਹੈ । ਉਥੇ ਲੌਕ ਡਾਉਨ ਕਾਰਨ ਪ੍ਰਵਾਸੀ ਮਜ਼ਦੂਰਾਂ ਦੀ ਹਿਜ਼ਰਤ ਨੇ ਕਿਸਾਨਾਂ ਨੂੰ ਵੀ ਖੁਦ ਹੱਥੀ ਕੰਮ ਕਰਨ ਦੀ ਜਾਚ ਸਿਖਾ ਦਿੱਤੀ ਲੱਗਦੀ ਹੈ। ਪ੍ਰਵਾਸੀ ਮਜ਼ਦੂਰਾਂ ਦੀ ਪਿੱਤਰੀ ਸੂਬਿਆਂ ਨੂੰ ਹਿਜ਼ਰਤ ਅਤੇ ਪੰਜਾਬੀ ਲੇਬਰ ਵੱਲੋਂ ਝੋਨੇ ਦੀ ਲਵਾਈ ਦੇ ਰੇਟ ਵੱਧ ਮੰਗੇ ਜਾਣ ਕਾਰਨ ਜ਼ਿਆਦਾਤਰ ਕਿਸਾਨਾਂ ਨੇ ਸਿੱਧੀ ਬਿਜਾਈ ਦੇ ਨਾਲ ਨਾਲ ਖੁਦ ਆਪਣੇ ਹੱਥੀਂ ਝੋਨਾ ਲਾਉਣ ਨੂੰ ਵੀ ਤਰਜੀਹ ਦੇਣੀ ਸ਼ੁਰੁ ਕਰ ਦਿੱਤੀ ਹੈ।

ਖੇਤਾਂ 'ਚ ਸਿੱਧਾ ਝੋਨੇ ਲਾਉਂਦਾ ਕਿਸਾਨ ਪਰਿਵਾਰ

ਮਜਦੂਰਾਂ ਦੀ ਘਾਟ ਤਾਂ ਇੱਕ ਪਾਸੇ ਬੇਸ਼ੱਕ ਨਹਿਰਾਂ ਵਿੱਚ ਪਾਣੀ ਵੀ ਸਰਕਾਰ ਨੇ ਅਜੇ ਪੂਰੀ ਤਰ੍ਹਾਂ ਨਹੀਂ ਛੱਡਿਆ ਅਤੇ ਬਿਜਲੀ ਸਪਲਾਈ ਦੀ ਵੀ ਘਾਟ ਵਰਗੀਆਂ ਹਰ ਪਾਸੇ ਦੀਆਂ ਪ੍ਰੇਸ਼ਾਨੀਆਂ ਨੂੰ ਮਾਤ ਦੇ ਰਹੇ ਕਿਸਾਨਾਂ ਅਜਿਹੀ ਸਥਿਤੀ ਨੂੰ ਇੱਕ ਵੰਗਾਰ ਵਜੋਂ ਕਬੂਲ ਕੀਤਾ ਹੈ। ਪੱਤਰਕਾਰਾਂ ਦੀ ਟੀਮ ਵੱਲੋਂ ਸਰਕਾਰੀ ਤੌਰ 'ਤੇ ਝੋਨਾ ਲਾਉਣਾ ਸ਼ੁਰੂ ਕਰਨ ਦੀ ਤਾਰੀਖ ਦੇ ਦੋ ਦਿਨ ਬਾਅਦ ਜਦੋਂ ਇਲਾਕੇ ਦਾ ਦੌਰਾ ਕੀਤਾ ਗਿਆ ਤਾਂ ਕਈ ਥਾਈਂ ਕਿਸਾਨਾਂ ਪਰਿਵਾਰਾਂ ਵੱਲੋਂ ਖੁਦ ਝੋਨਾ ਲਾਇਆ ਜਾ ਰਿਹਾ ਸੀ।  ਪਿੰਡ ਪੀਰ ਮਹੁੰਮਦ ਦੇ ਕਿਸਾਨ ਹਰਦੀਪ ਸਿੰਘ  ਜਿਸ ਨੇ ਪੰਜ ਏਕੜ ਝੋਨਾ ਲਾਉਣਾ ਹੈ ਉਹ ਹੁਣ ਤੱਕ ਦੋ ਏਕੜ ਝੋਨਾ ਆਪਣੇ ਪਰਿਵਾਰ ਨਾਲ ਮਿਲ ਕੇ ਲਾ ਚੁੱਕਾ ਹੈ । ਬੀਕੇਯੂ ਦੇ ਸੂਬਾਈ ਆਗੂ ਲਖਵਿੰਦਰ ਸਿੰਘ ਪੀਰਮੁਹੰਮਦ ਨੇ ਅਜਿਹੀ ਪਿਰਤ ਨੂੰ ਇੱਕ ਚੰਗਾ ਸ਼ਗਨ ਦੱਸਦਿਆਂ ਆਖਿਆ ਕਿ ਜੇ ਬਾਹਰਲੇ ਦੇਸ਼ਾਂ ਵਿੱਚ ਜਾ ਕੇ 15 ਤੋਂ 16 ਘੰਟੇ ਕੰਮ ਪੰਜਾਬੀ ਮੁੰਡੇ ਕੁੜੀਆਂ ਕਰ ਸਕਦੇ ਹਨ ਤਾਂ ਖੁਦ ਦੇ ਮਾਲਕੀ ਵਾਲੇ ਖੇਤਾਂ 'ਚ ਪੰਜਾਬੀ ਨੌਜਵਾਨਾਂ ਆਪਣਾ ਕੰਮ ਕਰਨ ਵਿੱਚ ਕਿਸ ਗੱਲ ਦੀ ਸੰਗ ਸ਼ਰਮ। ਉਹਨਾਂ ਕਿਹਾ ਕਿ ਵੱਡੀ ਗਿਣਤੀ ਕਿਸਾਨਾ ਨੇ ਝੋਨੇ ਸਿੱਧੀ ਬਿਜਾਈ ਕੀਤੀ ਹੈ । ਪਰ ਫਿਰ ਵੀ ਹੱਥੀ ਝੋਨਾ ਲਾਉਣ ਵਾਲਾ ਰਕਬਾ ਕਾਫੀ ਹੈ।